2019: ਪੰਜਾਬ ਦੀਆਂ ਰਾਜਸੀ ਧਿਰਾਂ ਦੇ ਨਿਘਾਰ ਦਾ ਸਾਲ

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ: ਅਲਵਿਦਾ ਆਖ ਗਿਆ 2019 ਪੰਜਾਬ ਦੀਆਂ ਰਾਜਸੀ-ਪਾਰਟੀਆਂ ਲਈ ਨਿਘਾਰ ਦੇ ਵਰ੍ਹੇ ਵਜੋਂ ਚੇਤੇ ਰੱਖਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸ ਨੇ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ। ਪੰਜਾਬੀਆਂ ਨੇ ਹੁੰਗਾਰ ਭਰ ਕੇ ਵੱਡੀ ਬਹੁਮਤ ਨਾਲ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਪੰਜਾਬੀਆਂ ‘ਚ ਵੱਡੀ ਨਰਾਜ਼ਗੀ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਤਿੰਨ ਸਾਲ ‘ਚ ਵਾਅਦੇ ਪੂਰੇ ਨਹੀਂ ਕਰ ਸਕੀ। ਪੰਜਾਬ ‘ਚ ਲੰਮਾ ਸਮਾਂ ਰਾਜਨੀਤੀ ਦੇ ਪਰਦੇ ‘ਤੇ ਅਹਿਮ ਭੂਮਿਕਾ ਨਿਭਾਉਣ ਵਾਲੀ ਅਤੇ ਸਤ੍ਹਾ ਹੰਡਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਪੰਜਾਬੀਆਂ ਦਾ ਭਰੋਸਾ ਨਹੀਂ ਜਿੱਤ ਸਕੀ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਇੰਨੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਗਈ ਕਿ ਤੂੜੀ ਦੀ ਪੰਡ ਵਾਂਗ ਚੁਰਾਹੇ ‘ਚ ਹੀ ਖਿੰਡ ਗਈ।

ਪੰਜਾਬ ‘ਚ ਵਿਧਾਨ ਸਭਾ ਚੋਣਾਂ ਬਾਅਦ ਕਾਂਗਰਸ ਨੂੰ ਸਤ੍ਹਾ ‘ਚ ਆਉਣ ਦਾ ਉਸ ਵੇਲੇ ਚੰਗਾ ਮੌਕਾ ਮਿਲਿਆ ਜਦੋਂ ਕੌਮੀ ਪੱਧਰ ‘ਤੇ ਕਾਂਗਰਸ ਦਾ ਬੁਰਾ ਹਾਲ ਸੀ ਅਤੇ ਮੋਦੀ ਦੀ ਅਗਵਾਈ ਹੇਠ ਕੇਂਦਰ ‘ਚ ਬਣੀ ਭਾਜਪਾ ਸਰਕਾਰ ਦੀ ਚੜ੍ਹਤ ਸੀ। ਕੈਪਟਨ ਅਮਰਿੰਦਰ ਨੇ ਸੂਬੇ ਦੀ ਕਿਸਾਨੀ ਨੂੰ ਭਰੋਸਾ ਦਿੱਤਾ ਕਿ ਕਿਸਾਨੀ ਦੇ ਕਰਜ਼ੇ ਮਾਫ ਕਰਕੇ ਕਿਸਾਨਾਂ ਨੂੰ ਆਰਥਿਕ ਸੰਕਟ ਤੋਂ ਬਾਹਰ ਲਿਆਂਦਾ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ। ਸੂਬੇ ਦੀ ਆਰਥਿਕ ਹਾਲਤ ਸੁਧਾਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ। ਸੂਬੇ ਦੀ ਸਨਅਤ ਨੂੰ ਮਜ਼ਬੂਤ ਬਣਾਉਣ ਅਤੇ ਬੁਨਿਆਦੀ ਵਿਕਾਸ ਢਾਂਚਾ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ। ਸਥਿਤੀ ਤਿੰਨ ਸਾਲ ਬਾਅਦ ਇਹ ਬਣੀ ਹੋਈ ਹੈ ਕਿ ਡੰਗ ਟਪਾਊ ਸਰਕਾਰੀ ਮੁਹਿੰਮਾਂ ਤੋਂ ਇਲਾਵਾ ਇੱਕ ਵੀ ਵਾਅਦਾ ਸਿਰੇ ਨਹੀਂ ਚੜ੍ਹਿਆ।

