ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਬਾਗਬਾਨੀ ਫ਼ਸਲਾਂ ਲਈ ਪਾਣੀ ਅਤੇ ਤੱਤਾਂ ਦੇ ਪ੍ਰਬੰਧ ਬਾਰੇ ਦੋ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਸਿਖਲਾਈ ਕੋਰਸ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਸੀ। ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਕੁੱਲ 32 ਸਿਖਿਆਰਥੀਆਂ ਨੇ ਇਸ ਸਿਖਲਾਈ ਕੋਰਸ ਵਿੱਚ ਭਾਗ ਲਿਆ ਜਿਸ ਵਿੱਚ ਬਾਗਬਾਨੀ ਅਤੇ ਭੂਮੀ ਸੰਭਾਲ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਸ਼ਾਮਿਲ ਸਨ। ਡਾ. ਰਿਆੜ ਨੇ ਦੱਸਿਆ ਕਿ ਇਸ ਕੋਰਸ ਦਾ ਉਦੇਸ਼ ਪਾਣੀ ਅਤੇ ਪੋਸ਼ਕ ਤੱਤਾਂ ਦੇ ਬਾਗਬਾਨੀ ਫ਼ਸਲਾਂ ਲਈ ਪ੍ਰਬੰਧ ਬਾਰੇ ਨਵੀਨ ਵਿਧੀਆਂ ਤੋਂ ਖੇਤੀ ਮਾਹਿਰਾਂ ਨੂੰ ਜਾਣੂੰ ਕਰਵਾਉਣਾ ਸੀ।
ਕੋਰਸ ਦੇ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਵਿਸਥਾਰ ਨਾਲ ਦੱਸਿਆ ਕਿ ਪਾਣੀ ਅਤੇ ਪੋਸ਼ਣ ਤੱਤ ਬਾਗਬਾਨੀ ਫ਼ਸਲਾਂ ਦੀ ਉਪਜ ਵਿੱਚ ਦੋ ਅਹਿਮ ਪੱਖ ਹਨ। ਪ੍ਰਸਿੱਧ ਬਾਗਬਾਨੀ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਫ਼ਲਦਾਰ ਫ਼ਸਲਾਂ ਲਈ ਪੋਸ਼ਕ ਤੱਤਾਂ ਦੀ ਲੋੜ ਉਪਰ ਜ਼ੋਰ ਦਿੰਦਿਆਂ ਫ਼ਲ ਉਤਪਾਦਨ ਦੇ ਮਿਆਰ ਅਤੇ ਮਿਕਦਾਰ ਉਪਰ ਇਸ ਦੇ ਪ੍ਰਭਾਵ ਬਾਰੇ ਗੱਲ ਕੀਤੀ। ਨਾਲ ਹੀ ਉਹਨਾਂ ਨੇ ਫ਼ਲਦਾਰ ਫ਼ਸਲਾਂ ਦੀ ਉਪਜ ਵਧਾਉਣ ਲਈ ਮਿੱਟੀ, ਪਾਣੀ ਅਤੇ ਪੱਤਿਆਂ ਦੀ ਪਰਖ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਫ਼ਲਦਾਰ ਫ਼ਸਲਾ ਦੀ ਕਾਮਯਾਬੀ ਇਹਨਾਂ ਦੋਵਾਂ ਪੱਖਾਂ ਉਪਰ ਨਿਰਭਰ ਕਰਦੀ ਹੈ। ਡਾ. ਕੁਲਬੀਰ ਸਿੰਘ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤੱਤਾਂ ਦੇ ਮਹੱਤਵ ਬਾਰੇ ਗੱਲ ਕੀਤੀ। ਡਾ. ਰਾਕੇਸ਼ ਸ਼ਾਰਦਾ ਨੇ ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਦੀ ਬਾਗਬਾਨੀ ਫ਼ਸਲਾਂ ਵਿੱਚ ਲੋੜ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ। ਡਾ. ਕਿਰਨ ਗਰੋਵਰ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ।
ਡਾ. ਅਰਪਨਦੀਪ ਕੌਰ ਬੋਪਾਰਾਏ ਨੇ ਕਿਸਾਨਾਂ ਨੂੰ ਭੂਮੀ ਪਰਖ ਕਰਾਉਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਖਾਦਾਂ ਦੀ ਢੁੱਕਵੀਂ ਵਰਤੋਂ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਕਣਕ ਦੀ ਫਸਲ ਵਿੱਚ ਵੱਖ-ਵੱਖ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ । ਡਾ. ਰਿਤੂ ਰਾਜ ਨੇ ਕਣਕ ਦੀਆਂ ਫ਼ਸਲਾਂ ਦੀਆਂ ਪ੍ਰਮੁੱਖ ਬਿਮਾਰੀਆਂ ਸੰਬੰਧੀ ਜਾਣਕਾਰੀ ਦਿੱਤੀ । ਸ੍ਰੀ ਰੁਪਿੰਦਰ ਚੰਦੇਲ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੀਆਂ ਵੱਖ-ਵੱਖ ਤਕਨਾਲੋਜੀਆਂ ਹੈਪੀਸੀਡਰ, ਸੁਪਰਸੀਡਰ ਬਾਰੇ ਦੱਸਿਆ ।
ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਕਿਸਾਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਨਾਲ ਜੁੜਨ ਲਈ ਕਿਹਾ । ਅੰਤ ਵਿੱਚ ਡਾ. ਲਖਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ ।