ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਲਈ ਹਰੀ ਖਾਦ ਉਗਾਓ

TeamGlobalPunjab
8 Min Read

-ਕੰਵਰ ਬਰਜਿੰਦਰ ਸਿੰਘ ਅਤੇ ਵਜਿੰਦਰਪਾਲ

ਫਸਲੀ ਘਣਤਾ ਦੇ ਵਧਣ ਕਰਕੇ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਲਗਾਤਾਰ ਕਾਸਤ ਕਰਨ ਨਾਲ ਜ਼ਮੀਨ ਦੀ ਉਪਜਾਊੂ ਸਕਤੀ ਘਟ ਜਾਂਦੀ ਹੈ। ਜਿਸ ਦੀ ਪੂਰਤੀ ਲਈ ਜ਼ਿਆਦਾਤਰ ਕਿਸਾਨ ਯੂਰੀਆ, ਡੀ.ਏ.ਪੀ. ਅਤੇ ਮਿਊਰੇਟ ਆਫ ਪੋਟਾਸ਼ ਖਾਦਾਂ ਦੀ ਵਰਤੋਂ ਕਰਦੇ ਹਨ। ਪੰਜਾਬ ਵਿਚ 79 ਪ੍ਰਤੀਸਤ ਦੇ ਕਰੀਬ ਇਕੱਲੀ ਯੂਰੀਆ ਖਾਦ ਵਰਤੀ ਜਾਂਦੀ ਹੈ। ਫਸਲਾਂ ਤੋਂ ਪੂਰਾ ਝਾੜ ਲੈਣ ਲਈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ ਤੱਤਾਂ ਦੀ ਸਹੀ ਅਨੁਪਾਤ 4 : 2 : 1 ਮੰਨੀ ਜਾਂਦੀ ਹੈ। ਪਰ 2017-18 ਦੀ ਖਪਤ ਅਨੁਸਾਰ ਇਹ ਅਨੁਪਾਤ 18.3: 3.9:1 ਸਾਉਣੀ ਵਿਚ ਅਤੇ 44.4 : 10.8 : 1 ਹਾੜੀ ਵਿਚ ਬਣਦੀ ਹੈ। ਇਹ ਗਲਤ ਅਨੁਪਾਤ ਜ਼ਮੀਨ ਵਿਚ ਖੁਰਾਕੀ ਤੱਤਾਂ ਦਾ ਸੰਤੁਲਨ ਵਿਗਾੜ ਦਿੰਦੀ ਹੈ ਜਿਸ ਨਾਲ ਫਸਲਾਂ ਦੇ ਝਾੜ ਤੇ ਮਾੜਾ ਅਸਰ ਪੈਦਾ ਹੈ। ਰਸਾਇਣਕ ਖਾਦਾਂ ਤਕਰੀਬਨ 1-2 ਤੱਤ ਹੀ ਦਿੰਦੀਆਂ ਹਨ। ਜਿਵੇਂ ਕਿ ਯੂਰੀਆ ਸਿਰਫ ਨਾਈਟ੍ਰੋਜਨ, ਸੁਪਰਫਾਸਫੇਟ, ਸਿਰਫ ਫਾਸਫੋਰਸ, ਮਿਉਰੇਟ ਆਫ ਪੋਟਾਸ ਸਿਰਫ ਪੋਟਾਸ ਅਤੇ ਡਾਇਆ ਨਾਈਟ੍ਰੋਜਨ ਤੇ ਫਾਸਫੋਰਸ ਤੱਤ ਹੀ ਦਿੰਦੀਆਂ ਹਨ।

