ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ‘ਤੇ ਸਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ-ਵੱਖ ਗੁਰਧਾਮਾਂ ਲਈ ਰਵਾਨਾ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਪਹੁੰਚ ਗਿਆ ਹੈ। ਕਈ ਪੜਾਵਾਂ ਤੋ ਗੁਜ਼ਰਦਾ ਹੋਇਆ ਇਜ ਜੱਥਾ 8 ਮਈ ਨੂੰ ਪਾਕਿਸਤਾਨ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ । ਇਹ ਜੱਥਾ ਪਹਿਲਾਂ ਫਲਾਇਟ ਰਾਹੀ ਕਨੈਡਾ ਤੋਂ ਯੂਕੇ ਆਇਆ ਤੇ ਫਿਰ ਮੋਟਰਸਾਈਕਲਾਂ ਤੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਬੀਤੇ ਦਿਨੀ ਇਹ ਸਿੱਖ ਜੱਥਾ ਕਰਤਾਰਪੁਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਜੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਗਿਆ।
ਇਸ ਜਥੇ ਵਿਚ ਕਨੈਡਾ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਵਿਚ ਆਜ਼ਾਦਵਿੰਦਰ ਸਿੰਘ ਸਿੱਧੂ, ਪਰਵੀਤ ਸਿੰਘ ਠੱਕਰ, ਜਤਿੰਦਰ ਸਿੰਘ ਚੌਹਾਨ, ਸੁਖਵੀਰ ਸਿੰਘ ਮਲਾਇਤ, ਜਸਮੀਤ ਪਾਲ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ ਸ਼ਾਮਿਲ ਹਨ।
ਇਸ ਜੱਥੇ ਦਾ ਮਕਸਦ ਸਿੱਖਾਂ ਅਤੇ ਦੁਨੀਆਂ ਭਰ ਦੇ ਲੋਕਾਂ ਵਿਚ ਬਾਬੇ ਨਾਨਕ ਦੀਆਂ ਸਿਖਿਆਵਾਂ ਅਤੇ ਖਾਲਸਾ ਏਡ ਸੰਸਥਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਹ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ ਵੱਖ 20 ਦੇਸ਼ਾਂ ਨੂੰ ਪਾਰ ਕਰ ਹੁੰਦਾ ਹੋਇਆ ਵਾਹਘਾ ਸਰਹੱਦ ਰਾਹੀਂ 12 ਮਈ ਨੂੰ ਸੁਲਤਾਨਪੁਰ ਲੋਧੀ ਵਿਖੇ ਯਾਤਰਾ ਸਮਾਪਤ ਕਰੇਗਾ।
ਸੁਲਤਾਨਪੁਰ ਲੋਧੀ ਵਿਖੇ ਸਿੱਖ ਸੰਗਤਾਂ ਇਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨਗੀਆਂ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਰਾਹੀਂ ਇਸ ਯਾਤਰਾ ਦੀ ਸ਼ੁਰੂਆਤ ਕੈਨੇਡਾ ਤੋਂ ਅਪ੍ਰੈਲ ਮਹੀਨੇ ਦੀ ਸ਼ੁਰੂਆਤ ‘ਚ ਕੀਤੀ ਗਈ ਸੀ। ਇਹ ਜੱਥਾ ਵੱਖ ਵੱਖ ਦੇਸ਼ਾਂ ਵਿਚੋਂ ਹੁੰਦਾ ਹੋਇਆ ਤਕਰੀਬਨ 45 ਦਿਨਾਂ ਦੀ ਲੰਬੀ ਯਾਤਰਾ ਮਗਰੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰੀ ਲੋਧੀ ਪਹੁੰਚੇਗਾ।