ਸੁਪਰੀਮ ਕੋਰਟ ‘ਚ ਦਿੱਲੀ ਸਰਕਾਰ ਦਾ ਹਲਫਨਾਮਾ, ਪੂਰਾ ਲਾਕਡਾਊਨ ਲਗਾਉਣ ਦੀ ਤਿਆਰੀ

TeamGlobalPunjab
3 Min Read

ਨਵੀਂ ਦਿੱਲੀ : ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਦਿੱਲੀ ਵਿਚ ਪ੍ਰਦੂਸ਼ਣ ਦੇ ਖਰਾਬ ਹੁੰਦੇ ਪੱਧਰ ’ਤੇ ਫਿਰ ਤੋਂ ਸੁਣਵਾਈ ਦੌਰਾਨ ਕੇਜਰੀਵਾਲ ਸਰਕਾਰ ਨੇ ਆਪਣਾ ਹਲਫ਼ਨਾਮਾ ਦਾਇਰ ਕੀਤਾ ਹੈ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਵਿੱਚ ਮੁਕੰਮਲ ਤਾਲਾਬੰਦੀ ਲਾਉਣ ਲਈ ਤਿਆਰ ਹੈ। ਦੱਸ ਦਈਏ ਕਿ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਦੋ ਦਿਨ ਦਾ ਲਾਕਡਾਊਨ ਲਗਾ ਦਿਓ।

 ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹੀ ਦਿੱਲੀ ਸਰਕਾਰ ਨੂੰ ਇਹ ਆਪਸ਼ਨ ਸੁਝਾਇਆ ਸੀ, ਜਿਸ ’ਤੇ ਅੱਜ ਸਰਕਾਰ ਨੇ ਫੈਸਲਾ ਵੀ ਲੈ ਲਿਆ ਹੈ। ਪਿਛਲੀ ਸੁਣਵਾਈ ‘ਚ ਅਦਾਲਤ ਨੇ ਦਿੱਲੀ ਦੀ ਵਿਗੜਦੀ ਹਵਾ ‘ਤੇ ਨਾ ਸਿਰਫ਼ ਚਿੰਤਾ ਪ੍ਰਗਟਾਈ ਸੀ ਸਗੋਂ ਸਖ਼ਤ ਰੁਖ਼ ਵੀ ਲਿਆ ਸੀ। ਅਦਾਲਤ ਨੇ ਦਿੱਲੀ ਸਰਕਾਰ ਨੂੰ ਸਾਫ਼ ਕਿਹਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਇਸ ਲਈ ਉਨ੍ਹਾਂ ਨੂੰ ਵੀ ਕਦਮ ਚੁੱਕਣੇ ਪੈਣਗੇ। ਸੁਪਰੀਮ ਕੋਰਟ ਵਿੱਚ ਦਿੱਲੀ ਸਰਕਾਰ ਨੇ ਨੇੜਲੇ ਰਾਜਾਂ ਵਿੱਚ ਪਰਾਲੀ ਸਾੜਨ ਦਾ ਵੱਡਾ ਕਾਰਨ ਦੱਸਿਆ ਸੀ।ਸੁਪਰੀਮ ਕੋਰਟ ਨੇ ਦਿੱਲੀ ‘ਚ ਦੋ ਦਿਨ ਦਾ ਲਾਕਡਾਊਨ ਲਗਾਉਣ ਦਾ ਵੀ ਸੁਝਾਅ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਭਾਰਤ ਦੇ ਚੀਫ਼ ਜਸਟਿਸ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਕਰ ਰਹੀ ਹੈ। ਇਸ ਵਿੱਚ ਸੀਜੇਆਈ ਐਨਵੀ ਰਮਨਾ, ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਸੂਰਿਆ ਕਾਂਤ ਸ਼ਾਮਲ ਹਨ।

ਸੋਮਵਾਰ ਸਵੇਰੇ 6 ਵਜੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 318 ਦਰਜ ਕੀਤਾ ਗਿਆ। ਫਰੀਦਾਬਾਦ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ਦੇ ਰਾਸ਼ਟਰੀ ਰਾਜਧਾਨੀ ਖੇਤਰ (NCR) ਖੇਤਰਾਂ ਨੇ ਕ੍ਰਮਵਾਰ 312, 329, 317 ਅਤੇ 387 ਦੇ AQI ਦਰਜ ਕੀਤਾ ਗਿਆ। ਏਅਰ ਕੁਆਲਿਟੀ ਇੰਡੈਕਸ (AQI) ਨੂੰ ਉਦੋਂ ਚੰਗਾ ਮੰਨਿਆ ਜਾਂਦਾ ਹੈ ਜਦੋਂ ਏਅਰ ਕੁਆਲਿਟੀ ਇੰਡੈਕਸ (AQI) ਜ਼ੀਰੋ ਅਤੇ 50 ਦੇ ਵਿਚਕਾਰ ਹੁੰਦਾ ਹੈ, ਜਦੋਂ ਕਿ 51 ਅਤੇ 100 ਵਿਚਕਾਰ AQI ਨੂੰ ‘ਤਸੱਲੀਬਖਸ਼’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।  AQI 101 ਅਤੇ 200 ਦੇ ਵਿਚਕਾਰ ਹੁੰਦਾ ਹੈ, ਤਾਂ ਪ੍ਰਦੂਸ਼ਣ ਨੂੰ ‘ਮੱਧਮ’ ਮੰਨਿਆ ਜਾਂਦਾ ਹੈ, ਜਦੋਂ ਕਿ 201 ਤੋਂ 300 ਦੇ ਵਿਚਕਾਰ ਇਸ ਨੂੰ ਮਾੜਾ ਮੰਨਿਆ ਜਾਂਦਾ ਹੈ। 301 ਅਤੇ 400 ਦੇ ਵਿਚਕਾਰ ਹਵਾ ਨੂੰ ‘ਬਹੁਤ ਖਰਾਬ’ ਮੰਨਿਆ ਜਾਂਦਾ ਹੈ, ਜਦੋਂ ਕਿ 401 ਅਤੇ 500 ਦੇ ਵਿਚਕਾਰ AQI ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।

Share this Article
Leave a comment