ਕੋਲੰਬੋ: ਸ਼੍ਰੀਲੰਕਾ ‘ਚ ਬੋਧੀ ਤਿਉਹਾਰ ਦੌਰਾਨ ਪਿਕਅੱਪ ਦੀ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ 13 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੇਸਾਕ ਦਾ ਤਿਉਹਾਰ ਮਨਾ ਰਹੇ ਲੋਕਾਂ ਦੀ ਭੀੜ ਸੜਕ ਕਿਨਾਰੇ ਭੋਜਨ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਇੱਕ ਪਿਕਅੱਪ ਨੇ ਭੀੜ ਵਿੱਚ ਖੜ੍ਹੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਪਿਕਅੱਪ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ, ਪਰ ਫੜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਕੋਲੰਬੋ ਦੇ ਬਾਹਰੀ ਇਲਾਕੇ ‘ਚ ਕੁਝ ਲੋਕ ਵੇਸਾਕ ਦਾ ਬੋਧੀ ਤਿਉਹਾਰ ਮਨਾ ਰਹੇ ਸਨ। ਇਸ ਦੌਰਾਨ ਇੱਕ ਸ਼ਰਾਬੀ ਵਿਅਕਤੀ ਨੇ ਆਪਣੀ ਪਿਕਅੱਪ ਨੂੰ ਭੀੜ ਵਿੱਚ ਚੜ੍ਹਾ ਦਿੱਤਾ। ਇਸ ਘਟਨਾ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 13 ਹੋਰ ਜ਼ਖਮੀ ਹੋ ਗਏ ਹਨ। ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ।
ਪੁਲਿਸ ਅਨੁਸਾਰ ਹਾਦਸੇ ‘ਚ 35 ਤੋਂ 38 ਸਾਲ ਦੀ ਉਮਰ ਦੇ ਤਿੰਨ ਪੁਰਸ਼ ਅਤੇ 15 ਤੋਂ 56 ਸਾਲ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ। ਇਸ ਦੌਰਾਨ ਇੱਕ ਨਵਜੰਮੇ ਬੱਚੇ ਸਮੇਤ 13 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ 42 ਸਾਲਾ ਡਰਾਈਵਰ ਫਰਾਰ ਹੋ ਗਿਆ। ਹਾਲਾਂਕਿ ਕੁਝ ਦੂਰੀ ‘ਤੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਗੱਡੀ ਚਲਾਉਂਦੇ ਸਮੇਂ ਸ਼ਰਾਬ ਪੀਤੀ ਹੋਈ ਸੀ।

