ਕਿਸਾਨਾਂ ਲਈ ਮੁੱਲਵਾਨ ਨੁਕਤੇ: ਉੱਤਮ ਗੁਣਾਂ ਵਾਲੇ ਕਨੋਲਾ ਤੇਲ ਦੀ ਖੁਰਾਕੀ ਮਹੱਤਤਾ

TeamGlobalPunjab
6 Min Read

-ਸੰਜੁਲਾ ਸ਼ਰਮਾ

ਜੇਕਰ ਅਸੀਂ ਅਜੋਕੇ ਸਮੇ ਵਿੱਚ ਰੋਜ਼ਾਨਾ ਖਾਣ-ਪੀਣ ਵਾਲੀਆਂ ਵਸਤਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਰੁਝਾਨ ਦੁਬਾਰਾ ਤੋਂ ਸ਼ੁੱਧ ਦੇਸੀ ਵਸਤੂਆਂ ਵੱਲ ਦਿਨ-ਬ-ਦਿਨ ਵੱਧ ਰਿਹਾ ਹੈ। ਸਾਡੀ ਰੋਜ਼ਾਨਾ ਖੁਰਾਕ ਵਿੱਚ ਘਿਉ ਅਤੇ ਖਾਣ ਵਾਲੇ ਤੇਲ ਦਾ ਅਹਿਮ ਯੋਗਦਾਨ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਬਜ਼ਾਰ ਵਿੱਚ ਅਨੇਕਾਂ ਤਰ੍ਹਾਂ ਦੇ ਖਾਣ ਵਾਲੇ ਤੇਲ ਉਪਲੱਬਧ ਹੋ ਰਹੇ ਹਨ ਜਿਨ੍ਹਾਂ ਬਾਰੇ ਖੁਰਾਕੀ ਮਹਿਰਾਂ ਦੀ ਵੱਖ-ਵੱਖ ਰਾਇ ਹੈ। ਇਸ ਸਭ ਕੁਝ ਦੇ ਬਾਵਜੂਦ ਭਾਰਤ ਵਿੱਚ ਖਾਸ ਕਰਕੇ ਉੱਤਰ-ਪੱਛਮੀ ਖੇਤਰ ਵਿੱਚ ਸਰੋ ਦੇ ਤੇਲ ਦੀ ਵਰਤੋਂ ਸਦੀਆਂ ਤੋਂ ਹੋ ਰਹੀ ਹੈ। ਪੰਜਾਬੀ ਲੋਕਾਂ ਵਿੱਚ ਖਾਣ-ਪੀਣ ਦਾ ਜ਼ਿਆਦਾ ਸ਼ੌਕ ਹੋਣ ਕਰਕੇ ਇਥੇ ਤੇਲਾਂ ਦੀ ਵਰਤੋਂ ਵਾਲੇ ਬਹੁਤ ਸਾਰੇ ਵਿਅੰਜਨ ਬਣਾਏ ਜਾਂਦੇ ਹਨ ਜਿਸ ਨਾਲ ਇਥੇ ਖਾਣ ਵਾਲੇ ਤੇਲਾਂ ਦੀ ਜ਼ਿਆਦਾ ਮੰਗ ਅਤੇ ਖਪਤ ਹੈ। ਪਿਛਲੇ ਕੁਝ ਸਾਲਾਂ ਤੋਂ ਸੂਬੇ ਵਿੱਚ ਸਰੋ ਦੇ ਤੇਲ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਅਤੇ ਖੁਰਾਕੀ ਮਾਹਿਰਾਂ ਵਲੋਂ ਵੀ ਹੁਣ ਇਸ ਦੀ ਵਰਤੋਂ ਵੱਲ ਜ਼ਿਆਦਾ ਤਵੱਜੋਂ ਦਿੱਤੀ ਜਾ ਰਹੀ ਹੈ। ਪਰ ਸਰੋਂ ਜਾਤੀ ਦੀਆਂ ਫ਼ਸਲਾਂ ਵਿੱਚ ਵੀ ਕਾਫ਼ੀ ਵਿਭਿੰਨਤਾ ਪਾਈ ਜਾਂਦੀ ਹੈ ਇਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਰ੍ਹੋਂ ਅਤੇ ਹੋਰ ਤੇਲਬੀਜ ਫ਼ਸਲਾਂ ਤੋਂ ਨਿਕਲਦੇ ਤੇਲਾਂ ਦੀ ਗੁਣਵੱਤਾ ਅਤੇ ਉਹਨਾਂ ਦੀ ਖੁਰਾਕੀ ਮਹੱਤਤਾ ਬਾਰੇ ਜਾਣਕਾਰੀ ਹੋਵੇ।

ਪੂਰੇ ਭਾਰਤ ਖਾਸ ਕਰਕੇ ਪੰਜਾਬ ਵਿਚ ਅੱਜ-ਕੱਲ ਕਨੋਲਾ ਤੇਲ ਬਹੁਤ ਪ੍ਰਚਲੱਤ ਹੋ ਰਿਹਾ ਹੈ । ਕਨੋਲਾ ਦਾ ਨਾਮ ਕੈਨੇਡੀਅਨ ਆਇਲ ਅਤੇ ਲੋਅ ਐਸਿਡ (3anadian oil + low acid) ਦੇ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਇਸ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ 2.0% ਤੋਂ ਘੱਟ ਹੁੰਦੀ ਹੈ ਜੋ ਕਿ ਆਮ ਸਰੋਂ ਦੇ ਤੇਲ ਵਿੱਚ ਤਕਰੀਬਨ 45-50% ਮੌਜੂਦ ਹੁੰਦੀ ਹੈ। ਜ਼ਿਆਦਾ ਇਰੂਸਿਕ ਐਸਿਡ ਦੀ ਮਾਤਰਾ ਵਾਲਾ ਤੇਲ ਵਿਗਿਆਨਕ ਪੱਖੋਂ ਦਿਲ ਦੀ ਤੰਦਰੁਸਤੀ ਲਈ ਠੀਕ ਨਹੀ ਸਮਝਿਆ ਜਾਂਦਾ। ਬਾਹਰਲੇ ਦੇਸ਼ਾਂ ਵਿੱਚ ਤਾਂ 2% ਤੋਂ ਜ਼ਿਆਦਾ ਇਰੂਸਿਕ ਐਸਿਡ ਵਾਲੇ ਤੇਲ ਮਨੁੱਖਾਂ ਦੇ ਖਾਣ ਲਈ ਵਰਜਿਤ ਹਨ। ਇਸ ਤੋਂ ਇਲਾਵਾ ਕਨੋਲਾ ਤੇਲ ਦਾ ਇਕ ਹੋਰ ਫਾਇਦਾ ਹੈ ਕਿ ਇਸ ਤੋਂ ਬਣਦੀ ਖਲ਼ ਵਿੱਚ ਗਲੋਕੋਸਿਨੋਲੇਟ ਦੀ ਮਾਤਰਾ 30 ਮਾੲਕਿਰੋਮੋਲ ਤੋਂ ਵੀ ਘੱਟ ਹੁੰਦੀ ਹੈ। ਜ਼ਿਆਦਾ ਮਾਤਰਾ ਵਾਲੀ ਗਲੋਕੋਸਿਨੋਲੇਟ ਦੀ ਖਲ਼ ਪਸ਼ੂਆਂ ਦੀ ਸਿਹਤ ਲਈ ਢੁਕਵੀਂ ਨਹੀਂ ਅਤੇ ਇਹ ਕਈ ਬਿਮਾਰੀਆਂ ਖਾਸ ਕਰਕੇ ਗਾਇਟਰ ਦਾ ਕਾਰਨ ਬਣਦੀ ਹੈ। ਕਨੋਲਾ ਤੇਲ ਵਿੱਚ ਸੈਚੂਰੇਟਡ ਫੈਟ ਬਾਕੀ ਬਨਸਪਤੀ ਤੇਲਾਂ ਦੇ ਮੁਕਾਬਲੇ ਬਹੁਤ ਘੱਟ ਹੰਦੀ ਹੈ। ਇਸ ਤੇਲ ਇਸ ਸੈਚੂਰੇਟਡ ਫੈਟ ਦੀ ਮਿਕਦਾਰ 7% ਤੋਂ ਵੀ ਘੱਟ ਹੁੰਦੀ ਹੈ ਅਤੇ ਓਮੇਗਾ-3 ਅਤੇ ਓਮੇਗਾ-6 ਬਹੁਤ ਜ਼ਿਆਦਾ ਮਿਕਦਾਰ ਵਿੱਚ ਹੁੰਦੇ ਹਨ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਵਧੀਆ ਹਨ।