ਪੀ.ਏ.ਯੂ. ਦੇ ਕਾਰੋਬਾਰੀ ਉਦਮੀਆਂ ਦਾ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ

TeamGlobalPunjab
5 Min Read

-ਤੇਜਿੰਦਰ ਸਿੰਘ ਰਿਆੜ

 

ਭੋਜਨ ਦੇ ਮਾਮਲੇ ਵਿੱਚ ਪੋਸ਼ਕ ਤੱਤ ਅਤੇ ਸੁਆਦ ਦੋਵਾਂ ਦਾ ਮਹੱਤਵ ਹੈ, ਪਰ ਜੇਕਰ ਦੋਵੇਂ ਇੱਕੋ ਭੋਜਨ ਪਦਾਰਥ ਵਿੱਚ ਮਿਲ ਜਾਣ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਲੱਗਦੀ ਹੈ। ਸ੍ਰੀਮਤੀ ਹਰਜੀਤ ਕੌਰ ਗੰਭੀਰ ਇੱਕ ਸੁਆਣੀ ਅਤੇ ਤਿੰਨ ਬੱਚਿਆਂ ਦੀ ਮਾਂ ਹਨ ਜਿਨ੍ਹਾਂ ਨੇ ਪੌਸ਼ਕਤਾ ਅਤੇ ਸੁਆਦ ਦੇ ਗੁਣਾਂ ਨੂੰ ਮਿਲਾ ਕੇ ਡਿਲੀਸ਼ੀਅਸ ਬਾਈਟਸ ਨਾਂ ਦਾ ਬ੍ਰੈਂਡ ਤਿਆਰ ਕੀਤਾ ਹੈ। ਉਹਨਾਂ ਨੂੰ ਬਚਪਨ ਤੋਂ ਹੀ ਕੁਕਿੰਗ ਦਾ ਸ਼ੌਂਕ ਸੀ। ਬਾਅਦ ਵਿੱਚ ਉਹਨਾਂ ਨੇ ਇਸ ਸ਼ੌਕ ਨੂੰ ਕਿੱਤਾ ਬਨਾਉਣ ਲਈ ਪੀ.ਏ.ਯੂ. ਦੇ ਬਹੁਤ ਸਾਰੇ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਬੇਕਿੰਗ, ਕੰਨਫੈਕਸ਼ਨਰੀ ਅਤੇ ਸਾਂਭ-ਸੰਭਾਲ ਸੰਬੰਧੀ ਸਿਖਲਾਈਆਂ ਵਿੱਚ ਸ਼ਿਰਕਤ ਕੀਤੀ ਅਤੇ ਪ੍ਰਾਪਤ ਮੁਹਾਰਤ ਨੂੰ ਘਰ ਵਿੱਚ ਪਰਖਿਆ। ਦੋਸਤਾਂ, ਰਿਸ਼ਤੇਦਾਰਾਂ ਤੋਂ ਚੰਗਾ ਹੁੰਗਾਰਾ ਮਿਲਣ ਤੇ 2016 ਵਿੱਚ ਉਹਨਾਂ ਨੇ ਬੇਕਰੀ ਕਿੱਤੇ ਵਿੱਚ ਪ੍ਰਵੇਸ਼ ਕੀਤਾ। ਅਪ੍ਰੈਲ 2019 ਵਿੱਚ ਉਹਨਾਂ ਨੇ ਪੀ.ਏ.ਯੂ. ਵਿਖੇ ਗ੍ਰਹਿ ਵਿਗਿਆਨ ਅਤੇ ਕਾਰੋਬਾਰੀ ਮੁਹਾਰਤ ਦਾ ਵਿਕਾਸ ਸੰਬੰਧੀ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਉਦੋਂ ਹੀ ਉਹਨਾਂ ਨੂੰ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ (ਪਾਬੀ) ਬਾਰੇ ਪਤਾ ਲੱਗਾ। ਇਸ ਨਾਲ ਉਹਨਾਂ ਦਾ ਕਾਰੋਬਾਰੀ ਬਣਨ ਦਾ ਸੁਪਨਾ ਹਕੀਕਤ ਵਿੱਚ ਵੱਟਦਾ ਨਜ਼ਰ ਆਇਆ।

