ਮੰਦਭਾਗੀ ਖਬਰ : ਅਮਰੀਕਾ ‘ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਵੱਖ-ਵੱਖ ਹਾਦਸਿਆਂ ‘ਚ ਮੌਤ

TeamGlobalPunjab
2 Min Read

ਫਰਿਜ਼ਨੋ : ਅਮਰੀਕਾ ‘ਚ ਦੋ ਵੱਖ-ਵੱਖ ਹਾਦਸਿਆਂ ‘ਚ ਦੋ ਪੰਜਾਬੀ ਟਰੱਕ ਡਰਾਈਵਰਾਂ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 23 ਸਾਲ ਦੇ ਟਰੱਕ ਡਰਾਈਵਰ ਬਚਿੱਤਰ ਸਿੰਘ ਨੇ ਕੈਲੇਫ਼ੋਰਨੀਆ ਦੇ ਫ਼ਰਿਜ਼ਨੋ ਸ਼ਹਿਰ ਵਿਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਜਦਕਿ 52 ਸਾਲ ਦੇ ਮਨਜੀਤ ਸਿੰਘ ਬੈਂਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਬਚਿੱਤਰ ਸਿੰਘ ਲਗਭਗ 3 ਸਾਲ ਪਹਿਲਾਂ ਅਮਰੀਕਾ ਆਇਆ ਸੀ। ਪਿਛਲੇ ਦਿਨੀਂ ਉਹ ਲਾਸ ਏਂਜਲਸ ਤੋਂ ਟਰੱਕ ਲੈ ਕੇ ਫ਼ਰਿਜ਼ਨੋ ਦੇ ਟਰੱਕ ਯਾਰਡ ਵਿਚ ਪੁੱਜਾ ਪਰ ਘਰ ਨਾਂ ਪਹੁੰਚਣ ਕਾਰਨ ਪਰਿਵਾਰ ਨੂੰ ਚਿੰਤਾ ਹੋ ਗਈ। ਬਚਿੱਤਰ ਸਿੰਘ ਦੇ ਦੋਸਤਾਂ ਨੇ ਫ਼ੋਨ ਐਪ ਰਾਹੀਂ ਉਸ ਦੀ ਲੋਕੇਸ਼ਨ ਪਤਾ ਕੀਤੀ ਅਤੇ ਉੱਥੇ ਜਾ ਕੇ ਦੇਖਿਆ ਤਾਂ ਟਰੱਕ ਲੋਕ ਸੀ। ਉਨ੍ਹਾਂ ਨੇ ਸ਼ੀਸ਼ਾ ਤੋੜ ਕੇ ਬਾਰੀ ਖੋਲ੍ਹੀ ਤਾਂ ਸਾਹਮਣੇ ਬਚਿੱਤਰ ਸਿੰਘ ਦੀ ਲਾਸ਼ ਲਟਕ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬਚਿੱਤਰ ਸਿੰਘ ਨੇ ਕਥਿਤ ਤੌਰ ’ਤੇ ਆਪਣੇ ਪਰਨੇ ਨਾਲ ਖੁਦਕੁਸ਼ੀ ਕੀਤੀ ਪਰ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਧਰ ਟਰੱਕ ਯਾਰਡ ਦੇ ਮਾਲਕ ਨੇ ਦੱਸਿਆ ਕਿ ਬਚਿੱਤਰ ਸਿੰਘ ਦੀ ਮੌਤ ਬਾਰੇ ਕਈ ਕਿਸਮ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਯਕੀਨੀ ਤੌਰ ‘ਤੇ ਕੁਝ ਕਿਹਾ ਜਾ ਸਕਦਾ ਹੈ।

ਉਥੇ ਹੀ ਕੈਲੇਫ਼ੋਰਨੀਆ ਦੇ ਸਟਾਕਟਨ ਸ਼ਹਿਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ 52 ਸਾਲ ਦੇ ਮਨਜੀਤ ਸਿੰਘ ਬੈਂਸ ਦੀ ਮੌਤ ਹੋ ਗਈ।

Share this Article
Leave a comment