ਓਮੇਗਾ-3, ਜਿਸ ਨੂੰ ਵਿਗਿਆਨਿਕ ਤੌਰ ਤੇ ਅਲਫਾ-ਲਿਨੋਲੇਨਿਕ ਐਸਿਡ ਕਹਿੰਦੇ ਹਨ, ਇਹ ਸਰੀਰ ਵਿੱਚ ਲੋਅ ਡੈਨਸਿਟੀ ਲਿਪੋਪ੍ਰੋਟੀਨ (ਐਲ.ਡੀ.ਐਲ) ਨੂੰ ਘੱਟ ਕਰਦਾ ਹੈ ਅਤੇ ਦਿਲ ਦੀਆਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਦਾ ਹੈ। ਇਸੇ ਤਰ੍ਹਾਂ ਹੀ ਓਮੇਗਾ-6 (ਲਿਨਉਲਿਕ ਐਸਿਡ) ਬੱਚਿਆਂ ਦੇ ਦਿਮਾਗ ਦੇ ਵਿਕਾਸ ਲਈ ਬਹੁਤ ਮਹੱਤਵਪੂਰਣ ਹੈ। ਕਨੋਲਾ ਤੇਲ ਵਿਚ ਓਮੇਗਾ-6 ਅਤੇ ਓਮੇਗਾ-3 ਦਾ ਅਨੁਪਾਤ 2:1 ਹੁੰਦਾ ਹੈ ਜੋ ਕਿ ਆਮ ਤੌਰ ਤੇ ਬਾਕੀ ਤੇਲਾਂ ਵਿੱਚ ਬਹੁਤ ਘੱਟ ਪਾਇਆ ਜਾਂਦਾ ਹੈ ਜਿਸ ਕਰਕੇ ਇਸ ਤੇਲ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਕਨੋਲਾ ਵਿੱਚ ਵਿਟਾਮਿਨ ਈ ਦੀ ਮਿਕਦਾਰ ਵੀ ਕਾਫ਼ੀ ਹੁੰਦੀ ਹੈ ਜੋ ਕਿ ਸਰੀਰ ਨੂੰ ਕਈ ਵਿਕਾਰਾਂ ਤੋ ਬਚਾਉਂਦਾ ਹੈ। ਇਸ ਤੋਂ ਇਲਾਵਾ ਓਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕੁਆਲਿਟੀ ਪੱਖੋਂ ਇਹ ਤੇਲ ਬਹੁਤ ਅਹਿਮੀਅਤ ਰੱਖਦਾ ਹੈ। ਇਹਨਾਂ ਗੁਣਾ ਕਰਕੇ ਕਨੋਲਾ ਤੇਲ ਲੰਬੇ ਸਮੇ ਲਈ ਸਥਿਰ ਰਹਿ ਸਕਦਾ ਹੈ । ਇਸ ਤੇਲ ਦਾ ਸਮੋਕ ਦਰਜਾ ਜ਼ਿਆਦਾ ਉੱਚਾ ਹੋਣ ਕਰਕੇ ਕਨੋਲਾ ਤੇਲ ਤਲ ਕੇ ਬਣਾਏ ਜਾਣ ਵਾਲੇ ਵਿਅੰਜਨਾਂ ਲਈ ਬਹੁਤ ਹੀ ਢੁਕਵਾਂ ਹੁੰਦਾ ਹੈ।

