ਮਲੇਰਕੋਟਲਾ ਬਾਰੇ ਯੋਗੀ ਆਦਿੱਤਿਆਨਾਥ ਦੇ ਬਿਆਨ ਦੀ ਚੁਫ਼ੇਰਿਓਂ ਨਿਖੇਧੀ

TeamGlobalPunjab
2 Min Read

ਚੰਡੀਗੜ੍ਹ : ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਐਲਾਨਿਆ ਗਿਆ ਹੈ। ਇਸ ਬਾਰੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ , ਜਿਸ ਦੀ ਕਾਂਗਰਸ ਸਮੇਤ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨੇ ਵੀ ਸਖਤ ਅਲੋਚਨਾ ਕੀਤੀ ਹੈ।

ਯੋਗੀ ਅਦਿੱਤਿਆਨਾਥ ਨੇ ਅੱਜ ਆਪਣੇ ਟਵੀਟ ‘ਚ ਲਿਖਿਆ ਕਿ ‘ਪੰਜਾਬ ਸਰਕਾਰ ਵੱਲੋਂ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਣਾ ਕਾਂਗਰਸ ਦੀ ਵੰਡ ਪਾਊ ਨੀਤੀ ਦਾ ਸਬੂਤ ਹੈ। ਵੋਟਾਂ ਤੇ ਮਜ਼ਹਬ ਦੇ ਆਧਾਰ ‘ਤੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ।’

ਯੋਗੀ ਅਦਿੱਤਿਆ ਨਾਥ ਦੇ ਇਸ ਬਿਆਨ ਦੀ ਚੁਫਰਿਓਂ ਨਿੰਦਾ ਹੋ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਯੋਗੀ ਨੂੰ ਕਿਸੇ ਦੂਜੇ ਸੂਬੇ ਦੇ ਕੰਮਕਾਜ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ ਹੈ ।

ਡਾ. ਚੀਮਾ ਨੇ ਕਿਹਾ, ”ਇੱਕ ਮੁੱਖ ਮੰਤਰੀ ਨੂੰ ਦੂਜੇ ਮੁੱਖ ਮੰਤਰੀ ਦੇ ਕੰਮਕਾਜ ਜਾਂ ਦੂਸਰੀ ਸਟੇਟ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਜੇਕਰ ਉਹ ਇਸਨੂੰ ਮਜ਼੍ਹਬ ਨਾਲ ਜੋੜਕੇ ਦੇਖ ਰਹੇ ਹਨ ਤਾਂ ਉਨ੍ਹਾਂ ਨੂੰ ਮਲੇਰਕੋਟਲਾ ਦਾ ਇਤਿਹਾਸ ਵੀ ਪੜ੍ਹ ਲੈਣਾ ਚਾਹੀਦਾ ਹੈ ।”

ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਵੀ ਯੋਗੀ ਅਦਿੱਤਿਆਨਾਥ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਭਾਜਪਾ ਸਿਰਫ਼ ਵੰਡ ਦੀ ਨੀਤੀ ਹੀ ਜਾਣਦੀ ਹੈ, ਜਿਸ ਵੀ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਉਥੇ ਫਿਰਕੂ ਨਫਰਤ ਫੈਲਾਈ ਜਾਂਦੀ ਹੈ ।

- Advertisement -

ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਤੁਹਾਡੀਆਂ ਵੰਡ ਪਾਊ ਨੀਤੀਆਂ ਕਾਰਨ ਲੋਕ ਤੁਹਾਨੂੰ ਨਕਾਰ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰੇ ਦੀ ਬਹੁਗਿਣਤੀ ਵਾਲ਼ੇ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਦੇ ਹੋਏ ਮੁੱਖ ਮੰਤਰੀ ਵਲੋਂ ਇੱਥੇ ਮੈਡੀਕਲ ਕਾਲਜ, ਮਹਿਲਾ ਪੁਲਿਸ ਥਾਣਾ ਬਣਾਉਣ ਸਮੇਤ ਹੋਰ ਕਈ ਐਲਾਨ ਕੀਤੇ ਹਨ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ।

Share this Article
Leave a comment