ਤਨਖਾਹ ਬਜ਼ਟ ਨਾ ਜਾਰੀ ਹੋਣ ਦੀ ਡੀਟੀਐਫ ਵਲੋਂ ਸਖ਼ਤ ਨਿਖੇਧੀ

TeamGlobalPunjab
2 Min Read

ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਹੱਲ ਨਾ ਹੋਣ ‘ਤੇ 4 ਮਾਰਚ ਨੂੰ ਹੋਣਗੇ ਸਾਂਝੇ ਰੋਸ ਮੁਜ਼ਾਹਰੇ

ਚੰਡੀਗੜ੍ਹ – ਸੂਬੇ ਦੇ ਬਹੁਤ ਸਾਰੇ ਸੀਨੀਅਰ ਸੈਕੰਡਰੀ, ਹਾਈ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਵਿੱਚ ਲੋੜੀਦਾਂ ਤਨਖਾਹ ਬਜ਼ਟ ਨਾ ਹੋਣ ਕਾਰਨ, ਹਜਾਰਾਂ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਦੀਆਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮੀਸ਼ਨ ਦੇ ਬਕਾਏ ਰੁਕੇ ਹੋਏ ਹਨ। ਸਮੁੱਚੇ ਪੰਜਾਬ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਬਨਾਉਣ ਲਈ ਵੀ ਬਜ਼ਟ ਉਪਲੱਬਧ ਨਹੀਂ ਹੈ। ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਨੇ ਰੁਕੀਆਂ ਤਨਖਾਹਾਂ ਅਤੇ ਬਕਾਏ ਜਾਰੀ ਕਰਨ ਦਾ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ, ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ 4 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਸ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਜਨਵਰੀ ਮਹੀਨੇ ਦੀ ਤਨਖਾਹ ਤੇ ਪਿਛਲੇ ਤਨਖਾਹ ਬਕਾਏ ਦੀ ਅਦਾਇਗੀ ਲਈ ਸਮੇਂ ਸਿਰ ਬਜ਼ਟ ਉਪਲੱਬਧ ਨਾ ਕਰਵਾਉਣ ਕਰਕੇ, ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਿਆ ਵਿਭਾਗ ਵਲੋਂ ਕੁੱਝ ਅਧਿਆਪਕਾਂ ਦੇ ਤਨਖਾਹ ਏਰੀਅਰ ਕਢਵਾਉਣ ਨੂੰ ਇਸ ਸੰਕਟ ਲਈ ਜ਼ਿੰਮੇਵਾਰ ਦੱਸਣ ਦੀ ਸਖਤ ਨਿਖੇਧੀ ਕਰਦਿਆਂ ਡੀਟੀਐਫ ਆਗੂਆਂ ਨੇ ਦੱਸਿਆ ਕਿ, ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਲੰਗੜੇ ਤਨਖਾਹ ਕਮਿਸ਼ਨ ਦੇ ਵੀ ਪਿਛਲੇ ਸਾਢੇ ਪੰਜ ਸਾਲ ਦੇ ਬਕਾਏ ਅਤੇ ਮਹਿੰਗਾਈ ਭੱਤੇ ਦਾ ਏਰੀਅਰ ਦੱਬੇ ਹੋਏ ਹਨ ਅਤੇ ਸਰਕਾਰੀ ਫ਼ੈਸਲੇ ਅਨੁਸਾਰ ਮਹਿਜ਼ ਚਾਰ ਮਹੀਨਿਆਂ ਦਾ ਬਕਾਇਆ ਹੀ ਜਾਰੀ ਕੀਤਾ ਜਾ ਰਿਹਾ ਹੈ, ਜਿਸ ਲਈ ਵੀ ਲੋੜੀਂਦਾ ਬਜਟ ਨਾ ਮੌਜੂਦ ਹੋਣਾ ਸਰਕਾਰ ਦੀ ਘੋਰ ਨਾਲਾਇਕੀ ਹੈ।

ਡੀਟੀਐਫ ਆਗੂਆਂ ਨੇ ਦੱਸਿਆ ਕਿ ਸਰਕਾਰੀ ਅਲਗਰਜ਼ੀ ਕਾਰਨ ਤਨਖਾਹ ਵਿਹੂਣੇ ਅਧਿਆਪਕ, ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਸਮੇਤ ਹੋਰ ਪਰਿਵਾਰਕ ਖਰਚ ਕਰਨ, ਤੋਂ ਅਸਮਰਥ ਹੋ ਗਏ ਹਨ। ਦੂਜੇ ਪਾਸੇ ਵਿੱਤੀ ਵਰ੍ਹੇ ਦੇ ਅਖੀਰਲੇ ਮਹੀਨੇ ਹੋਣ ਕਾਰਨ, ਬਿਨਾਂ ਤਨਖ਼ਾਹ ਪ੍ਰਾਪਤ ਹੋਇਆਂ ਆਮਦਨ ਕਰ ਭਰਨ ਦੀ ਤਲਵਾਰ ਵੀ ਲਟਕੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਨੂੰ ਫੋਰੀ ਧਿਆਨ ਦੇ ਕੇ, ਸਕੂਲਾਂ ਤਕ ਲੋੜੀਂਦਾ ਬਜਟ ਭੇਜਦਿਆ ਮਸਲੇ ਦਾ ਵਾਜਿਬ ਹੱਲ ਕੱਢਣਾ ਚਾਹੀਦਾ ਹੈ।

- Advertisement -

Share this Article
Leave a comment