ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਲੋਕਾਂ ਵੱਲੋਂ ਮੁਜਰਮ ਕਰਾਰ ਦਿੱਤੇ ਗਏ ਆਗੂਆਂ ਖਿਲਾਫ 302 ਦਾ ਕੇਸ ਦਰਜ ਕਰਕੇ ਹੀ ਤਰਨਤਾਰਨ ਜਾਣ ਅਮਰਿੰਦਰ : ਸੁਖਬੀਰ ਬਾਦਲ

TeamGlobalPunjab
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ ਵਿਚ ਉਹ ਪਹਿਲਾਂ ਲੋਕਾਂ ਵੱਲੋਂ ਮੁਜ਼ਰਿਮ ਕਰਾਰ ਦਿੱਤੇ ਗਏ ਕਾਂਗਰਸੀ ਵਿਧਾਇਕਾਂ ਅਤੇ ਡਿਸਟੀਲਰੀਆਂ ਦੇ ਮਾਲਕਾਂ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਵੱਡੀ ਪੱਧਰ ‘ਤੇ ਕਤਲਾਂ ਲਈ ਧਾਰਾ 302 ਤਹਿਤ ਕੇਸ ਦਰਜ ਕਰਵਾ ਕੇ ਹੀ ਤਰਨਤਾਰਨ ਜਾਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਡਰਾਮੇਬਾਜ਼ੀ ਕਰਨ ਦੀ ਕੀ ਤੁੱਕ ਬਣਦੀ ਹੈ ਜਦੋਂ ਜਿਹੜੇ ਪੀੜਤ ਪਰਿਵਾਰਾਂ ਨੂੰ ਮਿਲਣ ਉਹ ਜਾ ਰਹੇ ਹਨ, ਉਹਨਾਂ ਦੇ ਕਾਤਲ ਉਹਨਾਂ ਨਾਲ ਰੈਸਟ ਹਾਊਸਾਂ ਵਿਚ ਮੌਜਾਂ ਮਾਣ ਰਹੇ ਹਨ ਤੇ ਉਹਨਾਂ ਦਾ ਵਿਸ਼ਵਾਸ ਜਿੱਤ ਰਹੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ ਲੋਕਾਂ ਦੇ ਹੰਝੂ ਪੂੰਝਣ ਉਦੋਂ ਜਾ ਰਹੇ ਹਨ ਜਦੋਂ ਰੋ ਰੋ ਕੇ ਉਹਨਾਂ ਦੇ ਹੰਝੂ ਮੁੱਕ ਗਏ ਹਨ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਉਹ ਆਪਣੀ ਸੱਜੀ ਬਾਂਹ ਮੰਨੇ ਜਾਂਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ ਹਨ ਭਾਵੇਂ ਕਿ ਪੀੜਤਾਂ ਨੇ ਸਪਸ਼ਟ ਤੌਰ ‘ਤੇ ਸਿੱਕੀ ਦਾ ਨਾਂ ਮੁਜਰਮਾਂ ਵਿਚ ਲਿਆ ਹੈ।

ਉਹਨਾਂ ਕਿਹਾ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਕਿਹੜੇ ਮੂੰਹ ਨਾਲ ਉਹ ਉਹਨਾਂ ਪੀੜਤਾਂ ਦਾ ਸਾਹਮਣਾ ਕਰਨਗੇ ਜਿਹਨਾਂ ਦੇ ਕਤਲ ਉਹਨਾਂ ਦੇ ਨੇੜਲੇ ਕਾਂਗਰਸੀਆਂ ਨੇ ਕੀਤੇ ਹਨ। ਉਹਨਾਂ ਕਿਹਾ ਕਿ ਇਹ ਬੇਰੁਖੀ ਦਾ ਸਿਖ਼ਰ ਹੈ। ਉਹਨਾਂ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਅਮਰਿੰਦਰ ਸਿੰਘ ਸ਼ਰਮ ਲਾਹ ਕੇ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਜਿਹਨਾਂ ਦੇ ਕਤਲਾਂ ਦੀ ਉਹਨਾਂ ਪ੍ਰਧਾਨਗੀ ਕੀਤੀ ਹੈ, ਤਾਂ ਵਾਪਸ ਪਰਤਣ ‘ਤੇ ਉਹਨਾਂ ਨੂੰ ਅੰਤਰ ਆਤਮਾ ਸੌਣ ਕਿਵੇਂ ਦੇਵੇਗੀ।

Share this Article
Leave a comment