ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਵਿਅਕਤੀਆਂ ਦੀ ਮੌਤ

TeamGlobalPunjab
2 Min Read

ਚੰਡੀਗੜ੍ਹ : ਬੀਤੇ ਬੁੱਧਵਾਰ ਹਲਕਾ ਜੰਡਿਆਲਾ ਗੁਰੂ ਦੇ ਥਾਣਾ ਤਰਸਿੱਕਾ ਅਧੀਨ ਪੈਂਦੇ ਪਿੰਡ ਮੁਛੱਲ ਦੇ 7 ਵਿਅਕਤੀਆਂ ਦੀ ਜ਼ਹਿਰਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿਅਕਤੀ ਵਿੱਚ ਦਲਬੀਰ ਸਿੰਘ ਪੁੱਤਰ ਸੋਹਣ ਸਿੰਘ, ਬਲਵਿੰਦਰ ਸਿੰਘ ਪੁੱਤਰ ਸੂਰਤਾ ਸਿੰਘ,  ਗੁਰਪ੍ਰੀਤ ਸਿੰਘ ਪੁੱਤਰ ਸ਼ਿੰਦਰ ਸਿੰਘ, ਮੰਗਲ ਸਿੰਘ ਪੁੱਤਰ ਸੁਲੱਖਣ ਸਿੰਘ, ਬਲਦੇਵ ਸਿੰਘ ਪੁੱਤਰ ਸੁਰਜੀਤ ਸਿੰਘ, ਕਸਮੀਰ ਸਿੰਘ ਪੁੱਤਰ ਦਾਨ ਸਿੰਘ ਅਤੇ ਜੋਗਾ ਸਿੰਘ ਪੁੱਤਰ ਬਲਦੇਵ ਸਿੰਘ ਦੇ ਨਾਮ ਸ਼ਾਮਲ ਹਨ। ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਛਾਇਆ ਹੋਇਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ  ਦੱਸਿਆ ਕਿ ਉਨ੍ਹਾਂ ਦੀ ਮੌਤ ਪਿੰਡ ਵਿਚ ਵਿਕ ਰਹੀ ਘਟੀਆ ਕਿਸਮ ਦੀ ਸ਼ਰਾਬ ਪੀਣ ਕਾਰਨ ਹੀ ਹੋਈ ਹੈ।

ਸਵੇਰੇ ਥਾਣਾ ਤਰਸਿੱਕਾ ਦੇ ਐੱਸ.ਐੱਚ.ਓ ਬਿਕਰਮਜੀਤ ਸਿੰਘ ਪੁਲਿਸ ਫੋਰਸ ਸਮੇਤ ਪਹੁੰਚ ਗਏ ਸਨ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨ ਲੈ ਲਏ ਗਏ ਹਨ, ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਇਸ ਮਸਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ, ਜਦੋਂ ਤੱਕ ਲਾਸ਼ਾਂ ਦਾ ਪੋਸਟਮਾਟਰਮ ਕਰਵਾਉਣ ਬਾਰੇ ਕਿਹਾ ਜਾ ਰਿਹਾ ਸੀ, ਉਸ ਵਕਤ ਤੱਕ ਸਾਰੇ ਮ੍ਰਿਤਕਾਂ ਦਾ ਅੰਤਮ ਸੰਸਕਾਰ ਹੋ ਚੁੱਕਾ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ਾਂ ਦਾ ਪੋਸਟਮਾਟਰਮ ਕਰਵਾਉਣ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸੁਆਲੀਆ ਨਿਸ਼ਾਨ ਲੱਗ ਗਿਆ ਹੈ।

ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਰਾਬ ਦੇ ਸੌਦਾਗਰ ਜੱਸਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਉਪਰ ਧਾਰਾ 304 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੋਜੂਦਾ ਐਸ.ਐਚ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ ਕਰ ਦਿੱਤਾ ਗਿਆ ਹੈ।

Share this Article
Leave a comment