ਕੈਨੇਡਾ ਦੀ ਖੂਨੀ ਸੜਕ ਨੇ ਖਾ ਲਏ 3 ਹੋਰ ਪੰਜਾਬੀ ਵਿਦਿਆਰਥੀ

Global Team
3 Min Read

ਨਿਊਜ਼ ਡੈਸਕ: ਖੰਨਾ ਦੇ ਅਧੀਨ ਆਉਂਦੇ ਕਸਬਾ ਮਲੌਦ ਦੇ ਭੈਣ-ਭਰਾ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਦੋ ਚਚੇਰੇ ਭੈਣ-ਭਰਾ ਸਨ ਤੇ ਉਨ੍ਹਾਂ ਦੇ ਨਾਲ ਸਮਾਣਾ ਦੀ ਇੱਕ ਲੜਕੀ ਦੀ ਵੀ ਮੌਤ ਹੋ ਗਈ। 19 ਸਾਲਾ ਨਵਜੋਤ ਸਿੰਘ ਸੋਮਲ ਆਪਣੀ 23 ਸਾਲਾ ਭੈਣ ਹਰਮਨਜੋਤ ਕੌਰ ਸੋਮਲ ਦੀ ਮੌਤ ਤੋਂ ਬਾਅਦ ਪਿੰਡ ਬੁਰਕੜਾ ਵਿਖੇ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਨੌਜਵਾਨਾਂ ਦੀ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਕੋਲ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋਈ।

ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਉਸਦੀ ਭਤੀਜੀ ਕਰੀਬ 5 ਸਾਲ ਪਹਿਲਾਂ ਕੈਨੇਡਾ ਗਈ ਸੀ। ਕਰੀਬ ਤਿੰਨ ਮਹੀਨੇ ਪਹਿਲਾਂ 17 ਅਪ੍ਰੈਲ ਨੂੰ ਉਸਦਾ ਪੁੱਤਰ ਨਵਜੋਤ ਸਿੰਘ ਭਾਰਤ ਤੋਂ ਕੈਨੇਡਾ ਗਿਆ। ਉਹ ਪੇਪਰ ਦੇਣ ਜਾ ਰਹੇ ਸਨ ਤੇ ਉਨ੍ਹਾਂ ਨਾਲ ਸਮਾਣਾ ਦੀ ਇੱਕ ਲੜਕੀ ਵੀ ਸੀ। ਹਾਦਸਾ ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਤੇ ਤਿੰਨਾਂ ਦੀ ਮੌਤ ਹੋ ਗਈ। ਪਰਿਵਾਰ ਨੂੰ ਇਹ ਜਾਣਕਾਰੀ ਐਤਵਾਰ ਸਵੇਰੇ 10 ਵਜੇ ਮਿਲੀ। ਇਸ ਤੋਂ ਬਾਅਦ ਉਹ ਲਗਾਤਾਰ ਕੈਨੇਡਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਸੰਪਰਕ ਵਿੱਚ ਹਨ ਤਾਂ ਜੋ ਬੱਚਿਆਂ ਦੀਆਂ ਲਾਸ਼ਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ।

ਰਣਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇੱਕ ਪਰਿਵਾਰ ਦੇ ਦੋ ਜਵਾਨ ਬੱਚਿਆਂ ਦਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਦਰਦ ਉਨ੍ਹਾਂ ਨੂੰ ਸਾਰੀ ਉਮਰ ਸਤਾਉਂਦਾ ਰਹੇਗਾ। ਉਨ੍ਹਾਂ ਦੇ ਬੱਚਿਆਂ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਸਖ਼ਤ ਮਿਹਨਤ ਕਰਨਗੇ। ਆਪਣੇ ਪੈਰਾਂ ਉਤੇ ਖੜ੍ਹੇ ਹੋ ਕੇ ਪੂਰੇ ਪਰਿਵਾਰ ਨੂੰ ਉੱਥੇ ਬੁਲਾਉਣਗੇ। ਬੱਚੇ ਕਹਿੰਦੇ ਰਹਿੰਦੇ ਸੀ ਕਿ ਅਸੀਂ ਉੱਥੇ ਨਾਮ ਕਮਾਵਾਂਗੇ ਅਤੇ ਆਪਣੀ ਧਰਤੀ ਪੰਜਾਬ ਦੀ ਸ਼ਾਨ ਵੀ ਵਧਾਵਾਂਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment