ਡੇਰਾਬਸੀ : ਡੇਰਾਬਸੀ ਦੇ ਵਿੱਚ ਪੈਂਦੇ ਕਸਬੇ ਮੁਬਾਰਕਪੁਰ ਵਿਖੇ ਇੱਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਬੱਚੇ ਦੀ ਮੌਤ ਹੋ ਗਈ ਅਤੇ ਪਰਿਵਾਰ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ।
ਪੀੜਤਾਂ ਤੋਂ ਮਿਲੀ ਜਾਣਕਾਰੀ ਤੇ ਮੁਤਾਬਕ ਇਹ ਪਰਿਵਾਰ ਬਿਹਾਰ ਦੇ ਨਾਲੰਦਾ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਮੁਬਾਰਕਪੁਰ ਵਿਖੇ ਕੁਲਦੀਪ ਸਿੰਘ ਮੱਕੜ ਦੇ ਭੱਠੇ ‘ਤੇ ਕੰਮ ਕਰਦਾ ਹੈ ਅਤੇ ਪਿਛਲੇ ਦਿਨੀ ਇਨ੍ਹਾਂ ਦੇ 2 ਸਾਲ ਦੇ ਬੱਚੇ ਰਾਜਵੀਰ ਦੇ ‘ਤੇ ਗਰਮ ਚਾਹ ਪੈ ਜਾਣ ਕਾਰਨ ਉਸ ਦਾ ਸਰੀਰ ਝੁਲਸ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ। ਬੀਤੇ ਕੱਲ੍ਹ ਰਾਜਵੀਰ ਨੂੰ ਦਸਤ ਅਤੇ ਉਲਟੀਆਂ ਲੱਗ ਗਈਆਂ ਜਿਸ ਦੇ ਇਲਾਜ਼ ਲਈ ਪਰਿਵਾਰ ਨੇ ਮੁਬਾਰਕਪੁਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਲੈ ਕੇ ਗਏ ਤਾਂ ਬੱਚੇ ਦੀ ਸਿਹਤ ਦੇ ਜ਼ਿਆਦਾ ਵਿਗੜਨ ਕਾਰਨ ਡਾਕਟਰ ਸੰਜੀਵ ਵੱਲੋਂ ਇੱਕ ਟੀਕਾ ਲਗਾ ਕੇ ਉਸਨੂੰ ਐਂਬੂਲੈਂਸ ਦੇ ਜ਼ਰੀਏ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਉੱਥੇ ਪਹੁੰਚਣ ਤੇ ਡਾਕਟਰ ਨੇ ਉਸ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਜਵੀਰ ਦੇ ਨਾਨਾ ਬਰਿੰਦਰ ਬਿੰਦ ਨੇ ਮੁਬਾਰਕਪੁਰ ਦੇ ਡਾਕਟਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਦੋਹਤੇ ਦੀ ਮੌਤ ਡਾ ਸੰਜੀਵ ਦੁਆਰਾ ਗਲਤ ਟੀਕਾ ਲੱਗਣ ਕਾਰਨ ਹੋਈ ਹੈ।
ਇਸ ਮੌਕੇ ਮੁਬਾਰਕਪੁਰ ਚੋਂਕੀ ਕਪਤਾਨ ਕੁਲਵੰਤ ਸਿੰਘ ਨੇ ਜਦੋਂ ਇਸ ਸਬੰਧੀ ਡਾ ਸੰਜੀਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ ਇੰਜੈਕਸ਼ਨ ਉਲਟੀਆਂ ਬੰਦ ਹੋਣ ਲਈ ਲਗਾਇਆ ਸੀ ਕਿਉਕਿ ਉਸ ਸਮੇਂ ਬੱਚੇ ਦੇ ਝੁਲਸੇ ਹੋਣ ਕਾਰਨ ਸੈਪਟਿਕ ਜ਼ਿਆਦਾ ਫੈਲ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਇਸ ਗਰੀਬ ਪਰਿਵਾਰ ਦੇ ਮਦਦ ਕਰਦੇ ਹੋਏ ਐਂਬੂਲੈਂਸ ਜ਼ਰੀਏ ਬੱਚੇ ਨੂੰ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਵੱਲੋਂ ਲਾਏ ਇੰਜੈਕਸ਼ਨ ਦਾ ਪਤਾ ਪੋਸਟ ਮਾਰਟਮ ਜ਼ਰੀਏ ਲੱਗ ਜਾਏਗਾ।