ਸਿਟੀ ਆਫ ਟੋਰਾਂਟੋ ਵੱਲੋਂ ਸੰਚਾਲਿਤ ਡੇਅਕੇਅਰ ਸੈਂਟਰ ਦੇ 13 ਮੈਂਬਰਾਂ ਸਮੇਤ 7 ਬੱਚੇ ਕੋਰੋਨਾ ਦੀ ਚਪੇਟ ਵਿੱਚ

TeamGlobalPunjab
2 Min Read

ਟੋਰਾਂਟੋ : ਸਿਟੀ ਆਫ ਟੋਰਾਂਟੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਟੀ ਵੱਲੋਂ ਚਲਾਏ ਜਾਣ ਵਾਲੇ ਡੇਅਕੇਅਰ ਸੈਂਟਰ ਵਿੱਚ ਅਮਲੇ ਦੇ 13 ਮੈਂਬਰਾਂ ਸਮੇਤ 7 ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜੈਸੇ ਕੈਚਮ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਉੱਤੇ ਕੋਵਿਡ-19 ਆਊਟਬ੍ਰੇਕ ਦਾ ਸੱਭ ਤੋਂ ਪਹਿਲਾਂ ਪਤਾ 28  ਅਪ੍ਰੈਲ ਨੂੰ ਲੱਗਿਆ ਜਦੋਂ ਅਮਲੇ ਦੇ ਚਾਰ ਮੈਂਬਰਾਂ ਤੇ 8 ਮਹੀਨਿਆਂ ਦੇ ਬੱਚੇ ਦੇ ਕਰੋਨਾਵਾਇਰਸ ਸਬੰਧੀ ਟੈਸਟ ਪਾਜ਼ੀਟਿਵ ਆਏ ਸਨ। ਬੇਅ ਸਟਰੀਟ ਤੇ ਡੇਵਨਪੋਰਟ ਰੋਡ ਉੱਤੇ ਸਥਿਤ ਚਾਈਲਡਕੇਅਰ ਸੈਂਟਰ ਸਿਟੀ ਵੱਲੋਂ ਚਲਾਏ ਜਾਣ ਵਾਲੇ ਸੱਤ ਐਮਰਜੰਸੀ ਸੈਂਟਰਜ਼ ਵਿੱਚੋਂ ਇੱਕ ਹੈ ਜਿਹੜਾ ਅਸੈਂਸ਼ੀਅਲ ਵਰਕਰਜ਼ ਲਈ ਖੁਲ੍ਹਾ ਰੱਖਿਆ ਗਿਆ ਹੈ।

29 ਅਪਰੈਲ ਨੂੰ ਇਸ ਸੈਂਟਰ ਨੂੰ ਦੋ ਹਫਤਿਆਂ ਦੇ ਅਰਸੇ ਲਈ ਬੰਦ ਕਰ ਦਿੱਤਾ ਗਿਆ ਸੀ। ਇੱਥੋਂ ਦੇ ਅਮਲੇ ਤੇ 58 ਬੱਚੇ, ਜਿਹੜੇ ਇੱਥੇ ਜਾਂਦੇ ਸਨ, ਨੂੰ ਦੋ ਹਫਤਿਆਂ ਲਈ ਅਹਿਤਿਆਤਨ ਸੈਲਫ ਆਈਸੋਲੇਟ ਕਰਨ ਲਈ ਆਖਿਆ ਗਿਆ ਹੈ। ਨੌਰਥ ਯੌਰਕ ਵਿੱਚ ਵੀ ਫਾਲਸਟਾਫ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦਾ ਇੱਕ ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ। ਇਸ ਸੈਂਟਰ ਵਿੱਚ ਕਿਸੇ ਵੀ ਬੱਚੇ ਵਿੱਚ ਇਸ ਤਰ੍ਹਾਂ ਦੇ ਕੋਈ ਲੱਛਣ ਨਹੀਂ ਪਾਏ ਗਏ ਤੇ ਇਸ ਲਈ ਕਿਸੇ ਦੇ ਟੈਸਟ ਵੀ ਅਜੇ ਤੱਕ ਨਹੀਂ ਕਰਵਾਏ ਗਏ ਹਨ। ਇਹ ਸੈਂਟਰ ਅਜੇ ਵੀ ਖੁੱਲ੍ਹਾ ਹੈ ਪਰ ਜਿਸ ਕਮਰੇ ਵਿੱਚ ਉਹ ਸਟਾਫ ਮੈਂਬਰ ਕੰਮ ਕਰਦਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਟੋਰਾਂਟੋ ਵਿੱਚ ਕਰੋਨਾਵਾਇਰਸ ਦੇ ਹੁਣ ਤੱਕ 6914 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 522 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 4364 ਲੋਕ ਠੀਕ ਵੀ ਹੋ ਚੁੱਕੇ ਹਨ। ਕੈਨੇਡਾ ‘ਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 4,400 ਤੱਕ ਪਹੁੰਚ ਗਿਆ ਹੈ ਜਦ ਕਿ 65 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਹਨ।

Share this Article
Leave a comment