ਅੰਮ੍ਰਿਤਸਰ ‘ਚ 4 ਲੋਕਾਂ ਦੀ ਸ਼ੱਕੀ ਹਾਲਤ ‘ਚ ਮੌਤ, 2 ਦੀ ਹਾਲਤ ਗੰਭੀਰ

TeamGlobalPunjab
1 Min Read

ਅੰਮ੍ਰਿਤਸਰ: ਸ਼ਹਿਰ ‘ਚ ਵੀਰਵਾਰ ਨੂੰ ਸ਼ੱਕੀ ਹਾਲਤ ‘ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰੇ 6 ਲੋਕਾਂ ਦੀ ਇਸ ਹਾਲਤ ਵਾਰੇ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਕਿਵੇਂ ਹੋਇਆ। ਹਾਲਾਂਕਿ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਸੱਚਾਈ ਨੂੰ ਲੁਕਾ ਰਹੀ ਹੈ। ਇਸ ਘਟਨਾ ਦਾ ਸਬੰਧ ਇਲਾਕੇ ਵਿੱਚ ਚੱਲ ਰਹੇ ਗ਼ੈਰਕਾਨੂੰਨੀ ਸ਼ਰਾਬ ਦੇ ਕੰਮ ਨਾਲ ਹੋ ਸਕਦਾ ਹੈ। ਜੇਕਰ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਸਹੀ ਜਾਣਕਾਰੀ ਮਿਲ ਸਕਦੀ ਹੈ।

ਮ੍ਰਿਤਕਾਂ ਦੀ ਪਹਿਚਾਣ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੁੱਛਲ ਵਾਸੀ ਬਲਵਿੰਦਰ ਸਿੰਘ, ਮੰਗਲ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਇਨ੍ਹਾਂ ਦੇ ਸਣੇ ਕੁੱਲ 6 ਲੋਕਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸਦੇ ਚਲਦਿਆਂ ਇਨ੍ਹਾਂ ਨੂੰ ਪਹਿਲਾਂ ਬਾਬਾ ਬਕਾਲਾ ਸਾਹਿਬ ਤਾਂ ਫਿਰ ਬਿਆਸ ਦੇ ਹਸਪਤਾਲ ਲਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ।

ਇਸ ਸਬੰਧੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੋਲ ਗ਼ੈਰਕਾਨੂੰਨੀ ਸ਼ਰਾਬ ਦਾ ਧੰਧਾ ਖੁਲ੍ਹੇਆਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਪੁਲਿਸ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਤਾਜ਼ਾ ਮਾਮਲੇ ਦਾ ਸਬੰਧ ਵੀ ਇਸ ਕੰਮ ਨਾਲ ਹੋ ਸਕਦਾ ਹੈ।

Share this Article
Leave a comment