ਸ਼ਿਕਾਗੋ :- ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਵਿਦੇਸ਼ੀ ਧਰਤੀ ਤੋਂ ਭਾਰਤੀਆਂ ਦੇ ਕਤਲ ਜਾਂ ਫਿਰ ਕਿਸੇ ਦੁਰਘਟਨਾ ਕਾਰਨ ਹੋਈ ਮੌਤ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜਾ ਮਾਮਲਾ ਸ਼ਿਕਾਗੋ ਯੂਨੀਵਰਸਿਟੀ ਦੇ ਪਾਰਕਿੰਗ ਲਾਟ ਵਿਚ ਸਾਹਮਣੇ ਆਇਆ ਹੈ ਜਿੱਥੇ 24 ਨਵੰਬਰ ਨੂੰ ਇਕ 19 ਸਾਲਾ ਭਾਰਤੀ ਮੂਲ ਦੀ ਲੜਕੀ ਮ੍ਰਿਤਕ ਮਿਲੀ।
ਦੱਸ ਦਈਏ ਕਿ ਮ੍ਰਿਤਕ ਦਾ ਨਾਮ ਰੂਥ ਜਾਰਜ ਹੈ ਅਤੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਖੜ੍ਹੀ ਇਕ ਵਾਹਨ ਵਿੱਚ ਉਸ ਦੀ ਲਾਸ਼ ਮਿਲੀ ਦੱਸੀ ਜਾਂਦੀ ਹੈ। ਸਥਾਨਕ ਪੁਲਿਸ ਮੁਤਾਬਿਕ ਰੂਥ ਜਾਰਜ ਦੇ ਪਰਿਵਾਰਕ ਮੈਂਬਰਾਂ ਨੇ ਪਹਿਲੀ ਵਾਰ ਸ਼ਨੀਵਾਰ, 23 ਨਵੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ।
ਇੱਥੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਜਾਂਚ ਕਰਤਾਵਾਂ ਨੇ ਉਸ ਦੇ ਫੋਨ ਦੀ ਲੋਕੇਸ਼ਨ ਨੂੰ ਯੂਆਈਸੀ ਦੇ ਪਾਰਕਿੰਗ ਗੈਰੇਜ ਤਕ ਟਰੈਕ ਕੀਤਾ, ਅਤੇ ਉਸਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਸ਼ਿਕਾਗੋ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਸ਼ਨੀਵਾਰ ਸਵੇਰੇ ਪੈਰਾਮੇਡਿਕਸ ਘਟਨਾ ਸਥਾਨ ‘ਤੇ ਪਹੁੰਚੇ।
ਮੈਡੀਕਲ ਜਾਂਚਕਰਤਾ ਦੇ ਦਫ਼ਤਰ ਅਨੁਸਾਰ, ਘਟਨਾ ਸਥਾਨ ‘ਤੇ ਐਮਰਜੈਂਸੀ ਸਹੂਲਤ ਮੁਹੱਈਆ ਕਰਵਾਉਣ ਪਹੁੰਚੇ ਵਿਅਕਤੀਆਂ ਨੂੰ ਜਾਰਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮਰ ਚੁਕੀ ਸੀ।
ਜਾਣਕਾਰੀ ਮੁਤਾਬਿਕ ਜਾਰਜ ਦਾ ਪਰਿਵਾਰ ਹੈਦਰਾਬਾਦ ਵਿੱਚ ਰਹਿੰਦਾ ਸੀ ਪਰ ਹੁਣ ਉਹ ਨੇਪਰਵਿਲੇ ਵਿੱਚ ਰਹਿ ਰਿਹਾ ਹੈ।
ਪਤਾ ਇਹ ਵੀ ਲੱਗਾ ਹੈ ਕਿ ਇਸ ਕੇਸ ਨੂੰ ਯੁਨੀਵਰਸਿਟੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਹੱਲ ਕੀਤਾ ਜਾ ਰਿਹਾ ਹੈ।