ਦੇਸ਼ ਦੇ ਇਸ ਸੂਬੇ ‘ਚ ਕੋਵਿਡ ਦੇ 12 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਵਧੀ ਚਿੰਤਾ! ਸਿਹਤ ਵਿਭਾਗ ਅਲਰਟ

Global Team
3 Min Read

ਨਿਊਜ਼ ਡੈਸਕ :ਆਂਧਰਾ ਪ੍ਰਦੇਸ਼ ਵਿੱਚ ਪਿਛਲੇ 20 ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਨਿਗਰਾਨੀ ਵਧਾ ਦਿੱਤੀ ਹੈ। ਸਿਹਤ ਵਿਭਾਗ ਮੁਤਾਬਕ ਆਂਧਰਾ ਪ੍ਰਦੇਸ਼ ਵਿੱਚ 26 ਜੂਨ ਤੋਂ 16 ਜੁਲਾਈ 2026 ਦਰਮਿਆਨ ਕੋਵਿਡ ਦੇ 12 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿੱਚੋਂ ਚਾਰ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੋਵਿਡ ਕਾਰਨ ਹੋਈ ਹੈ।

ਹਾਲਾਂਕਿ, ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਆਮ ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉੱਥੇ ਹੀ ਜਿਨ੍ਹਾਂ ਮਰੀਜ਼ਾਂ ਦੀ ਮੌਤ ਕੋਵਿਡ ਕਾਰਨ ਹੋਈ ਹੈ, ਉਹਨਾਂ ਨੂੰ ਕਈ ਪੁਰਾਣੀਆਂ ਬਿਮਾਰੀਆਂ ਵੀ ਸਨ। ਫਿਲਹਾਲ ਦੂਜੇ ਮਰੀਜ਼ਾਂ ਨੂੰ ਵਿਸ਼ੇਸ਼ ਵਾਰਡਾਂ ਵਿੱਚ ਰੱਖਿਆ ਗਿਆ ਹੈ।

ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਵਿੱਚ ਇਸ ਸਾਲ ਕੋਰੋਨਾ ਦਾ ਪਹਿਲਾ ਮਾਮਲਾ 26 ਜੂਨ ਨੂੰ ਕਡੱਪਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 1 ਜੁਲਾਈ ਤੋਂ 16 ਜੁਲਾਈ ਦਰਮਿਆਨ 11 ਹੋਰ ਮਾਮਲੇ ਸਾਹਮਣੇ ਆਏ। ਸੰਕਰਮਿਤ ਲੋਕਾਂ ਵਿੱਚੋਂ ਦੋ ਦੀ ਪਛਾਣ ਪਹਿਲਾਂ ਤੋਂ ਕਨਫਰਮ ਕੋਰੋਨਾ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ ਵਜੋਂ ਹੋਈ ਸੀ। ਸਭ ਤੋਂ ਵੱਧ ਅੱਠ ਮਾਮਲੇ ਕਡੱਪਾ ਵਿੱਚ ਹੀ ਦਰਜ ਹੋਏ ਹਨ, ਜਦੋਂ ਕਿ 2 ਮਾਮਲੇ ਗੁੰਟੂਰ, 1 ਵਿਸ਼ਾਖਾਪਟਨਮ ਅਤੇ ਦੂਜਾ ਕਾਕੀਨਾਡਾ ਜ਼ਿਲ੍ਹੇ ਵਿੱਚ ਮਿਲਿਆ ਹੈ।

ਸਿਹਤ ਵਿਭਾਗ ਨੇ ਕਿਹਾ ਕਿ ਇਹ ਮਾਮਲੇ ਵੱਖ-ਵੱਖ ਮੰਡਲਾਂ ਅਤੇ ਥਾਵਾਂ ਤੋਂ ਸਾਹਮਣੇ ਆਏ ਹਨ ਅਤੇ ਫਿਲਹਾਲ ਕਿਸੇ ਇੱਕ ਇਲਾਕੇ ਵਿੱਚ ਇਹਨਾਂ ਦਾ ਕੋਈ ਕਲੱਸਟਰ ਨਹੀਂ ਬਣਿਆ ਹੈ। 26 ਜੂਨ ਤੋਂ 15 ਜੁਲਾਈ ਦਰਮਿਆਨ ਸੂਬੇ ਭਰ ਵਿੱਚ ਕੋਰੋਨਾ ਦੇ 67 ਟੈਸਟ ਹੋਏ ਸਨ, ਜਿਸ ਵਿੱਚ 11 ਪਾਜ਼ੀਟਿਵ ਪਾਏ ਗਏ ਸਨ। ਕਾਕੀਨਾਡਾ ਜ਼ਿਲ੍ਹੇ ਦੇ ਇੱਕ ਹੋਰ ਮਰੀਜ਼ ਦਾ ਟੈਸਟ ਤਾਮਿਲਨਾਡੂ ਦੇ ਵੇਲੋਰ ਸਥਿਤ ਕ੍ਰਿਸਚੀਅਨ ਮੈਡੀਕਲ ਕਾਲਜ ਵਿੱਚ ਹੋਇਆ ਸੀ, ਉਹ ਵੀ ਪਾਜ਼ੀਟਿਵ ਆਇਆ ਸੀ।

ਕੋਰੋਨਾ ਕਾਰਨ ਆਂਧਰਾ ‘ਚ ਚਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ ਕਡੱਪਾ ਜ਼ਿਲ੍ਹੇ ਦੇ ਸਨ, ਜਦੋਂ ਕਿ ਇੱਕ ਮਰੀਜ਼ ਕਾਕੀਨਾਡਾ ਜ਼ਿਲ੍ਹੇ ਦਾ ਸੀ। ਸਿਹਤ ਵਿਭਾਗ ਨੇ ਦੱਸਿਆ ਕਿ ਚਾਰਾਂ ਨੂੰ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਸਨ। ਵਾਇਰਸ ਦੇ ਵੇਰੀਐਂਟ ਦੀ ਪਛਾਣ ਕਰਨ ਲਈ 9 ਜੁਲਾਈ ਨੂੰ ਪੰਜ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਭੇਜੇ ਗਏ ਸਨ। ਸਿਹਤ ਵਿਭਾਗ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਬਚਾਅ ਦੇ ਉਪਾਅ ਅਪਣਾਉਂਦੇ ਰਹਿਣ ਦੀ ਸਲਾਹ ਦਿੱਤੀ। ਫਿਲਹਾਲ ਸੂਬੇ ਭਰ ਦੇ ਡਾਕਟਰਾਂ, ਹਸਪਤਾਲਾਂ ਅਤੇ ਹੈਲਥਕੇਅਰ ਸਟਾਫ਼ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਉਹ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।

 

Share This Article
Leave a Comment