ਪਰਾਲੀ ਦੀ ਸੰਭਾਲ ਬਾਰੇ ਆਨਲਾਈਨ ਵੈੱਬਨਾਰ ਕਰਵਾਇਆ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ ਏ ਯੂ ਵਿਚ ਪਰਾਲੀ ਦੀ ਸੁਚੱਜੀ ਸੰਭਾਲ ਲਈ ਇਕ ਆਨਲਾਈਨ ਵੈੱਬਨਾਰ ਹੋਇਆ। ਇਸ ਵੈੱਬਨਾਰ ਵਿਚ ਖੇਤੀ ਮਾਹਿਰਾਂ, ਮਸ਼ੀਨਰੀ ਵਿਗਿਆਨੀਆਂ, ਮਸ਼ੀਨਰੀ ਨਿਰਮਾਤਾਵਾਂ ਅਤੇ ਕਿਸਾਨਾਂ ਨੇ ਭਾਗ ਲਿਆ। ਵੈੱਬਨਾਰ ਦਾ ਮਕਸਦ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੇ ਵਿਕਸਤ ਤਰੀਕਿਆਂ ਤੋਂ ਜਾਣੂੰ ਕਰਾ ਕੇਦ ਸੁਚੱਜੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ।

ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਆਪਣੇ ਸ਼ਬਦਾਂ ਨਾਲ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਪ੍ਰੇਰਿਤ ਕੀਤਾ। ਡਾ ਮਾਹਲ ਨੇ ਕਿਹਾ ਕਿ ਕੋਵਿਡ-19 ਦੇ ਸਿਹਤ ਸੰਬੰਧੀ ਖਤਰਿਆਂ ਕਾਰਨ ਪਰਾਲੀ ਨੂੰ ਸਾੜਨਾ ਹੋਰ ਵੀ ਖਤਰਨਾਕ ਰੁਝਾਨ ਹੈ। ਉਨ੍ਹਾਂ ਦੱਸਿਆ ਕਿ ਪੀ ਏ ਯੂ ਨੇ ਖੇਤ ਵਿਚ ਅਤੇ ਖੇਤ ਤੋਂ ਬਾਹਰ ਪਰਾਲੀ ਸੰਭਾਲਣ ਲਈ ਢੁਕਵੀਂ ਮਸ਼ੀਨਰੀ ਵਿਕਸਿਤ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੋਂ ਕਿਰਾਏ ਤੇ ਸੰਦ ਲੈ ਕੇ ਪਰਾਲੀ ਨੂੰ ਸੰਭਾਲਣ ਲਈ ਕਿਹਾ।

ਪੰਜਾਬ ਰਿਮੋਟ ਸੈਂਸਿੰਗ ਕੇਂਦਰ ਲੁਧਿਆਣਾ ਤੋਂ ਡਾ ਅਨਿਲ ਸੂਦ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪੀ ਏ ਯੂ, ਰਾਜ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਪਰਾਲੀ ਸਾੜਨ ਦੇ ਰੁਝਾਨ ਵਿਚ ਕਮੀ ਆਈ ਹੈ ਅਤੇ ਇਹ ਉਸਾਰੂ ਰੁਚੀ ਹੈ।  ਅਟਾਰੀ ਦੇ ਨਿਰਦੇਸ਼ਕ ਡਾ ਰਾਜਬੀਰ ਬਰਾੜ ਨੇ ਪਰਾਲੀ ਦੀ ਸੰਭਾਲ ਲਈ ਪੀ ਏ ਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਕਿਸਾਨਾਂ ਵਿਚ ਫੈਲਾਈ ਚੇਤਨਾ ਦੀ ਪ੍ਰਸ਼ੰਸਾ ਕੀਤੀ। ਖੇਤੀ ਇੰਜਨੀਅਰਿੰਗ ਦੇ ਜੁਆਇੰਟ ਨਿਰਦੇਸ਼ਕ ਡਾ ਮਨਮੋਹਨ ਕਾਲਰਾ ਨੇ ਪਰਾਲੀ ਸੰਭਾਲ ਲਈ ਵਰਤੋਂ ਵਿਚ ਆਉਣ ਵਾਲੀਆਂ ਮਸ਼ੀਨਾਂ ਉੱਪਰ ਰਾਜ ਸਰਕਾਰ ਵਲੋਂ ਸਬਸਿਡੀ ਦੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ।

