ਸਿੱਕਮ ‘ਚ ਆਏ ਹੜ੍ਹ ਕਾਰਨ ਫੌਜ ਦੇ 23 ਜਵਾਨ ਲਾਪਤਾ

Rajneet Kaur
3 Min Read

ਨਿਊਜ਼ ਡੈਸਕ: ਸਿੱਕਮ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੋਈ ਹੈ। ਇਹ ਇੱਕ ਭਿਆਨਕ ਹਾਦਸਾ ਬਣ ਕੇ ਵਾਪਰਿਆ ਹੈ। ਉੱਤਰੀ ਸਿੱਕਮ ਵਿੱਚ ਲਹੋਨਾਕ ਝੀਲ ਉੱਤੇ ਬੱਦਲ ਫਟਣ ਨਾਲ ਲਾਚੇਨ ਘਾਟੀ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਹ ਹਾਦਸਾ ਰਾਤ ਨੂੰ ਕਰੀਬ 1 ਵਜੇ ਵਾਪਰਿਆ  ਹੈ।  ਹੜ੍ਹ ਕਾਰਨ ਫੌਜ ਦੇ 23 ਜਵਾਨ ਲਾਪਤਾ ਹੋ ਗਏ ਹਨ। ਫੌਜ ਵੱਲੋਂ ਹੜ੍ਹ ਦੇ ਲਪੇਟ ‘ਚ ਆਏ ਜਵਾਨਾਂ ਦੀ ਭਾਲ ਜਾਰੀ ਹੈ। ਦਸ ਦਈਏ ਕਿ ਫੌਜ ਦੀਆਂ ਕਈ ਗੱਡੀਆਂ ਵੀ ਵਹਿ ਗਈਆਂ ਹਨ।

ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ ਹੈ ਅਤੇ ਸਿੱਕਮ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।  ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤਾਂ ਤੋਂ ਲੋਕ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੇ ਵੇਰਵੇ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।

ਇਸ ਹੜ੍ਹ ਕਾਰਨ ਜਾਨੀ ਨੁਕਸਾਨ ਦਾ ਅਜੇ ਤੱਕ ਕੋਈ ਵੇਰਵਾ ਸਾਹਮਣੇ ਨਹੀਂ ਆਇਆ ਹੈ।  ਪਰ ਇਸ ਨਾਲ ਜਨਤਕ ਨੁਕਸਾਨ ਦੇਖਿਆ ਜਾ ਸਕਦਾ ਹੈ। ਇਸ ‘ਚ ਕਈ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਹਨ। ਜਿਨ੍ਹਾਂ ਦੀ ਤਲਾਸ਼ੀ ਜਾਰੀ ਹੈ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੱਲੋਂ ਅੱਜ ਸਵੇਰੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪਾਣੀ ਦੇ ਭਾਰੀ ਵਹਾਅ ਕਾਰਨ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਉੱਚਾ ਅਤੇ ਤੇਜ਼ ਹੋ ਗਿਆ ਹੈ। ਇਸ ਤੇਜ਼ ਵਹਾਅ ਕਾਰਨ ਕਲੀਮਪੋਂਗ ਨੈਸ਼ਨਲ ਹਾਈਵੇਅ ਦਾ ਕੁਝ ਹਿੱਸਾ ਰੁੜ੍ਹ ਗਿਆ ਹੈ। ਜਿਸ ਕਾਰਨ ਬੰਗਾਲ ਤੇ ਸਿੱਕਮ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਉੱਤਰੀ ਬੰਗਾਲ ਦੇ ਹੋਰ ਇਲਾਕਿਆਂ ਵਿੱਚ ਵੀ ਹੜ੍ਹ ਦਾ ਖ਼ਤਰਾ ਮੰਡਰਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਉੱਤਰੀ ਅਤੇ ਦੱਖਣੀ ਬੰਗਾਲ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (SSDMA) ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮੰਗਨ ਜ਼ਿਲ੍ਹੇ ਦੇ ਉੱਤਰੀ ਹਿੱਸੇ ਵਿੱਚ ਬੱਦਲ ਫਟਣ ਕਾਰਨ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ ਹੈ। ਸਾਰਿਆਂ ਨੂੰ ਸੁਚੇਤ ਰਹਿਣ ਅਤੇ ਨਦੀ ਬੇਸਿਨ ਦੇ ਨਾਲ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਡੀਏਸੀ, ਨਾਮਚੀ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਆਦਰਸ਼ਗਾਓਂ, ਸਮਰਦੁੰਗ, ਮੇਲੀ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਤੋਂ ਸਾਰੇ ਨਿਵਾਸੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਅਤੇ ਘਬਰਾਉਣ ਦੀ ਲੋੜ ਨਹੀਂ। ਸੂਬੇ ਵਿੱਚ ਅਚਾਨਕ ਆਈ ਆਫ਼ਤ ਕਾਰਨ ਸੋਰੇਂਗ ਵਿੱਚ ਨਰ ਬਹਾਦੁਰ ਭੰਡਾਰੀ ਜਯੰਤੀ ਦੇ ਚੱਲ ਰਹੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment