ਵੈਨਕੂਵਰ ‘ਚ ਝਗੜੇ ਤੋਂ ਬਾਅਦ 3 ਪੰਜਾਬੀ ਗ੍ਰਿਫ਼ਤਾਰ

Global Team
2 Min Read

ਵੈਨਕੂਵਰ: ਕੈਨੇਡਾ ਪੁਲਿਸ ਵਲੋਂ ਤਿੰਨ ਪੰਜਾਬੀਆਂ ਨੂੰ ਛੁਰੇਬਾਜ਼ੀ ਦੇ ਮਾਮਲੇ ‘ਚ ਗ੍ਰਿਫਤਾਰ ਕਰਕੇ ਦੋਸ਼ ਆਇਦ ਕੀਤੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਾਸੀ ਇਲੀਅਟ ਬੈਂਸ, ਨਾਥਨ ਸਿੱਧੂ ਅਤੇ ਹਰਮੀਨ ਚੀਮਾ ‘ਤੇ ਦੋਸ਼ ਹਨ ਕਿ ਉਨਾਂ ਨੇ ਦੋ ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ, ਹਾਲਾਂਕਿ ਉਨਾਂ ਦੀ ਜਾਨ ਬਚ ਗਈ। ਇਹ ਘਟਨਾ ਬੀਤੇ ਮਾਰਚ ਮਹੀਨੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿਸਲਰ ਵਿੱਚ ਵਾਪਰੀ ਸੀ।

ਵਿਸਲਰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ 20 ਮਾਰਚ ਨੂੰ ਸਵੇਰੇ ਲਗਭਗ ਸਾਢੇ 4 ਵਜੇ ਲੌਰੀਮਰ ਰੋਡ ‘ਤੇ ਪੈਂਦੇ 4300-ਬਲੌਕ ਵਿੱਚ ਕੁਝ ਵਿਅਕਤੀਆਂ ਵਿਚਾਲੇ ਝਗੜਾ ਹੋਣ ਦੀ ਰਿਪੋਰਟ ਮਿਲੀ ਸੀ। ਇਸ ਵਿੱਚ ਚਾਕੂ ਨਾਲ ਵੀ ਹਮਲਾ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ, ਜਿੱਥੇ ਚਾਕੂ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ, ਜਿਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਜਦੋਂ ਤੱਕ ਪੁਲਿਸ ਉੱਥੇ ਪੁੱਜੀ, ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਡੂੰਘੀ ਜਾਂਚ-ਪੜਤਾਲ ਤੋਂ ਬਾਅਦ ਛੁਰੇਬਾਜ਼ੀ ਦੇ ਇਸ ਮਾਮਲੇ ਵਿੱਚ ਪੁਲਿਸ ਨੇ ਬੀ.ਸੀ. ਦੇ ਵਾਸੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਡੈਲਟਾ ਦੇ ਵਾਸੀ ਇਲੀਅਟ ਬੈਂਸ, ਸਰੀ ਦੇ ਵਾਸੀ ਨਾਥਨ ਸਿੱਧੂ ਅਤੇ ਵੈਨਕੁਵਰ ਦੇ ਵਾਸੀ ਹਰਮੀਨ ਚੀਮਾ ਵਜੋਂ ਹੋਈ। ਇਨਾਂ ਤਿੰਨੇ ਪੰਜਾਬੀਆਂ ਵਿਰੁੱਧ ਵਿਸਲਰ ਪੁਲਿਸ ਨੇ ਛੁਰੇਬਾਜ਼ੀ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।

ਵਿਸਲਰ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਥਾਨਕ ਪੁਲਿਸ ਨਾਲ ਫੋਨ ਨੰਬਰ : 604-932-3044 ‘ਤੇ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਕਰਾਈਮ ਸਟੌਪਰਸ ਨਾਲ ਫੋਨ ਨੰਬਰ : 1-800 222-ਟਿਪਸ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this Article
Leave a comment