ਸ਼ਰਧਾਂਜਲੀ: ਗੁਰਬਾਣੀ ਵਿਆਕਰਣ ਤੇ ਟੀਕਾਕਾਰੀ ਦੇ ਤਤੁਗਿਆਨੀ – ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ

TeamGlobalPunjab
6 Min Read

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਅਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਹੋ ਚੁੱਕੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਕਰਣ ਅਤੇ ਟੀਕਾਕਾਰੀ ਦੇ ਖੋਜਾਰਥੀ ਉਨ੍ਹਾਂ ਦੀ ਅਗਵਾਈ ਕਬੂਲਦੇ ਰਹੇ ਅਤੇ ਉਨ੍ਹਾਂ ਦੀ ਇਸ ਵਿਸ਼ੇ ਸਬੰਧੀ ਵਿਸ਼ਾਲ ਗਿਆਨ-ਸੀਮਾ ਜਾਣ ਕੇ ਅਸਚਰਜ ਰਹਿੰਦੇ ਸਨ। ਆਪਜੀ ਨੇ ਲੰਮਾ ਸਮਾਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਵਿਖੇ ਗੁਰਬਾਣੀ ਸੰਥਿਆ ਕੇਂਦਰ ਦੇ ਨਿਗਰਾਨ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਵਿਆਖਿਆ ਅਤੇ ਟੀਕਾਕਾਰੀ ਸੰਸਥਾ ਵਿੱਚ ਆਨਰੇਰੀ ਵਿਜਿਟਿੰਗ ਪ੍ਰੋਫੈਸਰ ਵਜੋਂ ਸਿੱਖਿਆਰਥੀਆਂ ਦੀ ਉੱਤਮ ਰਹਿਨੁਮਾਈ ਕਰਦੇ ਰਹੇ।

ਆਪਜੀ ਦਾ ਜਨਮ ਪਿਤਾ ਸ੍ਰ.ਨਾਹਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁਖੋਂ 23 ਅਪਰੈਲ 1940 ਨੂੰ ਪਿੰਡ ਤਲਵੰਡੀ ਖੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਪਰਿਵਾਰਕ ਮਾਹੌਲ ਦੇ ਫਲਸਰੂਪ ਆਪਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਨਿੱਕੀ ਉਮਰੇ ਆਪਜੀ ਨੇ ਪਿੰਡ ਦੇ ਉਦਾਸੀ ਸਾਧੂ ਭਗਤ ਸਰੂਪ ਦਾਸ ਦੇ ਲੜ ਲੱਗ ਕੇ ਗੁਰਮੁੱਖੀ ਅੱਖਰ ਗਿਆਨ ਹਾਸਿਲ ਕੀਤਾ। ਉਨ੍ਹਾਂ ਪਾਸੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਗੁਰਬਾਣੀ ਦੇ ਪਾਠੀ ਬਣ ਗਏ। ਉਪਰੰਤ ਸੰਨ 1956 ਵਿੱਚ ਪਿੰਡ ਮਲਕ ਵਿਖੇ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਵਾਲੇ ਦੇ ਜਥੇ ਵਿੱਚ ਸ਼ਾਮਲ ਹੋ ਗਏ ਅਤੇ ਕਈ ਸਾਲ ਜਥੇ ਦੀਆਂ ਧਾਰਮਿਕ ਕਾਰਜਾਂ ਵਿੱਚ ਸਰਗਰਮ ਰਹੇ। ਇਥੇ ਉਨ੍ਹਾਂ ਨੇ ਗੁਰਬਾਣੀ ਦੇ ਟਕਸਾਲੀ ਉਚਾਰਨ ਅਤੇ ਵਿਸ਼ਰਾਮ ਲਾਉਣ ਦੀ ਜੁਗਤਿ ਅਨੁਸਾਰ ਗੁਰਬਾਣੀ ਦੀ ਸੰਥਿਆ ਲਈ। ਆਪਜੀ ਨੇ ਦਸਮ ਗ੍ਰੰਥ, ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ,ਕਬਿੱਤ ਸਵੱਈਏ ਅਤੇ ਜਨਮ ਸਾਖੀਆਂ ਆਦਿ ਗ੍ਰੰਥਾਂ ਦਾ ਅਧਿਐਨ ਕੀਤਾ।

