ਸੜਕ ਹਾਦਸੇ ਨੇ ਨਿਗਲੇ ਇੱਕੋ ਪਰਿਵਾਰ ਦੇ 9 ਜੀਅ, ਇੱਕ ਦੀ ਹਾਲਤ ਨਾਜ਼ੁਕ

TeamGlobalPunjab
1 Min Read

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਨਵਾਬ ਗੰਜ ਥਾਣਾ ਇਲਾਕੇ ‘ਚ ਅੱਜ ਤੜਕਸਾਰ 5 ਵਜੇ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ‘ਚ ਇਕੋ ਪਰਿਵਾਰ ਦੇ 9 ਜੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਿਨ੍ਹਾਂ ‘ਚ 5 ਆਦਮੀ, 3 ਔਰਤਾਂ ਅਤੇ ਇਕ ਬੱਚਾ ਸ਼ਾਮਲ ਸੀ। ਹਾਦਸੇ ‘ਚ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ‘ਚ 10 ਲੋਕ ਸਵਾਰ ਸਨ ਜੋ ਕਿ ਹਰਿਆਣਾ ਤੋਂ ਬਿਹਾਰ ਜਾ ਰਹੇ ਸਨ।

ਪੁਲਿਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਬਿਹਾਰ ਦੇ ਭੋਜਪੁਰ ਦੇ ਰਹਿਣ ਵਾਲੇ ਹਨ। ਲੋਕਾਂ ਨੇ ਤੜਕੇ ਹੀ ਪਰਾਗਨਗਰ ਵਾਜੀਦਪੁਰ ਨੇੜੇ ਉੱਚੀ ਆਵਾਜ਼ਾਂ ਸੁਣੀਆਂ। ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ‘ਤੇ ਨਵਾਬਗੰਜ ਪੁਲਿਸ ਮੌਕੇ’ ਤੇ ਪਹੁੰਚੀ ਅਤੇ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਸਕਾਰਪੀਓ ਕਾਰ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਧੱਸ ਗਈ ਸੀ। ਹਾਦਸੇ ਦੌਰਾਨ ਇੱਕ ਬੱਚਾ ਜੀਵਿਤ ਬਚਿਆ ਹੈ ਜਿਸ ਨੂੰ ਰਾਏਬਰੇਲੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਲਖਨਊ ਰੈਫ਼ਰ ਕਰ ਦਿੱਤਾ ਗਿਆ ਹੈ। ਜਿਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

Share this Article
Leave a comment