ਅੰਮ੍ਰਿਤਸਰ: ਅੰਮ੍ਰਿਤਸਰ ‘ਚ ਅੱਜ ਯਾਨੀ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਕਾਰਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਵਿਦਿਅਕ ਸੰਸਥਾਵਾਂ ਨੇ ਵੀ ਇਸ ਸਬੰਧੀ ਸਾਵਧਾਨੀ ਵਰਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਸਾਰੇ ਕਾਲਜਾਂ ਵਿੱਚ 6 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਸਿੱਖ ਜਥੇਬੰਦੀਆਂ ਨੇ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਸ਼ਹਿਰ ‘ਚ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਲਈ ਪੁਲਿਸ ਫ਼ੋਰਸ ਪੂਰੀ ਤਰ੍ਹਾਂ ਚੌਕਸ ਹੈ। ਆਪ੍ਰੇਸ਼ਨ ਬਲੂ ਸਟਾਰ ਦੇ ਮੌਕੇ ‘ਤੇ ਪੰਜਾਬ ਪੁਲਿਸ ਨੇ ਤਕਰੀਬਨ 4 ਹਜ਼ਾਰ ਪੁਲਿਸ ਕਰਮਚਾਰੀ ਅੰਮ੍ਰਿਤਸਰ ‘ਚ ਤੈਨਾਨ ਕੀਤੇ ਹਨ, ਇਨ੍ਹਾਂ ‘ਚ ਪੰਜਾਬ ਆਰਮਡ ਪੁਲਿਸ ਦੇ ਜਵਾਨ ਵੀ ਸ਼ਾਮਿਲ ਹਨ। ਅੰਮ੍ਰਿਤਸਰ ‘ਚ 62 ਅਲੱਗ-ਅਲੱਗ ਥਾਂਵਾ ‘ਤੇ ਪੁਲਿਸ ਨੇ ਨਾਕੇ ਲਗਾਏ ਹਨ, ਜਿਨ੍ਹਾਂ ‘ਚੋਂ 14 ਨਾਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਲੱਗਦੇ ਰਸਤਿਆਂ ‘ਤੇ ਲਗਾਏ ਗਏ ਹਨ।
ਜਥੇਦਾਰ ਨੂੰ ਲੈ ਕੇ ਕਈ ਸਿੱਖ ਸੰਗਠਨ ਨਾਰਾਜ਼ ਹਨ। ਦਮਦਮੀ ਟਕਸਾਲ ਮੁੱਖੀ ਹਰਨਾਮ ਸਿਘ ਖਾਲਸਾ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਨੇ ਸੰਦੇਸ਼ ਵੀ ਜਾਰੀ ਕੀਤਾ ਸੀ ਕਿ ਜਥੇਦਾਰ ਗਿਆਨੀ ਗੜਗੱਜ ਨੂੰ ਪੰਥ ਦੇ ਨਾਂ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈ, ਜੇਕਰ ਜਥੇਦਾਰ ਅਜਿਹਾ ਕਰਦੇ ਹਨ ਤੋਂ ਉਨ੍ਹਾਂ ਦਾ ਵਿਰੋਧ ਕੀਤਾ ਦਾਵੇਗਾ। ਆਪ੍ਰੇਸ਼ਨ ਬਲੂ ਸਟਾਰ ਦੇੀ ਬਰਸੀ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸਿੱਖ ਸੰਗਤ ਤੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਹਨ। ਸਵੇਰ ਤੋਂ ਹੀ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।
ਦੱਸ ਦਈਏ ਕਿ 1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀਆਂ ਤਸਵੀਰਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇੱਥੇ ਇੱਕ ਅਸਥਾਈ ਗੈਲਰੀ ਬਣਾਈ ਗਈ ਹੈ, ਜਿੱਥੇ ਆਪ੍ਰੇਸ਼ਨ ਦੀਆਂ ਤਸਵੀਰਾਂ ਤੇ ਅਕਾਲ ਤਖਤ ਸਾਹਿਬ ਨੂੰ ਹੋਏ ਨੁਕਸਾਨ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨੀ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਬਾਰੇ ਜਾਣਕਾਰੀ ਫੈਲਾਉਣ ਲਈ ਲਗਾਈ ਗਈ ਹੈ।