ਸ਼ਰਮਨਾਕ! ਤਾਰਾਂ ਨਾਲ ਮੂੰਹ-ਪੈਰ ਬੰਨ੍ਹ ਕੇ ਸੜ੍ਹਕ ‘ਤੇ ਸੁੱਟੇ ਗਏ 100 ਅਵਾਰਾ ਕੁੱਤੇ, 90 ਦੀ ਮੌਤ

TeamGlobalPunjab
1 Min Read

ਮੁੰਬਈ : ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ‘ਚ 90 ਕੁੱਤੇ ਮਰੇ ਹੋਏ ਮਿਲਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕੁੱਤਿਆਂ ਦੇ ਮੂੰਹ ਤੇ ਪੈਰ ਬੇਰਹਿਮੀ ਨਾਲ ਤਾਰਾਂ ਨਾਲ ਬੰਨੇ ਹੋਏ ਸਨ। ਲਾਸ਼ਾਂ ਸੜਨ ਤੋਂ ਬਾਅਦ ਬਦਬੂ ਆਉਣ ਲੱਗੀ ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।

ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵੀਰਵਾਰ ਸ਼ਾਮ ਪੂਰਬੀ ਮਹਾਰਾਸ਼ਟਰ ਦੇ ਇਕ ਜੰਗਲੀ ਖੇਤਰ ਦੀਆਂ ਪੰਜ ਥਾਵਾਂ ‘ਤੇ 100 ਤੋਂ ਜ਼ਿਆਦਾ ਕੁੱਤੇ ਸੜ੍ਹਕ ‘ਤੇ ਪਏ ਨਜ਼ਰ ਆਏ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੰਡ ਦੇ ਪੁਲਿਸ ਅਧਿਕਾਰੀ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਵਣ ਵਿਭਾਗ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਜਿੱਥੇ 90 ਕੁੱਤੇ ਮਰੇ ਹੋਏ ਮਿਲੇ ਉੱਥੇ ਹੀ ਜਿਊਂਦੇ ਬਚੇ ਕੁੱਤਿਆਂ ਨੂੰ ਉਨ੍ਹਾਂ ਆਜ਼ਾਦ ਕਰਵਾਇਆ।

ਅਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਕੁੱਤਿਆਂ ਦੀ ਮੌਤ ਦੇ ਸਹੀ ਕਾਰਨਾ ਦਾ ਪਤਾ ਲੱਗ ਸਕੇਗਾ। ਪੁਲਿਸ ਨੇ ਕਿਹਾ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਸ਼ਹਿਰ ਤੋਂ ਫੜ੍ਹ ਕੇ ਇਨ੍ਹਾਂ ਨੂੰ ਮਾਰਿਆ ਗਿਆ ਹੋਵੇ ਤੇ ਉਸ ਤੋਂ ਬਾਅਦ ਲਾਸ਼ਾਂ ਜੰਗਲੀ ਖੇਤਰ ‘ਚ ਸੁੱਟ ਦਿੱਤੀਆਂ ਗਈਆਂ। ਫਿਲਹਾਲ ਪਸ਼ੂ ਕਰੂਰਤਾ ਨਿਵਾਰਣ ਐਕਟ 1960 ਅਤੇ ਭਾਰਤੀ ਦੰਡਾਵਲੀ ਦੀ ਧਾਰਾ ਤਹਿਤ ਅਣਪਛਾਤਿਆਂ ਖ਼ਿਲਾਫ਼ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ।

Share this Article
Leave a comment