31ਵਾਂ ਕੌਮੀ ਸੜਕ ਸਰੱਖਿਆ ਹਫ਼ਤਾ ਆਵਾਜਾਈ ਨੇਮਾਂ ਦੀ ਪਾਲਣਾ ਕਰਨ ਦਾ ਹੋਕਾ ਦੇ ਕੇ ਹੋਇਆ ਸਮਾਪਤ

TeamGlobalPunjab
3 Min Read

ਪਟਿਆਲਾ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਾਸ਼ਸਨ ਵੱਲੋਂ ਮਨਾਇਆ ਗਿਆ 31ਵਾਂ ਕੌਮੀ ਸੜਕ ਸੁਰੱਖਿਆ ਹਫ਼ਤਾ ਆਵਾਜਾਈ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦਾ ਹੋਕਾ ਦੇ ਕੇ ਸਮਾਪਤ ਹੋ ਗਿਆ।

ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਦੇ ਐਸ.ਪੀ. ਸਥਾਨਕ  ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਬੇਸ਼ਕ ਅਸੀਂ ਆਵਾਜਾਈ ਨਿਯਮਾਂ ਤੋਂ ਜਾਣੂ ਹੁੰਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਨੇਮਾਂ ਦੀ ਅਣਦੇਖੀ ਹਾਦਸਿਆਂ ਦਾ ਕਾਰਨ ਬਣਦੀ ਹੈ ਪਰ ਇਸ ਦੇ ਬਾਵਜੂਦ ਅਸੀਂ ਆਵਾਜਾਈ ਨਿਯਮਾਂ ਦਾ ਪਾਲਣ ਨਹੀਂ ਕਰਦੇ, ਜਿਸ ਕਰਕੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।

ਆਈ.ਪੀ.ਐਸ. ਅਧਿਕਾਰੀ  ਬੈਂਸ ਨੇ ਇਸ ਮੌਕੇ ਹਾਜ਼ਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿੱਥੇ ਖ਼ੁਦ ਆਵਾਜਾਈ ਨਿਯਮਾਂ ਦਾ ਪਾਲਣ ਯਕੀਨੀ ਤੌਰ ‘ਤੇ ਕਰਨ ਸਗੋਂ ਹੋਰਨਾਂ ਨੂੰ ਵੀ ਇਨ੍ਹਾਂ ਬਾਰੇ ਜਾਗਰੂਕ ਕਰਨ। ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਸ੍ਰੀ ਅਰਵਿੰਦ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਕਦੇ ਵੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਓਵਰ ਸਪੀਡ, ਨਸ਼ੇ ਕਰਕੇ ਗੱਡੀ ਚਲਾਉਣੀ, ਸੀਟ ਬੈਲਟ ਤੇ ਹੈਲਮੈਟ ਤੋਂ ਬਗ਼ੈਰ ਡਰਾਇਵਿੰਗ ਖ਼ਤਰਨਾਕ ਹੈ।

ਰੋਡ ਸੇਫਟੀ ਇੰਜੀਨੀਅਰ ਸ਼ਵਿਦਰ ਬਰਾੜ ਨੇ ਕਿਹਾ ਕਿ ਸਾਡੇ ਦੇਸ਼ ‘ਚ ਹਰ ਚੌਥੇ ਮਿੰਟ ‘ਚ ਹਾਦਸੇ ਵਾਪਰਦੇ ਹਨ ਅਤੇ ਕੀਮਤੀ ਜਾਂਨਾਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ‘ਚ ਪਟਿਆਲਾ ਜ਼ਿਲ੍ਹੇ ਅੰਦਰ 1020 ਮੌਤਾਂ ਕੇਵਲ ਸੜਕ ਹਾਦਸਿਆਂ ਕਰਕੇ ਹੀ ਹੋਈਆਂ ਹਨ। ਇਸ ਮੌਕੇ ਡੀ.ਐਸ.ਪੀ. ਟ੍ਰੈਫ਼ਿਕ ਏ.ਆਰ. ਸ਼ਰਮਾ ਨੇ ਧੰਨਵਾਦ ਕੀਤਾ ਅਤੇ ਲੈਕਚਰਾਰ ਸ੍ਰੀਮਤੀ ਸੁਮਨ ਬੱਤਰਾ ਨੇ ਮੰਚ ਸੰਚਾਲਨ ਕੀਤਾ।