ਇਸ ਤਰ੍ਹਾਂ ਜਿਹੜੀਆਂ ਜ਼ਮੀਨਾਂ ਵਿਚ ਲਗਾਤਾਰ ਇੱਕੋ ਕਿਸਮ ਦੀਆਂ ਰਸਾਇਣਕ ਖਾਦਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ ਤੋਂ ਇਲਾਵਾ ਦਰਮਿਆਨੇ ਦਰਜੇ ਦੇ ਖੁਰਾਕੀ ਤੱਤ (ਸਲਫਰ, ਮੈਗਨੀਸੀਅਮ ਆਦਿ) ਅਤੇ ਛੋਟੇ ਤੱਤਾਂ (ਜ਼ਿੰਕ, ਲੋਹਾ, ਮੈਂਗਨੀਜ ਅਤੇ ਤਾਂਬਾ ਆਦਿ) ਦੀ ਘਾਟ ਆ ਜਾਂਦੀ ਹੈ। ਫਸਲਾਂ ਦਾ ਪੂਰਾ ਝਾੜ ਲੈਣ ਲਈ ਇਹ ਜਰੂਰੀ ਹੈ ਕਿ ਰਸਾਇਣਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਵੀ ਵਰਤੀਆਂ ਜਾਣ। ਪੰਜਾਬ ਵਿਚ ਅਤੇ ਦੀ ਗਰਮੀ ਪੈਣ ਕਰਕੇ ਅਤੇ ਜੀਵਕ ਖਾਦਾਂ ਦੀ ਨਾ-ਮਾਤਰ ਵਰਤੋਂ ਹੋਣ ਕਰਕੇ ਜਮੀਨ ਵਿਚ ਜੀਵਕ ਮਾਦਾ (ਮੱਲੜ) ਘੱਟ ਹੈ। ਜੀਵਕ ਮਾਦੇ ਦੀ ਮਹਤਤਾ ਜ਼ਮੀਨ ਵਿਚ ਖੁਰਾਕੀ ਤਤਾਂ ਅਤੇ ਪਾਣੀ ਨੂੰ ਸਾਂਭਣ ਵਿਚ ਬਹੁਤ ਸਹਾਈ ਹੁੰਦੀ ਹੈ। ਜ਼ਮੀਨ ਵਿਚ ਜਿੰਨਾਂ ਜੀਵਕ ਮਾਦਾ ਜਿਆਦਾ ਹੋਵੇਗਾ, ਜਮੀਨ ਦੀ ਉਪਜਾਊ ਸਕਤੀ ਉਨੀ ਹੀ ਵਧਦੀ ਜਾਵੇਗੀ। ਹਰੀ ਖਾਦ ਦੀ ਵਰਤੋਂ ਨਾਲ ਜ਼ਮੀਨ ਵਿਚ ਜੀਵਕ ਮਾਦਾ ਵਧਾਇਆ ਜਾ ਸਕਦਾ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸਕਤੀ ਵਧਦੀ ਹੈ। ਹਰੀ ਖਾਦ ਤੋਂ ਭਾਵ ਹੈ ਕਿ ਕੋਈ ਵੀ ਯੋਗ ਫਸਲ, ਖਾਸ ਕਰਕੇ ਫਲੀਦਾਰ ਫਸਲ ਉਗਾਉਣਾ ਅਤੇ ਠੀਕ ਸਮੇਂ ਤੇ ਉਸਨੂੰ ਖੇਤ ਵਿਚ ਵਾਹ ਕੇ ਦਬਾ ਦੇਣਾ।

ਹਰੀ ਖਾਦ ਗਲਣ ਪਿਛੋਂ ਜਮੀਨ ਵਿਚ ਮੱਲੜ ਦੀ ਮਾਤਰਾ ਵਧਾਉਂਦੀ ਹੈ। ਇਹ ਮੱਲੜ ਆਪਣੇ ਅੰਦਰਲੇ ਖੁਰਾਕੀ ਤੱਤ ਵੀ ਜਮੀਨ ਨੂੰ ਦਿੰਦਾ ਹੈ। ਹਰਾ ਪਦਾਰਥ ਗਲ ਸੜ ਕੇ ਬਾਅਦ ਵਿਚ ਬੀਜੀ ਫਸਲ ਨੂੰ ਕਾਫੀ ਖੁਰਾਕੀ ਤੱਤ ਮੁਹੱਈਆ ਕਰਵਾਉਂਦਾ ਹੈ। ਹਰੀ ਖਾਦ ਦੇ ਪੌਦਿਆਂ ਨੇ ਜਿਹੜੇ ਖੁਰਾਕੀ ਤੱਤ ਜਮੀਨ ਵਿਚੋਂ ਹਾਸਲ ਕੀਤੇ ਸਨ ਉਹ ਵੀ ਜਮੀਨ ਵਿਚ ਵਾਪਸ ਚਲੇ ਜਾਂਦੇ ਹਨ। ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿਚ ਗੰਢਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਹਵਾ ਵਿਚਲੀ ਨਾਈਟ੍ਰੋਜਨ ਜ਼ਮੀਨ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ। ਫਲੀਦਾਰ ਫਸਲਾਂ ਦੇ ਪੌਦੇ ਜਦੋਂ ਜਮੀਨ ਵਿਚ ਦਬੇ ਜਾਂਦੇ ਹਨ ਤਾਂ ਇਹ ਜ਼ਮੀਨ ਦੀ ਭੌਤਿਕ ਤੇ ਰਸਾਇਣਕ ਹਾਲਤ ਸੁਧਾਰਦੇ ਹਨ। ਭਾਰੀਆਂ ਜ਼ਮੀਨਾਂ ਵਿਚ ਮਲੜ ਦੀ ਮਾਤਰਾ ਵਧਣ ਨਾਲ ਭੂਮੀ ਵਿਚ ਨਮੀ ਅਤੇ ਹਵਾ ਦਾ ਸੰਬੰਧ ਚੰਗਾ ਹੋ ਜਾਂਦਾ ਹੈ ਅਤੇ ਫਸਲਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਵਧਦੀਆਂ ਫੁਲਦੀਆਂ ਹਨ।

