ਜਗਤਾਰ ਸਿੰਘ ਸਿੱਧੂ,
ਮੈਨੇਜਿੰਗ ਐਡੀਟਰ
ਨਵਾਂ ਸਾਲ 2023 ਵੱਡੀਆਂ ਆਸਾਂ ਅਤੇ ਉਮੀਦਾਂ ਦੇ ਨਾਲ ਵੱਡੀਆਂ ਚੁਣੌਤੀਆਂ ਲੈ ਕੇ ਵੀ ਆ ਰਿਹਾ ਹੈ। ਗੱਲ ਬੇਸ਼ਕ ਇੱਕ ਸੂਬੇ ਦੀ ਹੋਵੇ ਜਾਂ ਫਿਰ ਪੂਰੇ ਮੁਲਕ ਦੀ ਹੋਵੇ, ਉਮੀਦਾਂ ਅਤੇ ਚੁਣੌਤੀਆਂ ਨਾਲੋ-ਨਾਲ ਚਲਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੀ ਪੂਰਤੀ ਲਈ ਦੇਸ਼ ਦੇ ਹਾਕਮਾਂ ਅਤੇ ਰਾਜਸੀ ਆਗੂਆਂ ਵੱਲੋਂ ਕਿਹਾ ਤਾਂ ਇਹ ਜਾਂਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਹੀ ਆਸਾਂ ਦੀ ਪੂਰਤੀ ਹੁੰਦੀ ਹੈ ਅਤੇ ਚੁਣੌਤੀਆਂ ਦਾ ਟਾਕਰਾ ਹੁੰਦਾ ਹੈ। ਅਸਲ ਵਿਚ ਦੋਵਾਂ ਹੀ ਮਾਮਲਿਆਂ ਵਿਚ ਰਾਜਸੀ ਆਗੂਆਂ ਉਪਰ ਆ ਕੇ ਨਿਰਭਰਤਾ ਟਿਕ ਜਾਂਦੀ ਹੈ। ਮਸਾਲ ਵਜੋਂ ਜਦੋਂ ਆਪਾਂ 2023 ਵਿਚ ਦਾਖ਼ਲ ਹੋ ਰਹੇ ਹਾਂ ਤਾਂ ਇਸ ਸਾਲ ਵਿਚ ਸਭ ਤੋਂ ਵੱਡਾ ਮੁੱਦਾ 2024 ਨਾਲ ਜੁੜਿਆ ਹੋਇਆ ਹੈ। 2024 ਵਿਚ ਦੇਸ਼ ਦੀਆਂ ਪਾਰਲੀਮੈਂਟ ਚੋਣਾਂ ਹੋਣ ਜਾ ਰਹੀਆਂ ਹਨ। ਸੁਭਾਵਿਕ ਹੈ ਕਿ ਇਹਨਾਂ ਚੋਣਾਂ ਦੀ ਗਰਮਾ-ਗਰਮੀ 2023 ਅੰਦਰ ਹੀ ਸ਼ੁਰੂ ਹੋ ਜਾਵੇਗੀ। ਵੱਡੀਆਂ ਰਾਜਸੀ ਧਿਰਾਂ ਨੇ ਤਾਂ ਆਪੋ-ਆਪਣੇ ਪ੍ਰੋਗਰਾਮ ਵੀ ਉਲੀਕਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੀ ਸਭ ਤੋਂ ਮਜ਼ਬੂਤ ਧਿਰ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਪਾਰਲੀਮੈਂਟ ਚੋਣਾਂ ਉਪਰ ਆਪਣੀ ਜਿੱਤ ਬਰਕਰਾਰ ਰੱਖਣ ਲਈ ਹੁਣ ਤੋਂ ਹੀ ਪਾਰਟੀ ਪੱਧਰ ’ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉੰਝ ਵੀ ਇਹ ਪਾਰਟੀ ਦੇਸ਼ ਦੇ ਵੱਡੇ ਹਿੱਸੇ ਵਿਚ ਸੂਬਿਆਂ ਅੰਦਰ ਰਾਜ ਕਰ ਰਹੀ ਹੈ ਅਤੇ ਕੇਂਦਰ ਵਿਚ ਵੀ ਇਸਦੀ ਮਜਬੂਤ ਸਰਕਾਰ ਹੈ। ਜੇਕਰ ਸਾਧਨਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿਚ ਭਾਜਪਾ ਨਾਲ ਕੋਈ ਵਧੇਰੇ ਸਾਧਨ ਸਮਰਥ ਪਾਰਟੀ ਨਹੀਂ ਹੈ। ਦੂਜੇ ਪਾਸੇ ਦੇਸ਼ ਵਿਚ ਲੰਮਾਂ ਸਮਾਂ ਰਾਜ ਕਰ ਚੁੱਕੀ ਪਾਰਟੀ ਵੱਲੋਂ ਆਪਣੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਂਠ ‘ਭਾਰਤ ਜੋੜੋ ਯਾਤਰਾ’ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਆਪਣੀ ਕਿਸਮ ਦੀ ਕਾਂਗਰਸ ਦੇ ਕਿਸੇ ਸੀਨੀਅਰ ਆਗੂ ਵੱਲੋਂ ਕੌਮੀ ਪੱਧਰ ਦੀ ਇਹ ਪਹਿਲੀ ਯਾਤਰਾ ਹੈ। ਬੇਸ਼ਕ ਕਾਂਗਰਸ ਨੂੰ ਜਥੇਬੰਦਕ ਮਾਮਲਿਆਂ ਸਮੇਤ ਭਾਜਪਾ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ‘ਭਾਰਤ ਜੋੜੋ ਯਾਤਰਾ’ ਨੂੰ ਦੇਸ਼ ਦੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਇਹ ਹੀ ਕਾਰਨ ਹੈ ਕਿ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ 2024 ਦੀਆਂ ਚੋਣਾਂ ਲਈ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਹਾਲਾਂਕਿ ਸਾਡੇ ਮੁਲਕ ਅੰਦਰ ਪ੍ਰਧਾਨ ਮੰਤਰੀ ਦੀ ਸਿੱਧੀ ਚੋਣ ਦਾ ਕੋਈ ਕਾਨੂੰਨੀ ਪਹਿਲੂ ਨਹੀਂ ਹੈ ਅਤੇ ਬਹੁਮਤ ਵਾਲੀ ਪਾਰਟੀ ਹੀ ਆਪਣੇ ਨੇਤਾ ਚੁਣ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵਾ ਕਰਦੀ ਹੈ। ਕਾਂਗਰਸ ਦੇ ਇਸ ਐਲਾਨ ਨਾਲ ਇਹ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ 2024 ਦੀਆਂ ਚੋਣਾਂ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਆਪਣੋ-ਆਪਣੀ ਪਾਰਟੀ ਦੀ ਅਗਵਾਈ ਕਰਨਗੇ। ਉੰਝ ਕਾਂਗਰਸ ਲਈ ਵੀ ਇਹ ਰਾਹ ਐਨਾਂ ਸੌਖਾ ਨਹੀਂ ਹੈ। ਕਿਉਂ ਜੋ ਦੇਸ਼ ਦੇ ਕਈ ਹਿਸਿਆਂ ਵਿਚ ਕਾਂਗਰਸ ਨਾਲੋ ਦੂਜੀਆਂ ਵਿਰੋਧੀ ਧਿਰਾਂ ਵਧੇਰੇ ਮਜਬੂਤ ਹਨ।
ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2022 ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ 92 ਸੀਟਾਂ ਇਸ ਦੀ ਝੌਲੀ ਵਿਚ ਪਈਆਂ। ਆਪ ਵੱਲੋਂ ਵੀ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ ਗਏ ਇਸ ਤਰ੍ਹਾਂ 2022 ਤਾਂ ਮੋਟੇ ਤੌਰ ’ਤੇ ਆਪ ਵੱਲੋਂ ਜਿੱਤ ਅਤੇ ਅਹੁਦੇਦਾਰੀਆਂ ਵੰਡਣ ਵਿਚ ਹੀ ਨਿਕਲ ਗਿਆ ਪਰ 2023 ਕੀਤੇ ਵਾਅਦਿਆਂ ਦੀਆਂ ਚੁਣੌਤੀਆਂ ਲਈ ਸਾਹਮਣੇ ਖੜਾ ਹੈ। ਆਪ ਨੇ ਪੰਜਾਬ ਤੋਂ ਅੱਗੇ ਗੁਜਰਾਤ ਵਿਚ ਆਪਣੀ ਹਾਜ਼ਰੀ ਲਵਾ ਲਈ ਹੈ। ਹੁਣ 2024 ਦੀਆਂ ਪਾਰਲੀਮੈਂਟ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਤੀਜੇ ਇਸ ਗੱਲ ’ਤੇ ਨਿਰਭਰ ਕਰਨਗੇ ਕਿ ਆਮ ਆਦਮੀ ਪਾਰਟੀ 2023 ਵਿਚ ਪੰਜਾਬੀਆਂ ਨਾਲ ਕੀਤੇ ਵਾਅਦੇ ਕਿਵੇਂ ਪੂਰੇ ਕਰਦੀ ਹੈ।