ਵੇਦਾਂਤੀ ਜੀ ਇੱਕ ਸ਼ਰਧਾਵਾਨ ਅਤੇ ਨਿਸ਼ਚੇ ਵਾਲੇ ਖੋਜੀ ਵਜੋਂ ਸਮਰਪਣ ਭਾਵਨਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਭਾਸ਼ਾਵਾਂ ਅਤੇ ਬੋਲੀਆਂ ਦੇ ਅਮੀਰ ਖ਼ਜ਼ਾਨੇ ਦੀ ਨਿਰੰਤਰ ਖੋਜ ਵਿੱਚ ਜੁਟੇ ਰਹਿੰਦੇ। ਗੁਰਬਾਣੀ ਦੀਆਂ ਲਗਾਂ-ਮਾਤਰਾਂ ਅਨੁਸਾਰ ਬਾਣੀ ਦਾ ਸ਼ੁੱਧ ਉਚਾਰਣ ਕਰਨ ਅਤੇ ਗੁਰਬਾਣੀ ਵਿਆਕਰਣ ਮੁਤਾਬਕ ਢੁਕਵੀਂ ਅਰਥਾਵਲੀ ਲਈ ਇਨ੍ਹਾਂ ਨੇ ਆਪਣਾ ਜੀਵਨ ਗੁਰਮਤਿ ਦੇ ਲੇਖੇ ਲਾਇਆ ਹੋਇਆ ਸੀ। ਇੰਗਲੈਂਡ, ਪਾਕਿਸਤਾਨ, ਨੇਪਾਲ, ਅਮਰੀਕਾ ਕਨੇਡਾ ਅਤੇ ਦੇਸ਼ ਵਿਦੇਸ਼ ਵਿੱਚੋਂ ਹਾਸਲ ਹੋਈਆਂ ਸੈਂਕੜੇ ਹੱਥ ਲਿਖਤ ਬੀੜਾਂ ਦਾ ਬਹੁਤ ਡੂੰਘਾਈ, ਬਾਰੀਕੀ ਅਤੇ ਮਿਹਨਤ ਨਾਲ ਅਧਿਐਨ ਕੀਤਾ ਅਤੇ ਭਾਸ਼ਾਈ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਿੱਟੇ ਕੱਢੇ। ਚਾਰ ਸੌ ਤੋਂ ਵੱਧ ਬੀੜਾਂ ਦੀ ਡਿਜੀਟਲ ਵੀਡੀਓ ਤਿਆਰ ਕੀਤੀ ਅਤੇ ਹੱਥ ਲਿਖਤ ਸਰੂਪਾਂ ਦੀ ਆਧੁਨਿਕ ਤਕਨੀਕ ਨਾਲ ਸੰਭਾਲ ਕੀਤੀ। ਕੁਝ ਸਹਿਯੋਗੀਆਂ ਸਮੇਤ ਆਪਜੀ ਨੇ ਇੰਗਲੈਂਡ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਕੰਪਿਊਟਰ ਵਿਧੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਖੌਤੀ ਪੁਰਾਤਨ ਬੀੜ ਦੀ ਸਾਜ਼ਿਸ਼ ਦਾ ਪੜਦਾ ਫਾਸ਼ ਕੀਤਾ ਤੇ ਕਰਤਾਰਪੁਰੀ ਬੀੜ ਬਾਰੇ ਸੰਭਾਵਿਤ ਵਿਵਾਦ ਨੂੰ ਮੂਲੋਂ ਖਤਮ ਕਰ ਦਿੱਤਾ। ਪੁਰਾਤਨ ਗ੍ਰੰਥਾਂ ਦੀ ਛਪਾਈ ਸਮੇਂ ਹੋਈਆਂ ਉਕਾਈਆਂ ਦੀ ਸੁਧਾਈ ਦਾ ਕਾਰਜ ਭਾਈ ਜੋਗਿੰਦਰ ਸਿੰਘ ਤਲਵਾੜਾ ਦੇ ਸਹਿਯੋਗ ਨਾਲ ਕੀਤਾ। ਵੇਦਾਂਤੀ ਜੀ ਹੱਥ ਲਿਖਤ ਬੀੜਾਂ ਲਈ ਵਰਤੇ ਕਾਗਜ਼, ਅੱਖਰਾਂ ਦੀ ਬਨਾਵਟ, ਲਗਾਂ-ਮਾਤਰਾਂ ਲਾਉਣ ਦੀ ਵਿਧੀ ਅਤੇ ਵਰਤੀ ਸਿਆਹੀ ਆਦਿ ਦੀ ਘੋਖ ਉਪਰੰਤ ਸੰਨ-ਸੰਮਤ ਦਾ ਨਿਰਣਾ ਕਰਨ ਦੇ ਮਾਹਿਰ ਸਨ। ਆਪਜੀ ਨੇ ਪੂਰੀ ਲਗਨ,ਸਿਰੜ ਅਤੇ ਸਿਦਕ ਨਾਲ ਪੁਰਾਤਨ ਬੀੜਾਂ ਦੀ ਖੋਜ ਕਰਕੇ, ਗੁਰਬਾਣੀ ਵਿਆਕਰਨ ਨੂੰ ਸਮਝ ਕੇ ਮਹੱਤਵਪੂਰਨ ਸਿੱਟੇ ਕੱਢ ਕੇ ਲਾਮਿਸਾਲ ਕਾਰਜ ਕੀਤਾ।

