ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਨਾਲ ਮੌਤ ਦਾ ਦੂਜਾ ਮਾਮਲਾ ਰਾਜਧਾਨੀ ਦਿੱਲੀ ‘ਚ ਸਾਹਮਣੇ ਆਇਆ ਹੈ। ਬੀਤੇ ਸ਼ੁੱਕਰਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ 69 ਸਾਲਾ ਮਹਿਲਾਂ ਨੇ ਦਮ ਤੋੜ ਦਿੱਤਾ।
ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਮਹਿਲਾ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਮਹਿਲਾ ਪਹਿਲਾਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦਾ ਬੇਟਾ ਇਟਲੀ ਅਤੇ ਸਵਿਟਜ਼ਰਲੈਂਡ ਦੀ ਯਾਤਰਾ ਕਰਨ ਤੋਂ ਬਾਅਦ 23 ਫਰਵਰੀ ਨੂੰ ਭਾਰਤ ਵਾਪਸ ਪਰਤਿਆ ਸੀ। ਉਸ ਦਾ ਬੇਟੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ। ਜਿਸ ਤੋਂ ਬਾਅਦ 7 ਮਾਰਚ ਨੂੰ ਉਸ ਨੂੰ ਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਦੇਸ਼ ‘ਚ ਕੋਰੋਨਾ ਵਾਇਰਸ ਨਾਲ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਕਰਨਾਟਕ ਵਿੱਚ ਇੱਕ 76 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਜੋ ਕਿ ਹਾਲ ਹੀ ‘ਚ ਸਾਊਦੀ ਅਰਬ ਤੋਂ ਭਾਰਤ ਵਾਪਸ ਪਰਤਿਆ ਸੀ। ਭਾਰਤ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 89 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਕੋਰੋਨਾ (COVID-19) ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ 31 ਮਾਰਚ ਤੱਕ ਸਾਰੇ ਸਿਨੇਮਾ ਹਾਲ, ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਮਹਾਮਾਰੀ ਐਕਟ 1897 ਦੇ ਤਹਿਤ ‘ਹਰਿਆਣਾ ਮਹਾਂਮਾਰੀ COVID-19 ਰੈਗੂਲੇਸ਼ਨ, 2020’ ਲਾਗੂ ਕੀਤਾ ਹੈ ਜੋ ਇਕ ਸਾਲ ਤੱਕ ਲਾਗੂ ਰਹੇਗਾ।
- Advertisement -
ਤਾਜਾ ਜਾਣਕਾਰੀ ਅਨੁਸਾਰ ਹੁਣ ਤੱਕ ਕੋਰੋਨਾ ਵਾਇਰਸ ਨਾਲ 5200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1 ਲੱਖ 38 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।