ਬਰੈਂਪਟਨ: ਕੈਨੇਡਾ ‘ਚ ਵਾਹਨ ਚੋਰੀ ਕਰਨ ਦੇ ਮਾਮਲੇ ‘ਚ ਪੀਲ ਰੀਜਨਲ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚੋ ਦੋ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਰੁਪਿੰਦਰ ਬਰਾੜ ਤੇ 22 ਸਾਲਾ ਜੈ ਦੀਪ ਸਿੰਘ ਵਜੋਂ ਹੋਈ ਹੈ, ਇਸ ਤੋਂ ਇਲਾਵਾ 28 ਸਾਲਾ ਗੁਰਦੀਪ ਸਿੰਘ ਮਿਸੀਸਾਗਾ ਦਾ ਵਾਸੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ‘ਤੇ ਵਾਹਨ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ 30 ਦਸੰਬਰ ਨੂੰ ਸ਼ਾਮ 5 ਵਜੇ ਪੁਲਿਸ ਨੂੰ ਇੱਕ ਵਿਅਕਤੀ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ‘ਤੇ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਹ ਘਟਨਾ ਬਰੈਂਪਟਨ ਦੇ ਐਲਮਸਟੈਡ ਕੋਰਟ ਐਂਡ ਟਿੰਬਰਲੇਨ ਡਰਾਈਵਰ ਖੇਤਰ ‘ਚ ਵਾਪਰੀ ਸੀ।
ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਇਸ ਮਗਰੋਂ ਉਨ੍ਹਾਂ ਤਿੰਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਉਸ ਦੀ ਕਾਰ ਲੈ ਕੇ ਫਰਾਰ ਹੋਣ ਲੱਗੇ ਤਾਂ ਉਸ ਨੇ ਕਾਰ ਨੂੰ ਹੱਥ ਪਾ ਲਿਆ। ਇਸ ਦੌਰਾਨ ਉਹ 800 ਮੀਟਰ ਤੱਕ ਕਾਰ ਦੇ ਨਾਲ ਹੀ ਘੜੀਸਦਾ ਚਲਾ ਗਿਆ।
ਪੁਲਿਸ ਨੂੰ ਜਾਂਚ ਦੌਰਾਨ ਮਿਸੀਸਾਗਾ ‘ਚ ਇਹ ਕਾਰ ਦਿਖਾਈ ਦਿੱਤੀ ਅਤੇ ਪੁਲਿਸ ਨੇ ਕਾਰ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਿਹਾ ਕਾਰ ਵਿੱਚ ਪਿਆ ਸਾਮਾਨ ਵੀ ਬਰਾਮਦ ਹੋ ਗਿਆ ਹੈ, ਜਿਸ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾ ਦਿੱਤਾ ਜਾਵੇਗਾ।