ਸੰਸਾਰ : ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਨਹੀਂ, ਸਗੋਂ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਵੀ ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਕੰਮ ਕਰ ਰਹੇ ਹੋ ਜਾਂ ਕਈ ਸਾਲਾਂ ਤੋਂ PR ਦੀ ਉਡੀਕ ਕਰ ਰਹੇ ਹੋ ਤਾਂ ਸਰਕਾਰ ਦਾ ਇਹ ਨਵਾਂ ਫ਼ੈਸਲਾ ਤੁਹਾਡੇ ਲਈ ਕਾਫ਼ੀ ਅਹਿਮ ਹੋ ਸਕਦਾ ਹੈ। ਦਰਅਸਲ, ਕੈਨੇਡਾ ਸਰਕਾਰ ਨੇ 2026 ਦੇ ਬਜਟ ਅਤੇ 2027 ਤੋਂ 2029 ਤੱਕ ਦੀ ਇਮੀਗ੍ਰੇਸ਼ਨ ਯੋਜਨਾ ਤਹਿਤ ਇੱਕ ਵਿਸ਼ੇਸ਼ ਪ੍ਰਬੰਧ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ 2027 ਦੇ ਅੰਤ ਤੱਕ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ 2 ਲੱਖ ਤੱਕ ਅਸਥਾਈ ਨਿਵਾਸੀਆਂ ਨੂੰ ਪੱਕੀ ਰਿਹਾਇਸ਼ ਯਾਨੀ Permanent Residency ਦੇਣ ਦਾ ਟੀਚਾ ਰੱਖਿਆ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਯੋਜਨਾ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ, ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਕੇ ਉੱਥੋਂ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ 2 ਲੱਖ ਲੋਕ ਕੌਣ ਹੋਣਗੇ ਅਤੇ ਕਿਸ ਤਰ੍ਹਾਂ PR ਹਾਸਲ ਕਰਨ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੌ : ਧਨਤੇਰਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ, ਸੁਖੀ ਜੀਵਨ ਅਤੇ ਚੰਗੀ ਸਿਹਤ ਦੀ ਕੀਤੀ ਕਾਮਨਾ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਕੈਟਾਗਰੀ ਦੀ।
ਸਰਕਾਰ ਦੀ ਯੋਜਨਾ ਮੁਤਾਬਕ ਲਗਭਗ 1 ਲੱਖ ਅਜਿਹੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ PR ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਹੇ ਹਨ। ਇਸ ਵਿੱਚ Express Entry ਅਤੇ Provincial Nominee Program ਯਾਨੀ PNP ਵਰਗੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਯੋਗ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਵਿੱਚ ਸੂਬਾਈ ਸਰਕਾਰਾਂ ਦੀ ਵੀ ਅਹਿਮ ਭੂਮਿਕਾ ਰਹੇਗੀ। ਯਾਨੀ ਜਿਸ ਸੂਬੇ ਵਿੱਚ ਜਿਨ੍ਹਾਂ ਕਾਮਿਆਂ ਦੀ ਜ਼ਿਆਦਾ ਲੋੜ ਹੋਵੇਗੀ, ਉਸ ਮੁਤਾਬਕ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕਦੀ ਹੈ।
ਹੁਣ ਦੂਜੀ ਕੈਟਾਗਰੀ ਵੀ ਸਮਝ ਲਓ।
ਬਾਕੀ 1 ਲੱਖ ਤੱਕ ਲੋਕਾਂ ਨੂੰ ਮਨੁੱਖੀ ਆਧਾਰ ਅਤੇ ਲੰਬੇ ਸਮੇਂ ਤੋਂ ਪੈਂਡਿੰਗ ਇਮੀਗ੍ਰੇਸ਼ਨ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ PR ਦੇਣ ਦੀ ਯੋਜਨਾ ਹੈ। ਇਸ ਵਿੱਚ ਹਾਂਗਕਾਂਗ PR ਪਾਥਵੇਅ, ਯੂਕਰੇਨ ਫੈਮਿਲੀ ਰੀਯੂਨੀਫਿਕੇਸ਼ਨ ਪਾਥਵੇਅ ਅਤੇ ਕੁਝ ਯੋਗ ਮਨੁੱਖੀ ਆਧਾਰ ਵਾਲੀਆਂ ਅਰਜ਼ੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਪਏ ਕੁਝ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੀ ਇਸ ਯੋਜਨਾ ਤਹਿਤ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੌ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ ’ਚ ਘਰ ਵਾਪਸੀ, ਸੁਖਬੀਰ ਬਾਦਲ ਖ਼ੁਦ ਪਹੁੰਚਣਗੇ ਕੋਠੀ
ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦੀ।
ਸਰਕਾਰ ਨੇ 2027 ਤੋਂ 2029 ਤੱਕ ਹਰ ਸਾਲ 3 ਲੱਖ 80 ਹਜ਼ਾਰ ਨਵੇਂ Permanent Residents ਨੂੰ ਕੈਨੇਡਾ ਵਿੱਚ ਸੱਦਣ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਹਰ ਸਾਲ 3 ਲੱਖ 70 ਹਜ਼ਾਰ ਨਵੇਂ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਣ ਦੀ ਯੋਜਨਾ ਹੈ। ਇਨ੍ਹਾਂ ਵਿੱਚ ਲਗਭਗ 2 ਲੱਖ 20 ਹਜ਼ਾਰ ਵਰਕਰ ਅਤੇ 1 ਲੱਖ 50 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹੋਣਗੇ। ਪਰ ਇੱਥੇ ਇੱਕ ਹੋਰ ਵੱਡੀ ਅਪਡੇਟ ਹੈ, ਜੋ Express Entry ਰਾਹੀਂ PR ਲੈਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਕਾਫ਼ੀ ਮਹੱਤਵਪੂਰਨ ਹੈ। 3 ਨਵੰਬਰ 2026 ਤੋਂ Express Entry ਦੇ CRS ਪੁਆਇੰਟ ਸਿਸਟਮ ਵਿੱਚ ਨਵੇਂ ਬਦਲਾਅ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਤਹਿਤ ਕੈਨੇਡੀਅਨ ਕੰਮ ਦੇ ਯੋਗ ਤਜਰਬੇ ਅਤੇ ਵਧੀਆ ਤਨਖ਼ਾਹ ਵਾਲੀਆਂ ਯੋਗ ਨੌਕਰੀਆਂ ਨੂੰ ਵਧੇਰੇ ਮਹੱਤਵ ਦਿੱਤਾ ਜਾਵੇਗਾ। ਯੋਗ High-Wage Job Offer ਦੇ ਆਧਾਰ ‘ਤੇ ਉਮੀਦਵਾਰਾਂ ਨੂੰ 50, 70 ਜਾਂ 100 CRS ਪੁਆਇੰਟ ਤੱਕ ਮਿਲ ਸਕਦੇ ਹਨ। ਇਹ ਨੌਕਰੀ ਦੀ ਤਨਖ਼ਾਹ ਅਤੇ ਹੋਰ ਯੋਗਤਾ ਸ਼ਰਤਾਂ ‘ਤੇ ਨਿਰਭਰ ਕਰੇਗਾ। ਇੱਕ ਹੋਰ ਵੱਡਾ ਬਦਲਾਅ ਇਹ ਹੈ ਕਿ ਯੋਗ Job Offer ਲਈ Express Entry ਵਿੱਚ ਹੁਣ LMIA ਲਾਜ਼ਮੀ ਨਹੀਂ ਹੋਵੇਗਾ। ਹਾਲਾਂਕਿ ਨੌਕਰੀ ਦੀ ਪੇਸ਼ਕਸ਼ ਅਸਲੀ ਹੋਣੀ ਚਾਹੀਦੀ ਹੈ ਅਤੇ IRCC ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ।ਮੌਜੂਦਾ Express Entry ਪ੍ਰੋਫਾਈਲਾਂ ਦੇ ਪੁਆਇੰਟ ਵੀ ਨਵੇਂ ਨਿਯਮਾਂ ਮੁਤਾਬਕ ਮੁੜ ਕੈਲਕੂਲੇਟ ਕੀਤੇ ਜਾ ਰਹੇ ਹਨ। ਇਸ ਦੌਰਾਨ ਨਵੇਂ ਡਰਾਅ ਕੁਝ ਸਮੇਂ ਲਈ ਪ੍ਰਭਾਵਿਤ ਹੋ ਸਕਦੇ ਹਨ।
ਹੁਣ ਸਭ ਤੋਂ ਜ਼ਰੂਰੀ ਗੱਲ ਸਮਝ ਲਓ।
ਭਾਵੇਂ 2 ਲੱਖ ਲੋਕਾਂ ਨੂੰ PR ਦੇਣ ਦੀ ਯੋਜਨਾ ਸਾਹਮਣੇ ਆਈ ਹੈ, ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਕੈਨੇਡਾ ਵਿੱਚ ਰਹਿਣ ਵਾਲੇ ਹਰ ਵਰਕ ਪਰਮਿਟ ਹੋਲਡਰ ਜਾਂ ਵਿਦਿਆਰਥੀ ਨੂੰ ਆਪਣੇ ਆਪ PR ਮਿਲ ਜਾਵੇਗੀ। ਇਸ ਲਈ ਸਰਕਾਰ ਵੱਲੋਂ ਤੈਅ ਕੀਤੀਆਂ ਯੋਗਤਾ ਸ਼ਰਤਾਂ, ਚੋਣ ਪ੍ਰਕਿਰਿਆ ਅਤੇ ਅਰਜ਼ੀ ਸਬੰਧੀ ਨਿਯਮਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਫਿਲਹਾਲ ਇਸ ਯੋਜਨਾ ਦਾ ਮਕਸਦ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਯੋਗ ਲੋਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ, ਪਰਿਵਾਰਾਂ ਨੂੰ ਇਕੱਠੇ ਰੱਖਣਾ ਅਤੇ ਦੇਸ਼ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨਾ ਹੈ। ਸੋ ਜੇਕਰ ਤੁਸੀਂ ਵੀ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਹੋ ਜਾਂ PR ਦੀ ਉਡੀਕ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਤੁਹਾਡੇ ਮੁਤਾਬਕ ਕੀ ਕੈਨੇਡਾ ਸਰਕਾਰ ਦਾ ਇਹ ਫ਼ੈਸਲਾ ਪੰਜਾਬੀ ਨੌਜਵਾਨਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ? ਆਪਣੀ ਰਾਏ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ।