ਆਪਜੀ ਨੇ ਵੇਦਾਂਤ ਦੇ ਗ੍ਰੰਥ ਸਾਰਕੁਤਾਵਲੀ,ਭਾਰਵਸਿਮਰਤ,ਵਿਚਾਰਮਾਲਾ,ਅਧਿਆਤਮ ਪ੍ਰਕਾਸ਼,ਵਿਚਾਰ ਸਾਗਰ,ਵੈਰਾਗ ਸੁੱਤਕ, ਪ੍ਰਬੋਧ ਚੰਦਰ ਨਾਟਕ ਆਦਿ ਗ੍ਰੰਥਾਂ ਦਾ ਅਧਿਐਨ ਵੀ ਕੀਤਾ। ਵੇਦਾਂਤ ਗ੍ਰੰਥਾਂ ਦੇ ਡੂੰਘੇ ਅਧਿਐਨ ਵਿੱਚ ਰੁਚੀ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਆਪਦੇ ਨਾਂਮ ਨਾਲ ਵੇਦਾਂਤੀ ਜੋੜ ਦਿੱਤਾ। ਸੰਤ ਭਿੰਡਰਾਂਵਾਲਿਆਂ ਦੇ ਜਥੇ ਵਿੱਚ ਹੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਆਪਜੀ ਦੇ ਗੁਰਭਾਈ ਸਨ। ਸੰਨ 1964 ਵਿੱਚ ਆਪਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਪਿਪਲੀ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਵਜੋਂ ਸੇਵਾ ਆਰੰਭ ਕੀਤੀ। ਸੰਨ 1967 ਵਿੱਚ ਆਪਜੀ ਨੇ ਬੀਬੀ ਅਮਰਜੀਤ ਕੌਰ ਨਾਲ ਅਨੰਦ ਕਾਰਜ ਕਰਕੇ ਗ੍ਰਹਿਸਥੀ ਜੀਵਨ ਧਾਰਨ ਕਰ ਲਿਆ। ਸੰਨ 1987 ਵਿੱਚ ਆਪਜੀ ਦੇ ਗ੍ਰਹਿ ਵਿਖੇ ਬੇਟੀ ਅਮਨਦੀਪ ਕੌਰ ਦਾ ਜਨਮ ਹੋਇਆ ਜੋ ਵਰਤਮਾਨ ਸਮੇਂ ਪਤੀ ਸ੍ਰ.ਜਰਨੈਲ ਸਿੰਘ ਨਾਲ ਡੈਨਮਾਰਕ ਦੇਸ਼ ਵਿੱਚ ਰਹਿੰਦੇ ਹਨ। ਸੰਨ 1979 ਵਿੱਚ ਆਪਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਅਰਦਾਸੀਆ ਸੇਵਾ ਸਾਂਭੀ ਅਤੇ ਪਦ-ਛੇਦ ਬੀੜ ਤਿਆਰ ਕਰਨ ਲਈ “ਪਦ-ਛੇਦ ਵਿਚਾਰ ਕਮੇਟੀ”ਵਿੱਚ ਆਪਜੀ ਨੇ ਵਿਸ਼ੇਸ਼ ਜ਼ਿੰਮੇਵਾਰੀ ਨਿਭਾਈ। ਆਪਜੀ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਮੁੰਬਈ, ਲੁਧਿਆਣਾ, ਦਮਦਮਾ ਸਾਹਿਬ ਆਦਿ ਪ੍ਰਮੁੱਖ ਸ਼ਹਿਰਾਂ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਅਰਥ-ਬੋਧ ਸਬੰਧੀ,”ਪਾਠ-ਬੋਧ ਸਮਾਗਮ” ਆਯੋਜਿਤ ਕੀਤੇ। 