ਬ੍ਰਿਟੇਨ : ਖ਼ਬਰ ਹੈ ਕਿ ਬਰਤਾਨੀਆਂ ‘ਚ ਦੂਸਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲ ਤੱਕ ਉੱਥੇ ਰੁਕ ਕੇ ਨੌਕਰੀ ਲੱਭਣ ਦੀ ਖੁੱਲ੍ਹ ਗ੍ਰਹਿ ਮੰਤਰਾਲਿਆ ਨੇ ਦੇ ਦਿੱਤੀ ਹੈ। ਮੰਤਰਾਲਿਆ ਵੱਲੋਂ ਇਸ ਦਾ ਐਲਾਨ ਨਵੇਂ ਹੁਕਮਾਂ ਦੇ ਨਾਲ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਨਵੇਂ ਹੁਕਮ ਦੇ ਜਾਰੀ ਹੋਣ ਨਾਲ ਸਾਲ 2012 ‘ਚ ਤਤਕਾਲੀਨ ਗ੍ਰਹਿ ਮੰਤਰੀ ਟੇਰੀਜਾ ਮੇਂ ਵੱਲੋਂ ਜਾਰੀ ਕੀਤਾ ਉਹ ਫੈਸਲਾ ਬਦਲ ਜਾਵੇਗਾ ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੇ ਹੋਣ ਤੋਂ 4 ਮਹੀਨੇ ਬਾਅਦ ਹੀ ਬ੍ਰਿਟੇਨ ਛੱਡਣ ਮਜ਼ਬੂਰ ਹੋਣਾ ਪੈਂਦਾ ਸੀ।
ਇਹ ਨਵੇਂ ਹੁਕਮ ਜਾਰੀ ਹੋਣ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਸ ਕਨੂੰਨ ਨਾਲ ਵਿਦਿਆਰਥੀਆਂ ਨੂੰ ਆਪਣੇ ਅੰਦਰਲੀ ਕਾਬਲੀਅਤਾ ਪਹਿਚਾਣਨ ਅਤੇ ਬ੍ਰਿਟੇਨ ‘ਚ ਆਪਣਾ ਕੈਰੀਅਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ। ਇੱਧਰ ਦੂਜੇ ਪਾਸੇ ਕੈਂਪੇਨ ਗ੍ਰੁਪ ਮਾਇਗ੍ਰੇਸ਼ਨ ਵਾਚ ਨੇ ਇਸ ਕਦਮ ਨੂੰ ਪਛੜਿਆ ਹੋਇਆ ਕਦਮ ਐਲਾਨ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਹ ਕਨੂੰਨ ਉਨ੍ਹਾਂ ਸਾਰੇ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ ਜਿਹੜੇ ਅਗਲੇ ਸਾਲ ਤੋਂ ਬ੍ਰਿਟੇਨ ਅੰਦਰ ਦਾਖਲਾ ਲੈਣਗੇ।