- Advertisement -

ਹਲਕੀਆਂ/ਰੇਤਲੀਆਂ ਜਮੀਨਾਂ ਜਮੀਨਾਂ ਵਿਚ ਹਰੀ ਖਾਦ ਕਰਨ ਨਾਲ ਮੱਲੜ ਦੀ ਮਾਤਰਾ ਵਧਣ ਨਾਲ ਜ਼ਮੀਨ ਦੀ ਉਪਜਾਊ ਸਕਤੀ ਅਤੇ ਜਮੀਨ ਦੀ ਪਾਣੀ ਸਾਂਭ ਕੇ ਰਖਣ ਦੀ ਸਕਤੀ ਵਧਦੀ ਹੈ, ਜਿਸ ਕਰਕੇ ਫਸਲਾਂ ਦਾ ਝਾੜ ਵਧ ਜਾਂਦਾ ਹੈ। ਕੱਲਰ ਵਾਲੀ ਜ਼ਮੀਨ ਦਾ ਸੁਧਾਰ ਕਰਨ ਲਈ ਵੀ ਹਰੀ ਖਾਦ ਦੀ ਵਰਤੋਂ ਕਰਨੀ ਬਹੁਤ ਉਪਯੋਗੀ ਹੈ ਕਿਉਂਕਿ ਜਦੋਂ ਹਰੀ ਖਾਦ ਦਾ ਹਰਾ ਮਾਦਾ ਜ਼ਮੀਨ ਵਿਚ ਗਲ ਸੜ ਰਿਹਾ ਹੁੰਦਾ ਹੈ ਤਾਂ ਉਹ ਕਈ ਪ੍ਰਕਾਰ ਦੇ ਤੇਜਾਬੀ ਮਾਦੇ ਛਡਦਾ ਹੈ, ਜਿਹੜੇ ਜਮੀਨ ਦਾ ਖਾਰਾਪਣ ਘਟਾਉਂਦੇ ਹਨ। ਮੱਲੜ ਦੇ ਗਲਣ ਸਮੇਂ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਉਹ ਖਾਰੇ ਅੰਸ ਨੂੰ ਘਟਾਉਦੀ ਹੈ ਅਤੇ ਫਾਸਫੋਰਸ ਤੱਤ ਬੂਟਿਆਂ ਨੂੰ ਮਿਲਣਯੋਗ ਬਣਾਉਦੀ ਹੈ ਅਤੇ ਕੱਲਰੀ ਜ਼ਮੀਨ ਦਾ ਸੁਧਾਰ ਹੋ ਜਾਂਦਾ ਹੈ।
ਹਰੀ ਖਾਦ ਜਮੀਨ ਨੂੰ ਨਾਈਟ੍ਰੋਜਨ, ਫਾਸਫੋਰਸ, ਪੋਟਾਸ ਅਤੇ ਹੋਰ ਖੁਰਾਕੀ ਤਤ ਦਿੰਦੀ ਹੈ। ਹਰੀ ਖਾਦ ਨਦੀਨਾਂ ਨੂੰ ਘਟਾਉਣ ਵਿਚ ਵੀ ਮਦਦ ਕਰਦੀ ਹੈ ਕਿਉਂਕਿ ਹਰੀ ਖਾਦ ਵਾਲੀ ਫਸਲ ਬਹੁਤ ਜਲਦੀ ਵਧਦੀ ਹੈ ਅਤੇ ਇਹ ਨਦੀਨਾਂ ਉਪਰ ਕਾਬੂ ਪਾ ਲੈਦਂੀ ਹੈ। ਜੋ ਨਦੀਨ ਉਗ ਆਉਂਦੇ ਹਨ ਉਹ ਬੀਜ ਬਣਨ ਤੋਂ ਪਹਿਲਾਂ ਹੀ ਹਰੀ ਖਾਦ ਨਾਲ ਦਬੇ ਜਾਂਦੇ ਹਨ।

ਜੰਤਰ/ਢੈਂਚਾ, ਸਣ, ਰਵਾਂਹ ਆਦਿ ਫਸਲਾਂ ਹਰੀ ਖਾਦ ਦੇ ਤੌਰ ਤੇ ਵਰਤੀਆਂ ਜਾ ਸਕਦੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਹਰੀ ਖਾਦ ਲਈ ਪੰਜਾਬ ਢੈਂਚਾ-1, ਸਣ ਦੀ ਪੀ ਏ ਯੂ 1691 ਅਤੇ ਨਰਿੰਦਰ ਸਨਈ-1 ਕਿਸਮਾਂ ਦੀ ਸਿਫਾਰਿਸ ਕੀਤੀ ਗਈ ਹੈ। ਰਵਾਂਹ ਦੀਆਂ ਦੋ ਕਿਸਮਾਂ ਸੀ ਐਲ-367 ਅਤੇ ਰਵਾਂਹ-88 ਦੀ ਸਿਫਾਰਿਸ ਕੀਤੀ ਗਈ ਹੈ। ਹਰੀ ਖਾਦ ਲਈ ਕਣਕ ਵਢਣ ਤੋਂ ਬਾਅਦ ਖੇਤ ਨੂੰ ਪਾਣੀ ਲਾ ਦਿਓ। ਇਸ ਪਿਛੋਂ 20 ਕਿਲੋਗ੍ਰਾਮ ਢਂੈਚਾ ਜਾਂ ਸਣ ਜਾਂ 12 ਕਿਲੋਗ੍ਰਾਮ ਰਵਾਂਹ ਦਾ ਬੀਜ ਜਿਹੜਾ 8 ਘੰਟੇ ਲਈ ਭੱਜਿਆ ਹੋਵੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦਿਓ।ਘੱਟ ਫਾਸਫੋਰਸ ਵਾਲੇ ਖੇਤਾਂ ਵਿਚ ਹਰੀ ਖਾਦ ਤੋਂ ਚੰਗਾ ਲਾਹਾ ਲੈਣ ਲਈ ਝੋਨੇ ਵਿਚ ਵਰਤੀ ਜਾਣ ਵਾਲੀ ਫਾਸਫੋਰਸ ਦੀ ਖਾਦ ਨੂੰ (75 ਕਿਲੋਗ੍ਰਾਮ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ) ਹਰੀ ਖਾਦ ਦੀ ਬਿਜਾਈ ਵੇਲੇ ਖੇਤ ਵਿਚ ਪਾ ਦੇਣਾ ਚਾਹੀਦਾ ਹੈ। ਇਸ ਨਾਲ ਹਰੀ ਖਾਦ ਦਾ ਵਾਧਾ ਚੰਗਾ ਹੁੰਦਾ ਹੈ ਅਤੇ ਨਾਈਟ੍ਰੋਜਨ ਜਮ੍ਹਾਂ ਕਰਨ ਦੀ ਸਮਰੱਥਾ ਵੀ ਵਧਦੀ ਹੈ। ਇਸ ਤੋਂਂ ਬਾਅਦ ਬੀਜੀ ਜਾਣ ਵਾਲੀ ਝੋਨੇ ਦੀ ਫਸਲ ਨੂੰ ਇਹ ਫਾਸਫੋਰਸ ਵਾਲੀ ਖਾਦ ਨਾ ਪਾਓ। ਹਰੀ ਖਾਦ ਵਾਲੀ ਫਸਲ ਨੂੰ ਤਕਰੀਬਨ 3-4 ਪਾਣੀਆਂ ਦੀ ਲੋੜ ਪੈਦਂੀ ਹੈ ਅਤੇ ਤਕਰੀਬਨ 6-8 ਹਫਤਿਆਂ ਵਿਚ ਜਦੋਂ ਫਸਲ ਫੁਲਾਂ ਤੇ ਆਂਉਦੀ ਹੈ, ਤਿਆਰ ਹੋ ਜਾਂਦੀ ਹੈ। 15-20 ਅਪ੍ਰੈਲ ਨੂੰ ਬੀਜੀ ਜਾਣ ਵਾਲੀ ਫਸਲ, 10-15 ਜੂਨ ਦੇ ਨੇੜੇ ਤਿਆਰ ਹੋ ਜਾਂਦੀ ਹੈ। ਝੋਨਾ ਲਾਉਣ ਤੋਂ ਇਕ ਦਿਨ ਪਹਿਲਾਂ ਅਤੇ ਮੱਕੀ ਬੀਜਣ ਤੋਂ 10 ਦਿਨ ਪਹਿਲਾਂ ਹਰੀ ਖਾਦ ਦੀ ਫਸਲ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਦਿਓ । ਇਸ ਤਰ੍ਹਾਂ ਦਬਾਈ ਗਈ ਹਰੀ ਖਾਦ ਹੌਲੀ-ਹੌਲੀ ਗਲਦੀ ਰਹਿੰਦੀ ਹੈ ਅਤੇ ਝੋਨੇ ਦੀ ਫਸਲ ਨੂੰ ਤੱਤ ਮਿਲਦੇ ਰਹਿੰਦੇ ਹਨ। ਆਮ ਹਾਲਤਾਂ ਵਿਚ ਜੰਤਰ/ਰਵਾਂਹ/ਸਣ ਦੀ ਫਸਲ ਜਦੋਂ 6 ਤੋਂ 8 ਹਫਤੇ ਦੀ ਹੋ ਜਾਵੇ ਤਾਂ, ਖੇਤ ਵਿਚ ਦਬਾ ਦੇਣ ਨਾਲ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਖਾਦ) ਦੀ ਬੱਚਤ ਕੀਤੀ ਜਾ ਸਕਦੀ ਹੈ।

