29 ਮਾਰਚ ਤੱਕ ਜੇਲ੍ਹ ’ਚ ਕੈਦ ਰਹੇਗਾ ਨੀਰਵ ਮੋਦੀ, ਨਹੀਂ ਮਿਲੀ ਜ਼ਮਾਨਤ

Prabhjot Kaur
2 Min Read

ਲੰਦਨ: ਪੰਜਾਬ ਨੈਸ਼ਲ ਬੈਂਕ ਦੇ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਨੀਰਵ ਮੋਦੀ ਨੂੰ ਨਵੀਂ ਦਿੱਲੀ ਹਵਾਲੇ ਕੀਤਾ ਜਾਵੇ ਪਰ ਅੱਜ ਉਸ ਦੀ ਜ਼ਮਾਨਤ ਮਨਜ਼ੂਰ ਨਹੀਂ ਹੋ ਸਕੀ ਤੇ ਉਸ ਨੂੰ 29 ਮਾਰਚ ਤੱਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

48 ਸਾਲਾ ਨੀਰਵ ਮੋਦੀ ਨੂੰ ਅੱਜ ਵੈਸਟਮਿੰਸਟਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿਚ ਜ਼ਿਲ੍ਹਾ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਉਥੇ ਉਸ ਉਤੇ ਰਸਮੀ ਦੋਸ਼ ਲੱਗਣੇ ਹਨ। ਉਸ ਤੋਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਸਕੇਗੀ। ਅੱਜ ਨੀਰਵ ਮੋਦੀ ਦੇ ਵਕੀਲ ਨੇ ਜ਼ਮਾਨਤ ਲਈ 5 ਲੱਖ ਪੌਂਡ ਦੀ ਜ਼ਮਾਨਤ ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਫਿਰ ਵੀ ਜੱਜ ਨੇ ਨੀਰਵ ਮੋਦੀ ਨੂੰ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ।

ਜੱਜ ਨੇ ਕਿਹਾ ਕਿ ਨੀਰਵ ਮੋਦੀ ਦੀ ਕਥਿਤ ਘੁਟਾਲੇ ਦੀ ਰਕਮ ਬਹੁਤ ਵੱਡੀ ਹੈ ਤੇ ਉਸ ਉਤੇ ਲੱਗੇ ਸਾਰੇ ਦੋਸ਼ ਸੰਗੀਨ ਕਿਸਮ ਦੇ ਹਨ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਭਾਰਤ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜ਼ਮ ਹੈ। ਇਹ ਘੁਟਾਲਾ ਉਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕੀਤਾ ਹੈ। ਇਸ ਤੋਂ ਇਲਾਵਾ ਉਸ ਉਤੇ ਨਕਲੀ ਹੀਰੇ ਵੇਚਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਹਾਲੇ ਪਰਸੋਂ ਹੀ ਇੰਗਲੈਂਡ ਦੀ ਇਕ ਅਦਾਲਤ ਨੇ ਨੀਰਵ ਮੋਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਪਹਿਲਾਂ ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਭਾਰਤ ਦੀ ਬੇਨਤੀ ਦੀ ਪੁਸ਼ਟੀ ਕੀਤੀ ਸੀ।

Share this Article
Leave a comment