ਸਿੱਖ ਕੌਮ ਨੂੰ ਆਪਣੇ ਸ਼ਹੀਦੀ ਵਿਰਸੇ ’ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ -ਭਾਈ ਲੌਂਗੋਵਾਲ

TeamGlobalPunjab
3 Min Read

ਇਸੇ ਦੌਰਾਨ ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਜਾਏ ਗਏ ਗੁਰਮਤਿ ਸਮਾਗਮ ’ਚ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੌਮ ਲਈ ਮਾਰਗ ਦਰਸ਼ਨ ਹੈ ਅਤੇ ਸਮੁੱਚੀ ਕੌਮ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਬਿਖੜੇ ਸਮੇਂ ਹਿੰਮਤ ਦਾ ਪੱਲਾ ਫੜ੍ਹ ਕੇ ਧਰਮ ਵਿਚ ਪਰਪੱਕ ਰਹਿਣ ਦਾ ਰਾਹ ਦਿਖਾਉਂਦੀਆਂ ਹਨ। ਸਿੱਖ ਕੌਮ ਨੂੰ ਆਪਣੇ ਸ਼ਹੀਦੀ ਵਿਰਸੇ ’ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ। ਭਾਈ ਲੌਂਗੋਵਾਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਨਾਲ-ਨਾਲ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਥ ਦੇਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ। ਭਾਈ ਲੌਂਗੋਵਾਲ ਨੇ ਉਨ੍ਹਾਂ ਸਮੂਹ ਧਾਰਮਿਕ ਸ਼ਖਸੀਅਤਾਂ, ਸਿੱਖ ਜਥੇਬੰਦੀਆਂ, ਸਭਾ-ਸੁਸਾਇਟੀਆਂ, ਸਕੂਲਾਂ/ਕਾਲਜਾਂ, ਪ੍ਰਸ਼ਾਸਨ ਤੇ ਸੰਗਤਾਂ ਦਾ ਸ਼ਹੀਦੀ ਸਭਾ ਦੌਰਾਨ ਸਹਿਯੋਗ ਕਰਨ ਲਈ ਧੰਨਵਾਦ ਕੀਤਾ।


ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਲਾਸਾਨੀ ਵਿਰਸੇ ਦੀ ਵਾਰਸ ਹੈ ਅਤੇ ਕੌਮ ਦੇ ਇਤਿਹਾਸ ਅੰਦਰ ਸ਼ਹਾਦਤਾਂ ਦੀ ਲੰੰਮੀ ਲੜੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜੁਆਨੀ ਨੂੰ ਆਪਣੇ ਇਤਿਹਾਸ ਤੋਂ ਵਾਕਫ ਕਰਵਾਉਣ ਦੀ ਵੱਡੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਗੁਰਬਾਣੀ, ਇਤਿਹਾਸ, ਮਰਯਾਦਾ ਅਤੇ ਪ੍ਰੰਪਰਾਵਾਂ ਦੇ ਗਿਆਨ ਤੋਂ ਜਾਣੂ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਸਿੱਖ ਇਤਿਹਾਸ ਅਤੇ ਰਵਾਇਤਾਂ ਸਬੰਧੀ ਪਾਏ ਜਾ ਰਹੇ ਸ਼ੰਕਿਆਂ ਤੋਂ ਸੁਚੇਤ ਰਹੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੌਮ ਅੰਦਰ ਭੁਲੇਖੇ ਪੈਦਾ ਕਰਨ ਵਾਲਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਮ ਅੰਦਰ ਸ਼ਰਧਾ ਦਾ ਵੱਡਾ ਮਹੱਤਵ ਹੁੰਦਾ ਹੈ ਅਤੇ ਤਰਕ ਦੀ ਥਾਂ ਬਿਬੇਕ ਸਿੱਖ ਚਿੰਤਨ ਦਾ ਅਹਿਮ ਅੰਗ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਅੱਜ ਬਿਬੇਕ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਆਪਣੀਆਂ ਰਵਾਇਤਾਂ, ਪ੍ਰੰਪਰਾਵਾਂ ਅਤੇ ਵਿਰਾਸਤ ਦੀ ਅਗਵਾਈ ਵਿਚ ਕੌਮੀ ਇਕਜੁਟਤਾ ਲਈ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਸਟੇਜ ਦੀ ਸੇਵਾ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਭਾਵੁਕ ਪਲਾਂ ਨੂੰ ਸੰਗਤ ਨਾਲ ਸਾਂਝਾ ਕੀਤਾ।

- Advertisement -

Share this Article
Leave a comment