ਘਰੇਲੂ ਸੁਆਣੀ ਹੋਣ ਕਾਰਨ ਉਹਨਾਂ ਕੋਲ ਇਸ ਤਰ੍ਹਾਂ ਦੇ ਕਾਰੋਬਾਰ ਦਾ ਨਾ ਕੋਈ ਤਜਰਬਾ ਸੀ ਅਤੇ ਨਾ ਹੀ ਇਸ ਨੂੰ ਚਲਾਉਣ ਲਈ ਕੋਈ ਮਾਇਕ ਵਸੀਲਾ। ਪਾਬੀ ਵਿੱਚ ਚੋਣ ਹੋਣ ਨਾਲ ਉਹਨਾਂ ਦੀਆਂ ਇਹ ਦਿੱਕਤਾਂ ਖਤਮ ਹੋਈਆਂ। ਦੋ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਨੂੰ ਉਹਨਾਂ ਨੇ ਪੂਰੇ ਮਨ ਨਾਲ ਸੰਪੂਰਨ ਕੀਤਾ ਜਿਸ ਨਾਲ ਉਹਨਾਂ ਨੂੰ ਕਾਰੋਬਾਰ ਸੰਬੰਧੀ ਵੱਖ-ਵੱਖ ਨੁਕਤੇ ਜਿਵੇਂ ਸੰਚਾਰ, ਆਰਥਿਕਤਾ, ਤਕਨੀਕੀ ਪੱਖ, ਮੰਡੀਕਰਨ ਅਤੇ ਮਾਹਿਰਾਂ ਨਾਲ ਸੰਪਰਕ ਆਦਿ ਸਮਝ ਵਿੱਚ ਆਏ। ਇਸ ਪ੍ਰੋਗਰਾਮ ਦੌਰਾਨ 2019 ਵਿੱਚ ਹੀ ਪੀ.ਏ.ਯੂ. ਦਾ ਕਿਸਾਨ ਮੇਲਾ, 2019 ਵਿੱਚ ਪੀ.ਏ.ਯੂ. ਦਾ ਭੋਜਨ ਅਤੇ ਸ਼ਿਲਪ ਮੇਲਾ, 2020 ਦਾ ਪੂਸਾ ਕ੍ਰਿਸ਼ੀ ਵਿਗਿਆਨ ਮੇਲਾ, ਚੰਡੀਗੜ ਯੂਨੀਵਰਸਿਟੀ ਦਾ ਯੁਵਕ ਮੇਲਾ, 2020 ਵਿੱਚ ਖੇਤੀ ਕਾਰੋਬਾਰੀ ਕਨਕਲੇਵ, ਜੈਵਿਕ ਭਾਰਤ ਆਦਿ ਮੇਲਿਆਂ ਵਿੱਚ ਉਹਨਾਂ ਦੇ ਉਤਪਾਦਾਂ ਦੀ ਚੰਗੀ ਵਿਕਰੀ ਹੋਈ। ਪਾਬੀ ਦੀ ਸਹਾਇਤਾ ਨਾਲ ਉਹਨਾਂ ਨੇ ਪਹਿਲੇ ਵਪਾਰਕ ਆਰਡਰ ਵਿੱਚ 500 ਯੂਨਿਟ ਤਿਆਰ ਕੀਤੇ।

- Advertisement -

ਏ ਬੀ ਆਈ ਸੀ ਹਰਿਆਣਾ ਵਿਖੇ ਕਾਰੋਬਾਰੀਆਂ ਦੇ ਮੇਲੇ ਦੌਰਾਨ ਇੱਕ ਟੀ ਵੀ ਚੈਨਲ ਉਹਨਾਂ ਦੀ ਇੰਟਰਵਿਊ ਲਈ ਅਤੇ ਦੈਨਿਕ ਭਾਸਕਰ ਨੇ ਉਹਨਾਂ ਬਾਰੇ ਲੰਮੀ ਖਬਰ ਪ੍ਰਕਾਸ਼ਿਤ ਕੀਤੀ । ਇਸ ਤੋਂ ਇਲਾਵਾ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਮਾਰਚ 2020 ਵਿੱਚ ਉਹ ਦੂਰਦਰਸ਼ਨ ਜਲੰਧਰ ਵਿਖੇ ਆਪਣੇ ਅਨੁਭਵ ਸਾਂਝੇ ਕਰਨ ਲਈ ਗਏ । ਮਹਿਮਾਨ ਬੁਲਾਰੇ ਵਜੋਂ ਆਲ ਇੰਡੀਅ ਰੇਡੀਓ ਅਤੇ ਡੀ ਡੀ ਪੰਜਾਬੀ ਉਪਰ ਵੀ ਦੋ ਵਾਰਤਾਵਾਂ ਬਣਨ ਦਾ ਹਿੱਸਾ ਉਹਨਾਂ ਨੂੰ ਮਿਲਿਆ । ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੈਜਮਮੈਂਟ ਐਂਡ ਤਕਨਾਲੋਜੀ ਲੁਧਿਆਣਾ ਨੇ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤਾ ਅਤੇ ਉਹਨਾਂ ਬਾਰੇ ਇੱਕ ਲੇਖ ਮਾਡਰਨ ਖੇਤੀ ਵਿੱਚ ਪ੍ਰਕਾਸ਼ਿਤ ਹੋਇਆ।

