6 ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਵਿੱਚੋਂ ਖਾਧੀ ਜ਼ਹਿਰੀਲੀ ਚੀਜ਼ ,ਮਾਪਿਆਂ ਨੇ ਕੀਤਾ ਹੰਗਾਮਾ : ਅੰਮ੍ਰਿਤਸਰ

navdeep kaur
3 Min Read

ਅੰਮ੍ਰਿਤਸਰ : ਮਾਮਲਾ ਬਟਾਲਾ ਰੋਡ ਦੇ ਸਥਿਤ ਸ਼੍ਰੀ ਰਾਮ ਆਸ਼ਰਮ ਸਕੂਲ ‘ਚ ਬੀਤੇ ਦਿਨ 6ਵੀਂ ਕਲਾਸ ਦੇ ਵਿਦਿਆਰਥੀ ਅਨੁਰਾਗ ਕੁਮਾਰ ਦਾ ਹੈ। ਜਿਸਨੇ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਜਿਸਨੂੰ ਐਸਕੋਟ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਵਿਦਿਆਰਥੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਅੰਦਰ ਸ਼ੁੱਕਰਵਾਰ ਨੂੰ ਜ਼ਬਰਦਸਤ ਹੰਗਾਮਾ ਕੀਤਾ।
ਪਰਿਵਾਰਕ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਉਨ੍ਹਾਂ ਦਾ ਬੱਚਾ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ ਸਕੂਲ ਲਈ ਘਰੋਂ ਨਿਕਲਿਆ ਸੀ। 9.30 ਤੋਂ 10 ਵਜੇ ਦੇ ਕਰੀਬ ਸਕੂਲ ਵਿਚੋਂ ਉਨ੍ਹਾਂ ਨੂੰ ਫੋਨ ਆਇਆ ਕਿ ਬੱਚੇ ਦੀ ਹਾਲਤ ਬਹੁਤ ਖਰਾਬ ਹੈ ਜਿਸ ਤੋਂ ਬਾਅਦ ਉਹ ਤੁਰੰਤ ਸਕੂਲ ਪਹੁੰਚੇ। ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿਚ ਐਸਕੋਟ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋਂ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਜਦੋਂ ਬੱਚੇ ਕੋਲੋਂ ਪੁੱਛਿਆ ਗਿਆ ਤਾਂ ਅਨੁਰਾਗ ਨੇ ਦੱਸਿਆ ਕਿ ਕਲਾਸ ਦੇ ਡੈਸਕ ਤੇ ਪਈ ਚੀਜ਼ ਖਾਧੀ ਸੀ। ਇਸ ਤੋਂ ਬਾਅਦ ਉਸਦੀ ਹਾਲਤ ਅਚਾਨਕ ਗੰਭੀਰ ਹੋ ਗਈ।
ਮਾਪਿਆਂ ਵੱਲੋਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਸਕੂਲ ਵਿੱਚ ਕਿਸੇ ਸ਼ਰਾਰਤੀ ਨੇ ਜ਼ਹਿਰੀਲੀ ਚੀਜ਼ ਦੇ ਦਿੱਤੀ ਹੈ ਜਿਸ ਕਾਰਨ ਉਸਦੀ ਹਾਲਤ ਖਰਾਬ ਹੋਈ ਹੈ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਦੇ ਨਾਲ ਨਾਲ ਸਕੂਲ ਪ੍ਰਬੰਧਕ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਵੀ ਤਰਾਂ ਹਮਦਰਦੀ ਨਹੀਂ ਜਤਾਈ ਗਈ ਹੈ, ਇੱਥੋਂ ਤਕ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਸਕੂਲ ਪ੍ਰਬੰਧਕ ਟਾਲ-ਮਟੋਲ ਦੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ ਅਤੇ ਸਕੂਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਨੀਤੂ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਆਇਆ ਸੀ ਤੇ ਕਲਾਸ ਵਿਚ ਦੂਸਰੇ ਪੀਰੀਅਡ ‘ਚ ਉਸਦੀ ਹਾਲਤ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਏਐਸਆਈ ਨਵਤੇਜ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment