ਅੰਮ੍ਰਿਤਸਰ (ਸੁਖਚੈਨ ਸਿੰਘ): ਜ਼ਿਲ੍ਹੇ ‘ਚ ਸਥਿਤ ਨੰਗਲੀ ਪਿੰਡ ਵਿਖੇ ਨਿਹੰਗਾਂ ਦੇ ਪਹਿਰਾਵੇ ‘ਚ ਦੋ ਵਿਅਕਤੀਆਂ ਨੇ ਨੌਜਵਾਨ ਦਾ ਗੁੱਟ ਵੱਢ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਆਨੰਦ ਵਿਸ਼ਵਾਸ ਨਾਮ ਦਾ ਨੌਜਵਾਨ ਫਾਈਨਾਂਸ ਕੰਪਨੀ ਦਾ ਕਰਿੰਦਾ ਸੀ ਤੇ ਉਹ ਪਿੰਡ ‘ਚ ਪੈਸਿਆਂ ਦੀ ਰਿਕਵਰੀ ਲਈ ਗਿਆ ਸੀ। ਇਸੇ ਦੌਰਾਨ ਉਸ ‘ਤੇ ਵਿਅਕਤੀਆਂ ਨੇ ਹਮਲਾ ਬੋਲਿਆ ਤੇ 1500 ਰੁਪਏ ਲੁੱਟ ਕੇ ਫਰਾਰ ਹੋ ਗਏ।
ਉੱਥੇ ਹੀ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਪਿੱਛੇ ਬੈਠਾ ਵਿਅਕਤੀ ਨਿਹੰਗ ਦੇ ਪਹਿਰਾਵੇ ‘ਚ ਹੈ। ਫਿਲਹਾਲ ਪੁਲਿਸ ਨੇ ਹਮਲਾਵਰਾਂ ਦੀ ਭਾਲ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਪਹੁੰਚੇ ਰਸ਼ਪਾਲ ਸਿੰਘ ਨਾਮ ਦੇ ਸਥਾਨਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੱਕ ਰੌਲੇ ਦੀਆਂ ਆਵਾਜ਼ਾਂ ਆਈਆਂ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਕਿ ਨਿਹੰਗਾਂ ਦੇ ਪਹਿਰਾਵੇ ‘ਚ ਦੋ ਵਿਅਕਤੀ ਨੌਜਵਾਨ ਦਾ ਗੁੱਟ ਵੱਢ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।