- Advertisement -

ਇਸ ਤੋਂ ਪਹਿਲਾਂ ਟ੍ਰੈਫ਼ਿਕ ਸਿਟੀ ਟਰੈਫਿਕ ਇੰਚਾਰਜ ਰਣਜੀਤ ਸਿੰਘ ਬਹਿਣੀਵਾਲ, ਟ੍ਰੈਫਿਕ ਜਾਗਰੂਕਤਾ ਸੈਲ ਦੇ ਇੰਚਾਰਜ ਇੰਸਪੈਕਟਰ ਪੁਸ਼ਪਾ ਦੇਵੀ ਅਤੇ ਸਿਟੀ-2 ਟ੍ਰੈਫਿਕ ਇੰਚਾਰਜ ਐਸ.ਆਈ. ਭਗਵਾਨ ਸਿੰਘ ਲਾਡੀ ਨੇ ਸੜਕ ਨਿਯਮਾਂ ਅਤੇ ਹਾਦਸਿਆਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਮਨਰੂਪ ਕੌਰ, ਲਵਪ੍ਰੀਤ ਸਿੰਘ, ਸਿਮਰਤ ਰਾਜ ਸਿੰਘ, ਜਸ਼ਨਪ੍ਰੀਤ  ਬਾਜਵਾ, ਹਰਪ੍ਰੀਤ ਸਿੰਘ, ਗੁਰਪਿਵੰਦਰ ਸਿੰਘ, ਜਸ਼ਨਪ੍ਰੀਤ ਕੌਰ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਸੜਕ ਸੁਰੱਖਿਆ ਬਾਰੇ ਨਾਟਕ ‘ਮੇਰੀ ਆਵਾਜ ਸੁਣੋ’ ਦੀ ਭਾਵੁਕਤਾ ਭਰਪੂਰ ਪੇਸ਼ਕਾਰੀ ਕਰਕੇ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦਾ ਪ੍ਰਣ ਕਰਵਾਇਆ। ਜਦੋਂਕਿ ਗਰੀਨ ਵੈਲ ਅਕੈਡਮੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਰਾਹੀਂ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ। ਮਨਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਕਵੀਸ਼ਰੀ ਨਾਲ ਰੰਗ ਬੰਨਿਆ।

ਇਸ ਮੌਕੇ ਨਗਰ ਨਿਗਮ ਦੇ ਐਕਸੀਐਨ ਦਲੀਪ ਕੁਮਾਰ, ਟ੍ਰੈਫਿਕ ਮਾਰਸ਼ਲ ਐਡਵੋਕੇਟ ਜੋਗਿੰਦਰ ਸਿੰਘ ਵਿਰਕ, ਕਾਕਾ ਰਾਮ ਵਰਮਾ, ਸਾਕੇਤ ਹਸਪਤਾਲ ਤੇ ਮੁੜ ਵਸੇਬਾ ਕੇਂਦਰ ਦੇ ਪ੍ਰਾਜੈਕਟ ਡਾਇਰਕੈਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ,  ਅੰਗਰੇਜ ਸਿੰਘ ਵਿਰਕ, ਅਮਨਪ੍ਰੀਤ ਕੌਰ, ਲੈਕਚਰਾਰ ਸ੍ਰੀ ਰਾਮ ਲਾਲ,  ਰਣਜੀਤ ਸਿੰਘ ਬੀਰੋਕੇ ਤੇ ਜਪਇੰਦਰਪਾਲ ਸਿੰਘ ਦਲਿਓ ਸਮੇਤ ਹੋਰ ਪਤਵੰਤੇ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।

Share this Article
Leave a comment