ਮੁੰਬਈ: ਮੁੰਬਈ ਕ੍ਰਾਈਮ ਬ੍ਰਾਂਚ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 7 ਪਿਸਤੌਲ ਅਤੇ 21 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਉਨ੍ਹਾਂ ਦੇ ਰਡਾਰ ‘ਤੇ ਕੋਈ ਮਸ਼ਹੂਰ ਵਿਅਕਤੀ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਲੋਕਾਂ ਦੀ ਪਛਾਣ ਵਿਕਾਸ ਠਾਕੁਰ ਉਰਫ ਵਿੱਕੀ, ਸੁਮਿਤ ਕੁਮਾਰ ਦਿਲਾਵਰ, ਸ਼੍ਰੇਅਸ ਯਾਦਵ, ਦੇਵੇਂਦਰ ਸਕਸੈਨਾ ਅਤੇ ਵਿਵੇਕ ਗੁਪਤਾ ਵਜੋਂ ਹੋਈ ਹੈ। ਇਹ ਸਾਰੇ ਰਾਜਸਥਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ।
ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਗੁਪਤ ਏਜੰਟਾਂ ਤੋਂ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰ ਹਥਿਆਰਾਂ ਨਾਲ ਮੁੰਬਈ ਆਏ ਹਨ। ਦੱਸ ਦਈਏ ਕਿ ਕਾਲਾ ਹਿਰਨ ਮਾਮਲੇ ਦੇ ਬਾਅਦ ਤੋਂ ਹੀ ਅਭਿਨੇਤਾ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਵਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ‘ਚ ਗੈਂਗ ਦੇ 5 ਮੈਂਬਰਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਣ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਦਾ ਮੁੱਦਾ ਫਿਰ ਤੋਂ ਚਰਚਾ ‘ਚ ਆ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸੁਮਿਤ ਕੁਮਾਰ ਅਤੇ ਵਿਕਾਸ ਹਿਸਟਰੀ ਸ਼ੀਟਰ ਹਨ। ਕਰੀਬ 8 ਮਹੀਨੇ ਪਹਿਲਾਂ ਸਵੇਰੇ 5 ਵਜੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ 7.6 ਬੋਰ ਦੀ ਬੰਦੂਕ ਤੋਂ 4 ਰਾਉਂਡ ਫਾਇਰ ਕੀਤੇ ਗਏ ਸਨ। ਇਸ ਹਮਲੇ ਤੋਂ ਬਾਅਦ ਜਨਵਰੀ ‘ਚ ਸਲਮਾਨ ਖਾਨ ਦੇ ਅਪਾਰਟਮੈਂਟ ਦੀ ਬਾਲਕੋਨੀ ਨੂੰ ਬੁਲੇਟਪਰੂਫ ਬਣਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਹੈ ਕਿ ਅਪਾਰਟਮੈਂਟ ਵਿੱਚ ਹਾਈ ਰੈਜ਼ੋਲਿਊਸ਼ਨ ਕੈਮਰੇ ਵੀ ਲਗਾਏ ਗਏ ਹਨ। ਸਾਲ 2023 ‘ਚ ਲਾਰੈਂਸ ਗੈਂਗ ਤੋਂ ਧਮਕੀ ਮਿਲਣ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਫਿਲਹਾਲ ਸਲਮਾਨ ਖਾਨ ਜਿਸ ਕਾਰ ਦੀ ਵਰਤੋਂ ਕਰ ਰਹੇ ਹਨ, ਉਹ ਬੁਲੇਟਪਰੂਫ ਹੈ ਅਤੇ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੋਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।