ਸਿੱਧੂ ਮੂਸੇ ਵਾਲੇ ਦੇ ਅਸੱਭਿਅਕ ਗਾਣਾ ਗਾਣ ‘ਤੇ BDPO ਅੱਗੇ ਪੇਸ਼ ਹੋ ਕੇ ਜਵਾਬ ਦੇਵੇਗੀ ਉਸ ਦੀ ਸਰਪੰਚ ਮਾਂ

TeamGlobalPunjab
3 Min Read

ਮਾਨਸਾ : ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਨੂੰ ਮਾਨਸਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਚਰਨ ਕੌਰ ਦੇ ਖਿਲਾਫ ਪ੍ਰੋ: ਪੰਡਿਤ ਰਾਓ ਧਨੇਸ਼ਵਰ ਨੇ ਲੰਘੀ 16 ਅਪ੍ਰੈਲ ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇ ਵਾਲਾ ਅਸੱਭਿਅਕ ਗਾਣੇ ਗਾ ਰਿਹਾ ਹੈ, ਇਸ ਦਾ ਜਵਾਬ ਉਨ੍ਹਾਂ ਦੀ ਮਾਂ ਤੋਂ ਮੰਗਿਆ ਜਾਵੇ ਕਿਉਂਕਿ ਉਹ ਸਰਪੰਚ ਵਰਗੇ ਜਿੰਮੇਵਾਰ ਅਹੁਦੇ ‘ਤੇ ਹਨ। ਬੀਤੇ ਵਰ੍ਹੇ ਪਿੰਡ ਮੂਸਾ ਵਾਲਾ ਦੀ ਸਰਪੰਚ ਚੁਣੀ ਗਈ ਚਰਨ ਕੌਰ ਨੂੰ ਹੁਣ ਸੋਮਵਾਰ 22 ਅਪ੍ਰੈਲ ਵਾਲੇ ਦਿਨ ਬੀਡੀਪੀਓ ਅੱਗੇ ਪੇਸ਼ ਹੋਣਾ ਪਵੇਗਾ।

ਪੰਚਾਇਤ ਵਿਭਾਗ ਵੱਲੋਂ ਚਰਨ ਕੌਰ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਕਿਹਾ ਗਿਆ ਹੈ, ਕਿ ਪੰਡਿਤ ਧਨੇਸ਼ਵਰ ਨੇ ਸ਼ਿਕਾਇਤ ਕਰਕੇ ਮੰਗ ਕੀਤੀ ਹੈ, ਕਿ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਮਾਤਾ ਜਿਹੜੀ ਕਿ ਪਿੰਡ ਮੂਸੇ ਵਾਲਾ ਵਿੱਚ ਇੱਕ ਜਿੰਮੇਵਾਰ ਅਹੁਦੇ ‘ਤੇ ਵਿਰਾਜਮਾਨ ਹਨ, ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਚਰਨ ਕੌਰ ਦਾ ਲੜਕਾ ਅਸੱਭਿਅਕ ਗਾਣੇ ਕਿਉਂ ਗਾਉਂਦਾ ਹੈ, ਤੇ ਪੰਚਾਇਤ ਵਿਭਾਗ ਚਰਨ ਕੌਰ ਨੂੰ ਇਹ ਪੁੱਛੇ ਕਿ ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅਜਿਹੇ ਗਾਣੇ ਗਾਉਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਹਨ?

ਦੱਸ ਦਈਏ ਕਿ ਪੰਡਿਤ ਰਾਓ ਧਨੇਸ਼ਵਰ ਨੇ ਆਪਣੀ ਸ਼ਿਕਾਇਤ ਵਿੱਚ “ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਨੂੰ ਬਿਲੌਂਗ ਕਰਦਾ” ਗਾਣੇ ਦਾ ਖਾਸ ਤੌਰ ‘ਤੇ ਜਿਕਰ ਕਰਦਿਆਂ ਪੁੱਛਿਆ ਹੈ ਕਿ ਇਹ ਦੱਸਿਆ ਜਾਵੇ ਕਿ, ਕੀ ਮੂਸੇ ਵਾਲਾ ਪਿੰਡ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ?

ਜਿਕਰਯੋਗ ਹੈ, ਕਿ ਪੰਡਿਤ ਰਾਓ ਧਨੇਸ਼ਵਰ ਭਾਵੇਂ ਕਿ ਮੁੱਢੋਂ ਪੰਜਾਬੀ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢ ਰੱਖੀ ਹੈ। ਇਸ ਮੁਹਿੰਮ ਤਹਿਤ ਉਹ ਹਰ ਉਸ ਸ਼ਖ਼ਸ਼ ਜਾਂ ਸੰਸਥਾ ਦੇ ਖਿਲਾਫ ਅਵਾਜ਼ ਚੁਕਦੇ ਹਨ ਜਿਹੜੇ ਕਿ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਿੱਧੂ ਮੂਸੇ ਵਾਲਾ ਦੇ ਗਾਣਿਆ ‘ਤੇ ਵੀ ਪੰਡਿਤ ਰਾਓ ਧਨੇਸ਼ਵਰ ਕਈ ਵਾਰ ਇਤਰਾਜ਼ ਜਾਹਰ ਕਰ ਚੁਕੇ ਹਨ, ਤੇ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਸ਼ਰੇਆਮ ਇਹ ਐਲਾਨ ਕੀਤਾ ਸੀ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਸੱਭਿਅਕ ਗਾਣੇ ਗਾਉਣ ਲਈ ਹਰ ਹਾਲਤ ਵਿੱਚ ਮਜਬੂਰ ਕਰਨਗੇ, ਤੇ ਮੂਸੇ ਵਾਲਾ ਦੀ ਮਾਂ ਦੇ ਖਿਲਾਫ ਇਹ ਸ਼ਿਕਾਇਤ ਕਰਕੇ ਪੰਡਿਤ ਹੁਰਾਂ ਨੇ ਸ਼ੁਰੂਆਤ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸ਼ਿਕਾਇਤ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਆਪਣੇ ਪੁੱਤਰ ਨੂੰ ਸੱਭਿਅਕ ਗਾਣੇ ਗਾਉਣ ਲਈ ਮਜਬੂਰ ਕਰਦੇ ਹਨ ਜਾਂ ਆਪਣੀ ਸਰਪੰਚੀ ਹੀ ਛੱਡ ਦੇਣਗੇ।

- Advertisement -

Share this Article
Leave a comment