ਕਲਰਾਠੀਆਂ ਅਤੇ ਨਵੀਂਆਂ ਵਾਹੀਯੋਗ ਜਮੀਨਾਂ ਵਿਚ ਢੈਂਚੇ ਦੀ ਹਰੀ ਖਾਦ ਨੂੰ ਤਰਜੀਹ ਦੇਣੀ ਚਾਹੀਦੀ ਹੈ । ਢੈਂਚੇ ਦੀ ਹਰੀ ਖਾਦ ਨਾਲ ਝੋਨੇ ਦੀ ਫਸਲ ਵਿਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ । ਹਰੀ ਖਾਦ ਤੋਂ ਬਾਅਦ ਲਗਾਈ ਬਾਸਮਤੀ ਨੂੰ ਨਾਈਟ੍ਰੋਜਨ ਖਾਦ ਪਾਉਣ ਦੀ ਜਰੂਰਤ ਨਹੀਂਂ ਪੈਂਦੀ। ਇਸ ਲਈ ਉਪਜਾਊ ਸਕਤੀ ਨੂੰ ਬਰਕਰਾਰ ਰੱਖਣ ਲਈ ਹਰੀਆਂ ਖਾਦਾਂ ਨੂੰ ਉਗਾਉਣਾ ਸਮੇਂ ਦੀ ਲੋੜ ਹੈ। ਜੇਕਰ ਹਰੀ ਖਾਦ ਦੀ ਫਸਲ ਵਿਚ ਕੀੜੇ-ਮਕੌੜਿਆਂ ਦੀ ਸਮੱਸਿਆ ਆਵੇ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸੀ ਵਿਗਿਆਨ ਕੇਂਦਰਾਂ ਜਾਂ ਕਿਸਾਨ ਸੇਵਾ ਸੈਂਟਰਾਂ ਦੇ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ।

Share this Article
Leave a comment