ਲਾਪਤਾ ਸਰੂਪਾਂ ਬਾਰੇ ਜਾਂਚ ਰਿਪੋਰਟ ਨੂੰ ਰੱਦ ਕਰਨ ਸਿੰਘ ਸਾਹਿਬਾਨ-‘ਆਪ’

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲਾਪਤਾ 328 ਪਵਿੱਤਰ ਸਰੂਪਾਂ ਲਈ ਗਠਿਤ ਤਿੰਨ ਮੈਂਬਰੀ ਜਾਂਚ ਕਮੇਟੀ ਵੱਲੋਂ ਦਿੱਤੀ ਜਾਂਚ ਰਿਪੋਰਟ ਉੱਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਦੋਸ਼ ਲਗਾਏ ਹਨ ਕਿ ਜਾਂਚ ਪੈਨਲ ਨੇ ਸਰੂਪ ਲਾਪਤਾ ਹੋਣ ਦੇ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁੱਖ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਨੂੰ ਕਲੀਨ ਚਿੱਟੇ ਦੇਣ ਲਈ ਅਸਲੀਅਤ ਲੁਕਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਫਿਰ ਵੀ ਇਹ ਹਿਰਦੇ ਵਾਦਕ ਤੱਥ ਸਾਹਮਣੇ ਆਏ ਹਨ ਕਿ ਇੱਕ ਪਰਿਵਾਰ ਦੀ ਨਿੱਜੀ ਜਾਗੀਰ ਬਣ ਚੁੱਕੀ ਐਸਜੀਪੀਸੀ ਪ੍ਰਬੰਧਕਾਂ ਗੋਲਕਾਂ ਦੀ ਲੁੱਟ ਤੋਂ ਅੱਗੇ ਵਧ ਕੇ ‘ਗੁਰੂ’ ਦਾ ਵੀ ਬਲੈਕ ‘ਚ ਮੁੱਲ ਵਟਦੀ ਰਹੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੇਤਲੀ ਜਾਂਚ ‘ਤੇ ਆਧਾਰਿਤ ਇਸ ਜਾਂਚ ਰਿਪੋਰਟ ਨੂੰ ਰੱਦ ਕਰਨ ਅਤੇ ਪੂਰਾ ਸੱਚ ਸਾਹਮਣੇ ਲਿਆਉਣ ਲਈ ਇਸ ਪੂਰੇ ਮਾਮਲੇ ਦੀ ਐਫਆਈਆਰ ਦਰਜ ਕਰਾਉਣ ਦੇ ਆਦੇਸ਼ ਦੇਣ ਅਤੇ ਉੱਚ ਪੱਧਰੀ ਨਿਰਪੱਖ ਜਾਂਚ ਕਰਾਉਣ।

‘ਆਪ’ ਆਗੂਆਂ ਨੇ ਕਿਹਾ, ”ਬਿਨਾ ਸ਼ੱਕ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਪਰੰਤੂ ਨਿਮਾਣੇ ਸਿੱਖ ਹੋਣ ਦੇ ਨਾਤੇ ਐਸਜੀਪੀਸੀ ਦੀ ਕਾਰਜਸ਼ੈਲੀ ਬੇਹੱਦ ਨਿਰਾਸ਼ਾਜਨਕ ਹੈ। ਜੇਕਰ ਐਸਜੀਪੀਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਨਹੀਂ ਸੰਭਾਲ ਸਕਦੀ ਅਤੇ ਆਪਣੇ ਨੱਕ ਥੱਲੇ ਗੁਰੂ ਦੀ ਬੈਠਕ ‘ਚ ਵਿੱਕਰੀ ਕਰਵਾਉਂਦੀ ਰਹੀ ਹੋਵੇ ਤਾਂ ਅਜਿਹੇ ਪ੍ਰਬੰਧਕਾਂ (ਐਸਜੀਪੀਸੀ) ਅਤੇ ‘ਮਸੰਦਾਂ’ ‘ਚ ਕੀ ਫ਼ਰਕ ਰਹਿ ਗਿਆ ਹੈ।”

‘ਆਪ’ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਅਜੇ ਤੱਕ ਇਨਸਾਫ਼ ਅਤੇ ਅਸਲ ਦੋਸ਼ੀਆਂ ਨੂੰ ਸਜਾ ਨਾ ਮਿਲਣ ਕਰਕੇ ਨਾਨਕ ਨਾਮ ਲੇਵਾ ਸੰਗਤ ‘ਚ ਪਹਿਲਾਂ ਹੀ ਭਾਰੀ ਰੋਸ ਸੀ, ਪਰ ਲਾਪਤਾ ਸਰੂਪਾਂ ਦੇ ਮਾਮਲੇ ਨੇ ਦੁਨੀਆ ਭਰ ਦੀ ਸਿੱਖ ਸੰਗਤ ਦੇ ਰੋਹ ਨੂੰ ਹੋਰ ਤੀਬਰ ਕਰ ਦਿੱਤਾ ਹੈ। ਇਸ ਲਈ ਸੰਗਤ ਦੇ ਸਬਰ ਦਾ ਹੋਰ ਇਮਤਿਹਾਨ ਲੈਣ ਦੀ ਥਾਂ ਲਾਪਤਾ ਸਰੂਪਾਂ ਦੇ ਮਾਮਲੇ ਨੂੰ ਤੁਰੰਤ ਐਫਆਈਆਰ ਦਰਜ ਕਰਵਾ ਕੇ ਇਸ ਦੀ ਸਮਾਂਬੱਧ ਅਤੇ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ।

‘ਆਪ’ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਲਦੀ ਤੋਂ ਜਲਦੀ ਕਰਵਾਏ ਜਾਣ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਐਸਜੀਪੀਸੀ ਦੇ ‘ਆਧੁਨਿਕ ਮਸੰਦਾਂ’ ਕੋਲੋਂ ਨਿਜਾਤ ਪਾਉਣ ਲਈ ਸੱਚੇ-ਸੁੱਚੇ ਅਤੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇ।

Share This Article
Leave a Comment