ਵਾਸ਼ਿੰਗਟਨ: ਕੋਰੋਨਾ ਸੰਕਟ ਕਾਰਨ ਅਮਰੀਕਾ ਵਿੱਚ ਬੇਰੁਜ਼ਗਾਰੀ ਵੱਧ ਗਈ ਹੈ। ਲੇਬਰ ਵਿਭਾਗ ਮੁਤਾਬਕ ਇੱਥੇ ਇੱਕ ਹਫਤੇ ‘ਚ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
ਵੀਰਵਾਰ ਨੂੰ ਜਾਰੀ ਇਸ ਰਿਪੋਰਟ ਨੇ ਮਾਲੀ ਹਾਲਤ ‘ਤੇ ਕੋਰੋਨੋ ਵਾਇਰਸ ਦੇ ਪ੍ਰਭਾਵ ਦੀ ਤਸਵੀਰ ਸਾਫ ਕਰ ਦਿੱਤੀ। ਜਿਸ ਤੋਂ ਬਾਅਦ ਸਰਕਾਰ ਨੂੰ 2 ਲੱਖ ਕਰੋਡ਼ ਡਾਲਰ (ਲਗਭਗ 150 ਲੱਖ ਕਰੋਡ਼ ਰੁਪਏ) ਦੇ ਰੈਸਕਿਊ ਪੈਕੇਜ ਨੂੰ ਮਨਜ਼ੂਰੀ ਦੇਣੀ ਪਈ।
ਵਿਭਾਗ ਦੇ ਇਹ ਅੰਕੜੇ ਹੈਰਾਨੀਜਨਕ ਇਸ ਲਈ ਵੀ ਹਨ, ਕਿਉਂਕਿ ਪਹਿਲਾਂ ਕਦੇ ਇੰਨੀ ਵੱਡੀ ਗਿਣਤੀ ‘ਚ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਨਹੀਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਅਜਿਹੀ ਸਥਿਤੀ 1982 ‘ਚ ਪੈਦਾ ਹੋਈ ਸੀ ਉਸ ਵੇਲੇ 7 ਲੱਖ ਲੋਕਾਂ ਨੇ ਭੱਤੇ ਲਈ ਅਪਲਾਈ ਕੀਤਾ ਸੀ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਸਾਰ ਨੂੰ ਦੇਖਦਿਆਂ ਰੈਸਟੋਰੈਂਟ, ਬਾਰ, ਸਿਨੇਮਾ, ਹੋਟਲ ਤੇ ਜਿਮ ਆਦਿ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਾਰ ਕੰਪਨੀਆਂ ਨੇ ਉਤਪਾਦਨ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਹਵਾਈ ਸੇਵਾ ਨੂੰ ਸੀਮਤ ਕਰ ਦਿੱਤਾ ਗਿਆ ਹੈ।