- Advertisement -

ਕਿਸਾਨੀ ਅੱਜ ਵੀ ਖੁਦਕੁਸ਼ੀਆਂ ਕਰ ਰਹੀ ਹੈ ਅਤੇ ਕਿਸਾਨ ਜਥੇਬੰਦੀਆਂ ਅੰਦੋਲਨ ਦੇ ਰਾਹ ਪਈਆਂ ਹੋਈਆਂ ਹਨ। ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹਤਾਂ ਨਹੀਂ ਪਈ ਸਗੋਂ ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾ ਇੱਕ-ਦੂਜੇ ਵਿਰੁੱਧ ਦੋਸ਼ ਲਾਉਣ ਦੀ ਖੇਡ ‘ਚ ਰੁਝੇ ਹੋਏ ਹਨ। ਨਸ਼ਿਆਂ ਨਾਲ ਮਰ ਰਹੇ ਪੰਜਾਬ ਦੇ ਗੱਭਰੂਆਂ ਦਾ ਫਿਕਰ ਤਾਂ ਨਹੀਂ ਹੈ ਪਰ ਇੱਕ-ਦੂਜੇ ਨੂੰ ਨਸ਼ਿਆਂ ਦੇ ਨਾਂ ‘ਤੇ ਸਿਆਸੀ ਢਿੱਬੀ ਲਾਉਣ ਦੀ ਕਸਰ ਨਹੀਂ। ਅਮਨ ਕਾਨੂੰਨ ਦੀ ਸਥਿਤੀ ਇਹ ਹੈ ਕਿ ਗੈਂਗਸਟਰਵਾਦ ‘ਚ ਮੰਤਰੀ ਅਤੇ ਅਕਾਲੀ ਨੇਤਾ ਇੱਕ-ਦੂਜੇ ਦੀ ਪਗੜੀ ਨੂੰ ਹੱਥ ਪਾਉਣ ਲੱਗੇ ਹੋਏ ਹਨ। ਲੋਕ ਦਿਨ ਦਿਹਾੜੇ ਗੋਲੀਆਂ ਨਾਲ ਮਰ ਰਹੇ ਹਨ। ਸਨਅਤਾਂ ਦੇ ਨਾਂ ‘ਤੇ ਪਿਛਲੀ ਦਿਨੀਂ ਮੋਹਾਲੀ ‘ਚ ਸੰਮੇਲਨ ਹੋਇਆ। ਜਿਸ ਸੂਬੇ ਦੇ ਮੁੱਖ-ਮੰਤਰੀ ਆਪ ਹੀ ਆਏ ਦਿਨ ਪਾਕਿਸਤਾਨ ਵੱਲੋਂ ਪੰਜਾਬ ‘ਚ ਗੜਬੜ ਦਾ ਖਦਸ਼ਾ ਜ਼ਾਹਿਰ ਕਰਕੇ ਧਮਕੀਆਂ ਦੇ ਰਹੇ ਹੋਣ, ਉਸ ਸੂਬੇ ‘ਚ ਦੇਸ਼ ਦੀ ਰੱਖਿਆ ਲਈ ਫੌਜ ‘ਚ ਜੁਆਨਾਂ ਦੇ ਭਰਤੀ ਹੋਣ ਦਾ ਸੱਦਾ ਦਿੱਤਾ ਜਾਵੇ ਤਾਂ ਵੀ ਬੇਰੁਜ਼ਗਾਰਾਂ ਦਾ ਭਲਾ ਹੋ ਸਕਦਾ ਹੈ ਪਰ ਕੋਈ ਸਨਅਤਕਾਰ ਗੜਬੜ ਦੇ ਪ੍ਰਗਟ ਕੀਤੇ ਜਾ ਰਹੇ ਖਦਸ਼ਿਆਂ ਨੂੰ ਸੁਣ ਕੇ ਸੂਬੇ ‘ਚ ਇੰਡਸਟਰੀ ਕਿਉਂ ਲੈ ਕੇ ਆਏਗਾ? ਇਸ ਦਾ ਬੇਹਤਰ ਜਵਾਬ ਤਾਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦੇ ਹਨ। ਰਿਹਾ ਮਾਮਾਲਾ ਰੁਜ਼ਗਾਰ ਦਾ, ਹਰ ਸਾਲ ਇੱਕ ਲੱਖ ਤੋਂ ਵਧੇਰੇ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਪੱਛਮੀ ਮੁਲਕਾਂ ਨੂੰ ਜਾ ਰਹੇ ਹਨ। ਸੂਬੇ ‘ਚ ਜੁਆਨੀ ਨਾ ਰਹੀ ਤਾਂ ਰੁਜ਼ਗਾਰ ਦੀ ਸਮੱਸਿਆ ਆਪਣੇ-ਆਪ ਖਤਮ ਹੋ ਜਾਵੇਗੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਜਿਹਾ ਮਾਮਲ ਹੈ ਜਿਸ ਨੇ ਅਕਾਲੀ ਲੀਡਰਸ਼ਿਪ ਨੂੰ ਤਾਂ ਹਾਸੀਏ ‘ਤੇ ਧੱਕ ਰੱਖਿਆ ਹੈ ਪਰ ਇਸ ਭਾਵੁਕ ਅਤੇ ਅਤਿ ਸੰਵੇਦਨਸ਼ੀਲ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਕਟਿਹਰੇ ‘ਚ ਹੈ। ਵਿਧਾਨ ਸਭਾ ‘ਚ ਝੋਲੀਆਂ ਅੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ‘ਤੇ ਇੰਨਸਾਫ ਮੰਗਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤੋਂ ਮੁੜ ਵਿਧਾਇਕ ਬਣੇ ਨਵਜੋਤ ਸਿੰਘ ਸਿੱਧੂ ਪਤਾ ਨਹੀਂ ਕਿਧਰ ਨੂੰ ਤੁਰ ਗਏ? ਕਾਂਗਰਸੀ ਵਿਧਾਇਕ ਅਫਸਰਸ਼ਾਹੀ ਤੋਂ ਨਿਰਾਸ਼ ਹਨ। ਵਿੱਤੀ ਸਥਿਤੀ ਨੂੰ ਲੈ ਕੇ ਕਾਂਗਰਸੀ ਆਪਸ ‘ਚ ਹੀ ਮੁਹੱਲੇ ਦੀਆਂ ਜਨਾਨੀਆਂ ਵਾਂਗ ਇੱਕ-ਦੂਜੇ ਨਾਲ ਮੇਹਣੋ-ਮੇਹਣੀ ਹੋ ਰਹੇ ਹਨ। ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਕਈ ਵੱਡੇ ਨੇਤਾ ਪਾਰਟੀ ਛੱਡ ਗਏ ਹਨ। ਇਸ ਕੜੀ ਦਾ ਆਖਰੀ ਨੇਤਾ ਸੁਖਦੇਵ ਸਿੰਘ ਢੀਂਡਸਾ ਹੈ। ਬਾਗੀ ਧਿਰ ਦਾ ਕਹਿਣਾ ਹੈ ਕਿ ਸਭ ਕੁਝ ਬਾਦਲ ਪਰਿਵਾਰ ਨੇ ਆਪਣੀ ਝੋਲੀ ਪਾ ਲਿਆ ਹੈ। ਪੰਜਾਬ ‘ਚ ਆਮ ਦੇ ਨੇਤਾ ਭਗਵੰਤ ਮਾਨ ਨੇ ਸੰਗਰੂਰ ਹਲਕੇ ਦੀ ਲੋਕ-ਸਭਾ ਸੀਟ ਜਿੱਤ ਕੇ ਪਾਰਲੀਮੈਂਟ ਅੰਦਰ ਆਪ ਦਾ ਦੀਵਾ ਤਾਂ ਜਗਾ ਦਿੱਤਾ ਹੈ ਪਰ ਪਾਰਟੀ ਦੇ ਪੰਜਾਬ ਵਿਧਾਨ-ਸਭਾ ‘ਚ ਜਗੇ ਦੀਵੇ ਨੂੰ ਆਪ ਦੇ ਹੀ ਨੇਤਾ ਫੂਕਾਂ ਮਾਰ ਕੇ ਬੁਝਾਉਣ ਲੱਗੇ ਹੋਏ ਹਨ। ਇਹ ਸਮਾਂ ਹੀ ਦੱਸੇਗਾ ਕਿ 2022 ਦੀਆਂ ਪੰਜਾਬ ਵਿਧਾਨ-ਸਭਾ ਚੋਣਾਂ ‘ਚ ਪਾਰਟੀ ਦਾ ਦੀਵਾ ਜਗਦਾ ਰੱਖਣ ਦੇ ਹੌਂਸਲੇ ਨਾਲ ਭਗਵੰਤ ਮਾਨ ਅਤੇ ਉਸ ਦੇ ਸਾਥੀ ਮੈਦਾਨ ‘ਚ ਉਤਰਣਗੇ ਜਾਂ ਉਦੋਂ ਤੱਕ ਜਗਦੇ ਦੀਵੇ ਵੀ ਬੁਝਾ ਕੇ ਹਨੇਰੇ ‘ਚ ਬੈਠੇ ਹੋਣਗੇ।

Share this Article
Leave a comment