ਓਹਾਇਓ: ਅਮਰੀਕਾ ਦੇ ਵੈਸਟ ਚੈਸਟਰ ਦੀ ਇੱਕ ਰਿਹਾਇਸ਼ੀ ਕੰਪਲੈਕਸ ‘ਚ ਬੀਤੇ ਅਪ੍ਰੈਲ ਮਹੀਨੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਸਿੱਖ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਵਿਅਕਤੀ ਨੇ ਹੀ ਜਾਇਦਾਦ ਦੇ ਲਾਲਚ ‘ਚ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 37 ਸਾਲਾ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਸ਼ਲਿੰਦਰ ਕੌਰ (39), ਸਹੁਰੇ ਹਰਕੀਰਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਅਤੇ ਮਾਸੀ ਸੱਸ ਅਮਰਜੀਤ ਕੌਰ (58) ਦਾ ਘਰ ਅੰਦਰ ਹੀ ਕਤਲ ਕਰ ਦਿੱਤਾ ਸੀ।
ਗੁਰਪ੍ਰੀਤ ਸਿੰਘ ਨੇ ਨਾਟਕੀ ਢੰਗ ਨਾਲ ਕਤਲ ਦੀ ਸਭ ਤੋਂ ਪਹਿਲੀ ਜਾਣਕਾਰੀ ਖੁਦ ਹੀ ਫੋਨ ਕਰਕੇ ਸਥਾਨਕ ਪੁਲਸ ਨੂੰ ਦਿੱਤੀ ਸੀ। ਇਸ ਪਰਿਵਾਰਕ ਕਤਲ ਦੀ ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਗੁਰਪ੍ਰੀਤ ਨੂੰ ਹਿਰਾਸਤ ‘ਚ ਲਿਆ ਅਤੇ ਇਸ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਇਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
https://www.facebook.com/branfordpolice/posts/10156919111993101
ਗ੍ਰੇਟਰ ਸਿਨਸਿਨਾਟੀ ਵੈਸਟ ਚੈਸਟਰ ਦੀ ਗੁਰੂ ਨਾਨਕ ਸੁਸਾਇਟੀ ਦੀ ਐਗਜ਼ੀਕਿਉਟਿਵ ਕਮੇਟੀ ਦੇ ਪ੍ਰੈਜ਼ੀਡੈਂਟ ਜਸਮਿੰਦਰ ਸਿੰਘ ਨੇ ਘਟਨਾ ਵੇਲੇ ਦੱਸਿਆ ਕਿ ਘਟਨਾ ਦੇ ਦਿਨ ਐਤਵਾਰ ਸਵੇਰੇ ਹੀ ਉਨ੍ਹਾਂ ਨੇ ਹਰਕੀਰਤ ਸਿੰਘ ਪਨਾਗ ਨਾਲ ਬੈਠ ਕੇ ਚਾਹ ਪੀਤੀ ਸੀ। ਉਸੇ ਰਾਤ ਉਸ ਸਮੇਤ ਪਰਿਵਾਰ ਦੇ ਚਾਰ ਜੀਆਂ ਦੇ ਮਾਰੇ ਜਾਣ ਦੀ ਖਬਰ ਆ ਗਈ। ਉਨ੍ਹਾਂ ਦੱਸਿਆ ਕਿ ਪਨਾਗ ਨੂੰ ਉਹ ਪਿਛਲੇ 11 ਸਾਲਾਂ ਤੋਂ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਪਨਾਗ ਤੇ ਉਨ੍ਹਾਂ ਦਾ ਪਰਿਵਾਰ ਹਰ ਐਤਵਾਰ ਨੂੰ ਗੁਰਦੁਆਰੇ ਵਿੱਚ ਸੇਵਾ ਕਰਨ ਆਉਂਦਾ ਸੀ।
ਜਸਮਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਪਨਾਗ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੁਣ ਉਸ ਨੂੰ ਵੀਕੈਂਡ ਉੱਤੇ ਹੋਰ ਕੰਮ ਨਹੀਂ ਕਰਨਾ ਹੋਵੇਗਾ। ਗੁਰਦੁਆਰੇ ਵਿੱਚ ਹੋਈ ਇਸ ਗੱਲਬਾਤ ਤੋਂ ਕਿਤੇ ਵੀ ਹੋਣ ਵਾਲੀ ਤ੍ਰਾਸਦੀ ਦੀ ਝਲਕ ਨਜ਼ਰ ਨਹੀਂ ਸੀ ਆ ਰਹੀ। ਜਸਮਿੰਦਰ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁਸ਼ ਸੀ। ਪਰ ਇੱਕਠਿਆਂ ਚਾਹ ਪੀਣ ਤੋਂ ਕੁੱਝ ਘੰਟੇ ਬਾਅਦ ਹੀ ਪਨਾਗ ਤੇ ਉਨ੍ਹਾਂ ਦਾ ਪਰਿਵਾਰ ਦਾ ਕਤਲ ਹੋ ਗਿਆ।