Pakistan Terrorist: ਭਾਰਤੀ ਫੌਜ ‘ਤੇ ਹਮਲੇ ਲਈ ਪਾਕਿ ਫੌਜ ਦੇ ਕਰਨਲ ਨੇ ਦਿੱਤੇ 30 ਹਜ਼ਾਰ

Rajneet Kaur
3 Min Read

ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਹੋਏ ਮੁਕਾਬਲੇ ‘ਚ ਫੜੇ ਗਏ ਅੱਤਵਾਦੀ ਤਬਾਰਕ ਹੁਸੈਨ ਨੇ ਪਾਕਿਸਤਾਨੀ ਫੌਜ ਦਾ ਪਰਦਾਫਾਸ਼ ਕੀਤਾ ਹੈ। ਇਸ ਫਿਦਾਈਨ ਆਤਮਘਾਤੀ ਹਮਲਾਵਰ ਨੇ ਦੱਸਿਆ ਹੈ ਕਿ ਉਸ ਨੂੰ ਪਾਕਿਸਤਾਨੀ ਫੌਜ ਦੇ ਕਰਨਲ ਯੂਨਸ ਨੇ ਕਰੀਬ 30 ਹਜ਼ਾਰ ਰੁਪਏ ‘ਚ ਭਾਰਤੀ ਫੌਜ ‘ਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ।ਉਸ ਨੇ ਦੱਸਿਆ ਕਿ ਉਸ ਦੇ ਨਾਲ 6 ਹੋਰ ਅੱਤਵਾਦੀ ਸਨ ਅਤੇ ਉਹ ਸਾਰੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਲਸ਼ਕਰ ਨਾਲ ਜੁੜੇ ਇਸ ਅੱਤਵਾਦੀ ਨੇ ਕਿਹਾ ਕਿ ਉਸ ਨੇ ਫੌਜ ਦੀ ਚੌਕੀ ‘ਤੇ ਹਮਲੇ ਦੀ ਪੂਰੀ ਤਿਆਰੀ ਕਰ ਲਈ ਸੀ ਪਰ ਉਸ ਦੇ ਸਾਥੀਆਂ ਨੇ ਉਸ ਨਾਲ ਧੋਖਾ ਕੀਤਾ ਅਤੇ ਉਹ ਫੜਿਆ ਗਿਆ।

ਤਬਾਰਕ ਹੁਸੈਨ ਨੇ  ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਫੌਜ ਦੀਆਂ 1-2 ਚੌਕੀਆਂ ‘ਤੇ ਹਮਲਾ ਕਰਨ ਲਈ ਕਿਹਾ ਗਿਆ ਸੀ। ਦੱਸ ਦੇਈਏ ਕਿ ਤਬਾਰਕ 21 ਅਗਸਤ ਨੂੰ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਐਲਓਸੀ ਦੇ ਕੋਲ ਇੱਕ ਮੁਕਾਬਲੇ ਵਿੱਚ ਫੜਿਆ ਗਿਆ ਸੀ। ਤਬਾਰਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਕੋਟਲੀ ਦੇ ਸਬਜ਼ਕੋਟ ਪਿੰਡ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਛੇ ਸਾਲਾਂ ਵਿੱਚ ਦੂਜੀ ਵਾਰ ਹੁਸੈਨ ਨੂੰ ਸਰਹੱਦ ਪਾਰ ਤੋਂ ਇਸ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਾਕਿਸਤਾਨੀ ਫੌਜ ਦੀ ਖੁਫੀਆ ਯੂਨਿਟ ਲਈ ਵੀ ਕੰਮ ਕਰਦਾ ਸੀ।

ਫੌਜ ਦੀ 80 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਕਪਿਲ ਰਾਣਾ ਨੇ ਦੱਸਿਆ ਕਿ 21 ਅਗਸਤ ਨੂੰ ਸਵੇਰੇ ਤੜਕੇ ਝਾਂਗਗੜ੍ਹ ‘ਚ ਤਾਇਨਾਤ ਅਲਰਟ ਜਵਾਨਾਂ ਨੇ ਕੰਟਰੋਲ ਰੇਖਾ ਦੇ ਦੂਜੇ ਪਾਸੇ ਤੋਂ ਦੋ ਤੋਂ ਤਿੰਨ ਅੱਤਵਾਦੀਆਂ ਦੀ ਹਰਕਤ ਦੇਖੀ। ਉਨ੍ਹਾਂ ਕਿਹਾ, ਇਕ ਅੱਤਵਾਦੀ ਭਾਰਤੀ ਚੌਕੀ ਦੇ ਨੇੜੇ ਆਇਆ ਅਤੇ ਵਾੜ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਚੌਕਸ ਜਵਾਨਾਂ ਨੇ ਉਸ ਨੂੰ ਲਲਕਾਰਿਆ ਪਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਅੱਤਵਾਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪਿੱਛੇ ਛੁਪੇ ਦੋ ਅੱਤਵਾਦੀ ਸੰਘਣੇ ਜੰਗਲ ਦੀ ਆੜ ‘ਚ ਫਰਾਰ ਹੋ ਗਏ। ਜ਼ਖਮੀ ਪਾਕਿਸਤਾਨੀ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ ਸੀ ਅਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਉਸ ਦੀ ਸਰਜਰੀ ਕੀਤੀ ਗਈ

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment