ਸੁਨਾਮ ‘ਚ ਵਾਪਰਿਆ ਭਿਆਨਕ ਹਾਦਸਾ, ਘਰ ਦੀ ਛੱਤ ਡਿੱਗਣ ਕਾਰਨ 4 ਮੌਤਾਂ, 3 ਜ਼ਖਮੀ

TeamGlobalPunjab
2 Min Read

ਸੁਨਾਮ : ਬੀਤੇ ਦਿਨੀਂ ਹੋਈ ਭਾਰੀ ਬਰਸਾਤ ਨੇ ਸੂਬੇ ‘ਚ ਆਤੰਕ ਮਚਾ ਦਿੱਤਾ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ ਉੱਥੇ ਹੀ ਇਹ ਬਰਸਾਤ ਕਈ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਇਸ ਬਰਸਾਤ ਨੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਲੈ ਲਈ ਹੈ। ਦਰਅਸਲ ਹੋਇਆ ਇੰਝ ਕਿ ਇਹ ਪਰਿਵਾਰ ਜਦੋਂ ਰਾਤ ਨੂੰ ਕਮਰੇ ‘ਚ ਸੌਂ ਰਿਹਾ ਸੀ  ਤਾਂ ਅਚਾਨਕ ਘਰ ਦੀ ਛੱਤ ਡਿੱਗ ਗਈ। ਇੱਥੇ ਹੀ ਬੱਸ ਨਹੀਂ ਇਸ ਦੌਰਾਨ ਤਿੰਨ ਪਰਿਵਾਰਕ ਮੈਂਬਰ ਘਰ ਦੀ ਛੱਤ ‘ਤੇ ਟੈਂਟ ਲਗਾ ਕੇ ਸੌਂ ਰਹੇ ਸਨ। ਇਹ ਹਾਦਸਾ ਬੀਤੀ ਦੇਰ ਰਾਤ 11 ਵੱਜ ਕੇ 45 ਮਿੰਟ ‘ਤੇ ਵਾਪਰਿਆ।

ਦੱਸ ਦਈਏ ਕਿ ਇਹ ਹਾਦਸਾ ਇੱਥੋਂ ਦੇ ਸ਼ਹੀਦ ਉਧਮ ਸਿੰਘ ਓਲੰਪਿਕ ਸਟੇਡੀਅਮ ਦੇ ਨਾਲ ਨਾਇਕ ਬਸਤੀ ‘ਚ ਵਾਪਰਿਆ ਹੈ। ਇਸ ਦੌਰਾਨ  ਸਥਾਨਕ ਵਸਨੀਕ ਦੀਪਕ ਆਪਣੀ ਪਤਨੀ ਜਾਨਵੀ ਅਤੇ ਦੋ ਬੱਚਿਆਂ ਨਵੀ ਅਤੇ ਬਬਲੀ ਸਮੇਤ ਸੌਂ ਰਿਹਾ ਸੀ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਇਸ ਸਬੰਧੀ ਮ੍ਰਿਤਕ ਦੀਪਕ ਦੇ ਗੁਆਂਢੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰ ਸੌਂ ਰਹੇ ਸਨ ਤਾਂ ਪੌਣੇ 12 ਵਜੇ ਇਹ ਹਾਦਸਾ ਵਾਪਰਿਆ ਅਤੇ ਪਰਿਵਾਰ ਮਲਬੇ ਦੇ ਹੇਠਾਂ ਦਬ ਗਿਆ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ 12 ਵਜੇ ਉਨ੍ਹਾਂ ਵੱਲੋਂ ਪਰਿਵਾਰ ਨੂੰ ਮਲਬੇ ਹੇਠੋਂ ਬਾਹਰ ਕੱਢ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ। ਗੁਆਂਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਤਿੰਨ ਵਿਅਕਤੀ ਟੈਂਟ ਲਗਾ ਕੇ ਕਮਰੇ ਦੀ ਛੱਤ ‘ਤੇ ਸੌਂ ਰਹੇ ਸਨ ਜਿਹੜੇ ਕਿ ਗੰਭੀਰ ਜ਼ਖਮੀ ਹਨ।

ਇਸ ਸਬੰਧੀ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦੀਪਕ ਕੁਮਾਰ ਉਸ ਦੀ ਪਤਨੀ ਜਾਨਵੀ ਅਤੇ ਦੋ ਬੱਚੇ ਇਹ ਕਮਰੇ ਅੰਦਰ ਸੌ ਰਹੇ ਸਨ ਤਾਂ ਦੀਪਕ ਦਾ ਪਿਤਾ ਬਲਬੀਰ ਸਿੰਘ ਅਤੇ ਉਸ ਦੀ ਮਾਤਾ ਕ੍ਰਿਸ਼ਨਾ ਸਮੇਤ ਉਸ ਦੀ ਭੈਣ ਰੇਖਾ ਇਹ ਕਮਰੇ ਦੀ ਛੱਤ ‘ਤੇ ਤਰਪਾਲ ਲਗਾ ਕੇ ਸੌਂ ਰਹੇ ਸਨ। ਇਸ ਦੌਰਾਨ ਜਦੋਂ ਛੱਤ ਡਿੱਗੀ ਤਾਂ ਕਮਰੇ ‘ਚ ਸੁੱਤੇ ਪਏ ਦੀਪਕ ਅਤੇ ਉਸ ਦੇ ਪਰਿਵਾਰ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹਨ।

Share This Article
Leave a Comment