ਬਠਿੰਡਾ: ਬਠਿੰਡਾ ‘ਚ ਐੱਚਆਈਵੀ ਪੀੜਤ ਵਿਅਕਤੀ ਦਾ ਖੂਨ 13 ਸਾਲਾ ਬੱਚੇ ਨੂੰ ਚੜ੍ਹਾ ਦਿੱਤਾ ਗਿਆ ਸੀ। ਜਿਸ ‘ਤੇ ਹੁਣ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬਲੱਡ ਬੈਂਕ ਦੇ ਕੁਝ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਠੇਕੇਦਾਰੀ ਸਿਸਟਮ ਵਜੋਂ ਕੰਮ ਕਰ ਰਹੇ ਵਿਅਕਤੀਆਂ ਨੂੰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਜਿਸਦੇ ਰੋਸ ਵਜੋਂ ਅੱਜ ਠੇਕੇਦਾਰੀ ਸਿਸਟਮ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ, ਕਿ ਹਰ ਵਾਰ ਸਾਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। ਇਸ ਵਾਰ ਵੀ ਗਲਤੀ ਕਿਸੇ ਦੀ ਹੋਈ ਅਤੇ ਬਲੀ ਦਾ ਬੱਕਰਾ ਸਾਨੂੰ ਬਣਾਇਆ ਗਿਆ।
ਇਹਨਾ ਕੱਚੇ ਮੁਲਾਜ਼ਮਾਂ ਨੇ ਇਲਜ਼ਾਮ ਲਾਇਆ ਕਿ ਵੱਡੇ ਅਧਿਕਾਰੀਆਂ ਦੀ ਵੱਡੀ ਪਹੁੰਚ ਹੁੰਦੀ ਹੈ ਜਿਸਦੇ ਚਲਦੇ ਅੱਜ ਸਾਨੂੰ ਦੋਸ਼ੀ ਬਣਾ ਦਿੱਤਾ ਗਿਆ ਹੈ। ਬਲੱਡ ਬੈਂਕ ਵਿਚ 15 ਤੋਂ 20 ਬੰਦਿਆਂ ਦਾ ਸਟਾਫ ਹੋਣਾ ਜ਼ਰੂਰੀ ਹੈ, ਸਾਡੀ ਮੰਗ ਹੈ ਕਿ ਜਾਂਚ ਪੜਤਾਲ ਸਹੀ ਹੋਣੀ ਚਾਹੀਦੀ ਹੈ ਜੋ ਦੋਸ਼ੀ ਹੈ ਉਸਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਇੱਥੋਂ ਤੱਕ ਕਿ ਸਾਨੂੰ ਲੈਬ ਵਿੱਚ ਕੰਮ ਕਰਨ ਦੇ ਲਈ ਕੋਈ ਟ੍ਰੇਨਿੰਗ ਵੀ ਨਹੀਂ ਦਿੱਤੀ ਜਾਂਦੀ , ਫਿਰ ਵੀ ਅਸੀਂ ਕੰਮ ਕਰ ਰਹੇ ਹਾਂ। ਸਾਡੀ ਮੰਗ ਹੈ ਜੇਕਰ ਜਾਂਚ ਪੜਤਾਲ ਸਹੀ ਨਾ ਹੋਈ ਤਾਂ ਆਉਣ ਵਾਲੇ ਕੱਲ੍ਹ ਨੂੰ ਅਸੀਂ ਪੰਜਾਬ ਪੱਧਰੀ ਮੀਟਿੰਗ ਸੱਦਕੇ ਸਾਰੀਆਂ ਲੈਬਾਂ ਬੰਦ ਕਰਾਂਗੇ।