17-5-1979 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ 29 ਮਈ 2000 ਨੂੰ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ। ਇਹ ਸੇਵਾ 5 ਅਗਸਤ 2008 ਤਕ ਜਾਰੀ ਰਹੀ।ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਆਪਜੀ ਨੇ ਭਰੂਣ ਹੱਤਿਆਂ ਵਿਰੋਧੀ ਹੁਕਮਨਾਮਾ ਜਾਰੀ ਕੀਤਾ। ਕੁਝ ਡੇਰਿਆਂ ਨਾਲ ਸੰਪਰਕ ਖ਼ਤਮ ਕਰਨ ਅਤੇ ਨਾਨਕਸ਼ਾਹੀ ਕੈਲੰਡਰ 2003 ਆਦਿ ਮਸਲਿਆਂ ਸਬੰਧੀ ਅਹਿਮ ਫੈਸਲੇ ਲਏ। ਜੂਨ 1984 ਦਾ ਬਲਿਊ ਸਟਾਰ ਅਪ੍ਰੇਸ਼ਨ ਦਾ ਕਹਿਰ ਆਪਜੀ ਨੇ ਪਰਿਵਾਰ ਸਮੇਤ ਹੰਢਾਇਆ। ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਆਤਮ-ਗਿਆਨ ਨਿਰਦੇਸ਼ਕ,ਮਹਾਨ ਵਿਦਵਾਨ ਅਤੇ ਗਹਿਰੇ ਖੋਜੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਮਾਤਲੋਕ ਦੀ ਯਾਤਰਾ ਸੰਪੂਰਨ ਕਰਕੇ ਪੰਦਰਾਂ ਮਈ ਨੂੰ ਪਰਮ-ਜੋਤਿ ਵਿੱਚ ਅਭੇਦ ਹੋ ਗਏ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੂਰਵ ਪ੍ਰਧਾਨ ਮੰਤਰੀ ਡਾ.ਮਨਮੋਹਣ ਸਿੰਘ ਸਮੇਤ ਦੇਸ਼ ਵਿਦੇਸ਼ ਦੀਆਂ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਇਆ ਹੈ। ਆਪਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਸੰਗਰਾਣਾ ਸਾਹਿਬ (ਨਜ਼ਦੀਕ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਮਿਤੀ 24 ਮਈ 2021 ਨੂੰ ਦੁਪਹਿਰੇ 11.00 ਵਜੇ ਤੋਂ 1.30 ਤਕ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਰਜ਼ ਹੈ ਕਿ ਗੁਰਬਾਣੀ ਦੇ ਮਹਾਨ ਵਿਦਵਾਨ ਦੇ ਮਿਸ਼ਨ ਨੂੰ ਚਾਲੂ ਰੱਖਣ ਲਈ ਯੋਗ ਉਪਰਾਲਾ ਕਰਨ ਦੀ ਯੋਜਨਾ ਉਲੀਕ ਕੇ ਲਾਗੂ ਕੀਤੀ ਜਾਵੇ।

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ

Share This Article
Leave a Comment