ਕਨੋਲਾ ਤੇਲ ਦੀ ਵੱਧ ਰਹੀ ਮੰਗ ਨੂੰ ਵੇਖਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਨੋਲਾ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਹਨਾਂ ਦੀ ਗੁਣਵੱਤਾ ਅੰਤਰ-ਰਾਸ਼ਟਰੀ ਪੱਧਰ ਦੀ ਹੈ। ਗੋਭੀ ਸਰੋ ਵਿੱਚ ਜੀ ਐਸ ਸੀ 7 ਅਤੇ ਰਾਇਆ ਵਿੱਚ ਆਰ ਐਲ ਸੀ 3 ਕਿਸਮਾਂ ਉਪਲੱਬਧ ਹਨ। ਗੋਭੀ ਸਰੋ ਦੀ ਜੀ ਐਸ ਸੀ 7 ਕਿਸਮ ਕਿਸਾਨਾਂ ਵਿੱਚ ਬਹੁਤ ਪ੍ਰਚੱਲਤ ਹੋਈ ਹੈ ਜਿਸ ਦਾ ਝਾੜ ਤਕਰੀਬਨ 9 ਕੁਇੰਟਲ ਪ੍ਰਤੀ ਏਕੜ ਹੈ ਅਤੇ ਕਣਕ ਜਿੰਨੀ ਆਮਦਨ ਦਿੰਦੀ ਹੈ। ਇਸ ਕਿਸਮ ਵਿੱਚ ਓਲਿਕ ਐਸਿਡ 64.2%, ਲਿਨਓਲਿਕ ਐਸਿਡ 25.2%, ਲਿਨੋਲੈਨਿਕ ਐਸਿਡ 14.5% ਅਤੇ ਇਰੂਸਿਕ ਐਸਿਡ ਕੇਵਲ 0.5% ਹੁੰਦਾ ਹੈ। ਇਸ ਤੋ ਇਲਾਵਾ ਇਸ ਵਿੱਚ ਗਲੋਕੋਸਿਨੋਲੇਟ 14.5 ਮਾਈਕਰੋਮੋਲ ਹੀ ਹੁੰਦੇ ਹਨ ਜਿਸ ਕਰਕੇ ਇਸ ਦੀ ਖਲ਼ ਦਾ ਸੁਆਦ ਮਿੱਠਾ ਹੈ ਅਤੇ ਘੱਟ ਗਲੋਕੋਸਿਨੋਲੇਟ ਹੋਣ ਕਰਕੇ ਪਸ਼ੂਆਂ ਲਈ ਗੁਣਕਾਰੀ ਹੈ। ਗੋਭੀ ਸਰੋਂ੍ਹ ਤੋ ਇਲਾਵਾ ਇਸ ਯੂਨੀਵਰਸਿਟੀ ਨੇ ਆਰ ਐਲ ਸੀ 3 ਜੋ ਕਿ ਰਾਇਆ ਦੀ ਕਿਸਮ ਹੈ, ਵੀ ਵਿਕਸਤ ਕੀਤੀ ਹੈ ਜਿਸ ਦੇ ਦਾਣੇ ਪੀਲੇ ਰੰਗ ਦੇ ਹਨ। ਇਸ ਵਿੱਚ ਤੇਲ ਦੀ ਮਾਤਰਾ 41.0% ਹੁੰਦੀ ਹੈ ਇਨ੍ਹਾਂ ਦੋਨਾਂ ਕਿਸਮਾਂ ਨੂੰ ਕਿਸਾਨਾਂ ਨੇ ਬਹੁਤ ਅਪਣਾਇਆ ਹੈ ਅਤੇ ਕੱਚੀ ਘਾਣੀ ਦੇ ਤੌਰ ਇਸ ਦੇ ਤੇਲ ਦੀ ਵਰਤੋਂ ਕਰ ਰਹੇ ਹਨ। ਕਨੋਲਾ ਸਰੋ੍ਹਂ ਦੇ ਇਕ ਕੁਇੰਟਲ ਵਿੱਚੋ ਤਕਰੀਬਨ 33-34 ਲਿਟਰ ਤੇਲ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਅੱਗੇ 180 ਤੋਂ 220 ਰੁਪਏ ਪ੍ਰਤੀ ਲਿਟਰ ਵੇਚਿਆ ਜਾ ਸਕਦਾ ਹੈ। ਇਸ ਤੋ ਇਲਾਵਾਂ ਇਕ ਕੁਇੰਟਲ ਕਨੋਲਾ ਸਰੋਂ ਤੋਂ 65-67 ਕਿਲੋ ਖਲ਼ ਵੀ ਮਿਲਦੀ ਹੈ ਜਿਸ ਦੀ ਤਕਰੀਬਨ 2500 ਰੁਪਏ ਪ੍ਰਤੀ ਕੁਇੰਟਲ ਕੀਮਤ ਬਣਦੀ ਹੈ। ੳਪੁਰੋਕਤ ਤੱਥਾਂ ਨੁੰ ਮੁੱਖ ਰਖਦੇ ਹੋਏ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਘਰੇਲੂ ਜ਼ਰੂਰਤ ਲਈ ਜਿਨ੍ਹਾਂ ਤੇਲ ਚਾਹੀਦਾ ਹੈ, ਨੂੰ ਆਪਣੇ ਖੇਤਾਂ ਵਿੱਚ ਫ਼ਸਲ ਪੈਦਾ ਕਰਨ ਅਤੇ ਮਿਲਾਵਟੀ ਤੇਲ ਦੀ ਵਰਤੋਂ ਤੋਂ ਬਚਣ ਅਤੇ ਆਪਣੇ ਪਸ਼ੂਆਂ ਨੂੰ ਵਧੀਆ ਗੁਣਾ ਵਾਲੀ ਖ਼ਲ ਪਾਉਣ।

- Advertisement -

ਸੰਪਰਕ: 89685-4384

Share this Article
Leave a comment