ਭਾਰਤ ‘ਚ ਕੋਵਿਡ ਟੀਕਾਕਰਨ ਦਾ ਅੰਕੜਾ 100 ਕਰੋੜ ਤੋਂ ਪਾਰ, ਸਿਹਤ ਮੰਤਰਾਲੇ ਨੇ ਜਾਰੀ ਕੀਤਾ ਖ਼ਾਸ ਗਾਣਾ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਖ਼ਿਲਾਫ਼ ਜਾਰੀ ਜੰਗ ਵਿੱਚ ਭਾਰਤ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਵਿੱਚ ਕੋਰੋਨਾ ਟੀਕਾਕਰਨ ਦਾ ਅੰਕੜਾ 100 ਕਰੋੜ ਨੂੰ ਪਾਰ ਕਰ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਉਪਲਬਧੀ ਲਈ ਭਾਰਤ ਨੂੰ ਵਧਾਈ ਦਿੱਤੀ ਹੈ।

ਏਮਜ਼, ਦਿੱਲੀ ਵਿਖੇ 100 ਕਰੋੜ ਟੀਕਾਕਰਨ ‘ਤੇ ਸਟਾਫ਼ ਵਲੋਂ ਵਿਸ਼ੇਸ਼ ਰੰਗੋਲੀ ਤਿਆਰ ਕੀਤੀ ਗਈ।

ਰੇਤ ਨਾਲ ਕਲਾਕ੍ਰਿਤੀਆਂ ਉਕੇਰਨ ਵਾਲੇ ਕਲਾਕਾਰ ਪਦਮ ਸ਼੍ਰੀ ਸੁਦਰਸ਼ਨ ਪਟਨਾਇਕ ਨੇ ਵੀ ਆਪਣੇ ਢੰਗ ਨਾਲ 100 ਕਰੋੜ ਵੈਕਸੀਨੇਸ਼ਨ ‘ਤੇ ਆਪਣੀ ਰਚਨਾ ਪੇਸ਼ ਕੀਤੀ।

ਪੀਐੱਮ ਮੋਦੀ ਸਮੇਤ ਕਈ ਉੱਚ ਨੇਤਾਵਾਂ ਨੇ ਇਸ ਖ਼ਾਸ ਮੌਕੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸੀ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮੰਡਾਵਿਆ ਨੇ ਵੀਰਵਾਰ ਨੂੰ 100 ਕਰੋੜ ਟੀਕਾਕਰਨ ਦਾ ਅੰਕੜਾ ਛੂਹਣ ’ਤੇ ਜਸ਼ਨ ਮਨਾਉਣ ਲਈ ਇਕ ਗੀਤ ਅਤੇ ਆਡੀਓ-ਵਿਜ਼ੂਅਲ ਫਿਲਮ ਲਾਂਚ ਕੀਤੀ ਹੈ।

ਇਸ ਖ਼ਾਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ, ‘ਭਾਰਤ ਨੇ ਇਤਿਹਾਸਿਕ 100 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। 100 ਕਰੋੜ ਟੀਕਾਕਰਨ ਦੇਸ਼ਵਾਸੀਆਂ ਦੇ ਆਤਮ-ਵਿਸ਼ਵਾਸ ਦੀ ਭਾਵਨਾ ਹੈ। 100 ਕਰੋੜ ਟੀਕਾਕਰਨ ਆਤਮ-ਨਿਰਭਾਰ ਭਾਰਤ ਦੀ ਦੀਵਾਲੀ ਹੈ।’

ਮੰਡਾਵਿਆ ਨੇ ਦੇਸ਼ ਭਰ ’ਚ ਟੀਕਾਕਰਨ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਪ੍ਰਸਿੱਧ ਪਦਮ ਸ਼੍ਰੀ ਪੁਰਸਕਾਰ ਜੇਤੂ ਗਾਇਕ ਕੈਲਾਸ਼ ਖੇਰ ਦੁਆਰਾ ਗਾਇਆ ਗੀਤ ‘ਟੀਕੇ ਸੇ ਬਚਾ ਹੈ ਦੇਸ਼’ ਗਾਣੇ ਨੂੰ ਟਵੀਟ ਕੀਤਾ ਹੈ। ਇਸ ਗਾਣੇ ਨੂੰ ਟਵਿੱਟਰ ’ਤੇ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂਂ ਆਮ ਲੋਕਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਚੌਕਸੀ ਜਾਰੀ ਰੱਖਣ ਅਤੇ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਰੱਖਣ ਦੀ ਅਪੀਲ ਕੀਤੀ ਗਈ ਹੈ।

Share this Article
Leave a comment