ਪੀ ਏ ਯੂ ਦੇ ਭੂਮੀ ਵਿਗਿਆਨੀ ਡਾ ਆਰ ਕੇ ਗੁਪਤਾ ਨੇ ਪਰਾਲੀ ਸੰਭਾਲਣ ਦੇ ਮਿੱਟੀ ਲਈ ਗਣਕਾਰੀ ਤੱਤਾਂ ਉੱਪਰ ਰੋਸ਼ਨੀ ਪਾਈ। ਉਨ੍ਹਾਂ ਨੇ ਪਰਾਲੀ ਨੂੰ ਮਿੱਟੀ ਵਿਚ ਵਾਹੁਣ ਕਾਰਨ ਖਾਦਾਂ ਦੀ ਵਰਤੋਂ ਵਿਚ ਆਉਣ ਵਾਲੀ ਕਮੀ ਬਾਰੇ ਵਿਸਥਾਰ ਨਾਲ ਗੱਲ ਕੀਤੀ। ਡਾ.ਐੱਸ ਐੱਸ ਮਿਨਹਾਸ ਨੇ ਪਰਾਲੀ ਦੀ ਸੰਭਾਲ ਤੋਂ ਬਾਅਦ ਬੀਜੀ ਕਣਕ ਦੀ ਕਾਸ਼ਤ ਦੇ ਤਰੀਕਿਆਂ ਉੱਪਰ ਚਾਨਣਾ ਪਾਇਆ।

- Advertisement -

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ ਮਨਜੀਤ ਸਿੰਘ ਨੇ ਮਸ਼ੀਨਰੀ ਜਿਵੇਂ  ਸੁਪਰ ਐੱਸ ਐੱਮ ਐੱਸ, ਹੈਪੀ ਸੀਡਰ, ਸੁਪਰ ਸੀਡਰ, ਬੇਲਰ,ਰੋਟਾਵੇਟਰ, ਉਲਟਾਵੇਂ ਹਲ ਆਦਿ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ।  ਡਾ ਵੀ ਐੱਸ ਹਾਂਸ ਨੇ ਪਰਾਲੀ ਤੋਂ ਬਾਇਓਗੈਸ ਬਣਾਉਣ ਬਾਰੇ ਜਾਣਕਾਰੀ ਦਿੱਤੀ। ਡਾ ਸ਼ਿਵਾਨੀ ਸ਼ਰਮਾ ਨੇ ਖੁੰਬ ਉਤਪਾਦਨ ਵਿਚ ਪਰਾਲੀ ਦੀ ਵਰਤੋਂ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਇਕ ਨਵੇਂ ਪੱਖ ਤੋਂ ਵਾਧਾ ਕੀਤਾ। ਇਸ ਵੈੱਬਨਾਰ ਦੀ ਕਾਰਵਾਈ ਡਾ ਵਿਸ਼ਾਲ ਬੈਕਟਰ ਨੇ ਬਾਖ਼ੂਬੀ ਚਲਾਈ।

ਵੈੱਬਨਾਰ ਵਿਚ ਸ਼ਾਮਿਲ ਹੋਏ  ਹਰਮਿੰਦਰ ਸਿੰਘ ਸਿੱਧੂ ਨਿੱਜੀ ਸੇਵਾਕਾਰ ਅਤੇ ਸਰਬਜੀਤ ਸਿੰਘ, ਮਸ਼ੀਨਰੀ ਨਿਰਮਾਤਾ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਤਿੰਨ ਅਗਾਂਹਵਧੂ ਕਿਸਾਨਾਂ ਸੁਖਜੀਤ ਸਿੰਘ, ਹਰਵਿੰਦਰ ਸਿੰਘ ਤੇ ਦਰਸ਼ਨ ਸਿੰਘ ਨੇ ਪਰਾਲੀ ਸੰਭਾਲ ਕੇ ਵੱਖ ਵੱਖ ਫਸਲਾਂ ਜਿਵੇਂ ਕਣਕ ਤੇ ਆਲੂ ਦੀ ਖੇਤੀ ਦੇ ਤਜਰਬੇ ਸਾਂਝੇ ਕੀਤੇ।

Share this Article
Leave a comment