ਭਾਰਤ ਦੇ ਚਾਰ ਰਾਜਾਂ ਵਿੱਚ ਉਹਨਾਂ ਦੇ ਬਰੈਂਡ ਡਿਲੀਸ਼ੀਅਸ਼ ਬਾਈਟਸ ਦੇ ਸੈਂਕੜੇ ਖਪਤਕਾਰ ਹਨ ਭਾਵੇਂ ਉਹਨਾਂ ਨੇ ਆਪਣੀ ਬੇਟੀ ਲਈ ਬੇਕਿੰਗ ਤੋਂ ਕੰਮ ਸ਼ੁਰੂ ਕੀਤਾ ਸੀ । ਪਾਬੀ ਨੇ ਉਹਨਾਂ ਨੂੰ ਕਾਰੋਬਾਰ ਵਿੱਚ ਮੁਨਾਫ਼ਾ ਹਾਸਲ ਕਰਨ ਦੇ ਗੁਣ ਦੱਸੇ । ਉਹਨਾਂ ਨੇ ਜੋ ਕਾਰੋਬਾਰੀ ਇਕਾਈ ਸਥਾਪਿਤ ਕੀਤੀ ਉਸ ਵਿੱਚ ਅੱਠ ਔਰਤਾਂ ਨੂੰ ਰੁਜ਼ਗਾਰ ਦਿੱਤਾ । ਇਸ ਤੋਂ ਇਲਾਵਾ ਉਹਨਾਂ ਦੀਆਂ ਬੇਟੀਆਂ ਅਤੇ ਉਹਨਾਂ ਦੇ ਪਤੀ ਗੁਰਪ੍ਰੇਮ ਸਿੰਘ ਗੰਭੀਰ ਵੀ ਕਾਰੋਬਾਰੀ ਸਹਾਇਕ ਬਣੇ ਹੋਏ ਹਨ।

ਡਿਲੀਸ਼ੀਅਸ਼ ਬਾਈਟਸ ਦੇ ਮੁੱਖ ਉਤਪਾਦਾਂ ਵਿੱਚ ਚਾਕਲੇਟ, ਕੁਕੀਜ਼, ਆਟਾ ਪਿੰਨੀ, ਪੰਜੀਰੀ, ਅਲਸੀ ਪਿੰਨੀ, ਮੂੰਗ ਦਾਲ ਪਿੰਨੀ, ਬੇਸਣ ਬਾਈਟ, ਪੀਅਨਟ ਬਟਰ, ਜੈਮ, ਪ੍ਰੋਟੀਨ ਬਾਰ, ਪੌਸ਼ਕ ਸਮੱਗਰੀ ਤੋਂ ਬਣਿਆ ਗਰੈਨੋਲਾ ਅਤੇ ਕੇਕ, ਸਾਰੇ ਅਨਾਜ, ਡਰਾਈ ਫਰੂਟਸ, ਸਬਜ਼ੀਆਂ, ਜਵੀ ਅਤੇ ਮੱਖਣ ਪ੍ਰਮੁੱਖ ਹਨ । ਇਸ ਵਿੱਚ ਬਨਾਵਟੀ ਰੰਗਾਂ ਜਾਂ ਖਤਰਨਾਕ ਰਸਾਇਣਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ।

2019 ਤੋਂ 2020 ਦੇ ਛੇ ਮਹੀਨਿਆਂ ਵਿੱਚ ਪਾਬੀ ਦੇ ਉਡਾਨ ਪ੍ਰੋਗਰਾਮ ਦਾ ਹਿੱਸਾ ਬਣਨ ਤੋਂ ਬਾਅਦ ਡਿਲੀਸ਼ੀਅਸ਼ ਬਾਈਟਸ ਦੇ ਉਤਪਾਦਾਂ ਦੀ ਵਿਕਰੀ ਵਿੱਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ। ਕੋਵਿਡ ਸਮੱਸਿਆ ਕਾਰਨ ਲੋਕਾਂ ਨੇ ਉਹਨਾਂ ਦੇ ਪੌਸ਼ਟਿਕ ਉਤਪਾਦਾਂ ਨੂੰ ਪਹਿਲ ਦਿੱਤੀ । ਇਸ ਦੌਰਾਨ ਉਹਨਾਂ ਨੇ ਆਨਲਾਈਨ ਆਰਡਰ ਅਤੇ ਹੋਮ ਡਿਲੀਵਰੀ ਵਰਗੀ ਤਕਨੀਕ ਵੀ ਅਪਨਾਈ । ਹੁਣ ਉਹ ਕਿਸਾਨ ਕਲੱਬ ਦੇ ਲੇਡੀਜ਼ ਵਿੰਗ ਦੇ ਮੈਂਬਰ ਹਨ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਕਾਰੋਬਾਰੀ ਪ੍ਰਤੀ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਉਂਦੇ ਹਨ।

ਡਿਜ਼ੀਟਲ ਮੰਡੀਕਰਨ ਦੀ ਲੋੜ ਨੂੰ ਸਮਝਦਿਆਂ ਉਹ 2019 ਵਿੱਚ ਇੱਕ ਵਰਕਸ਼ਾਪ ਦਾ ਹਿੱਸਾ ਬਣੇ ਸਨ। ਕੋਵਿਡ ਦੌਰਾਨ ਪੈਦਾ ਹੋਏ ਹਾਲਾਤ ਵਿੱਚ ਉਸ ਵਰਕਸ਼ਾਪ ਦਾ ਅਨੁਭਵ ਉਹਨਾਂ ਦੇ ਕਾਫ਼ੀ ਕੰਮ ਆਇਆ। ਸ੍ਰੀਮਤੀ ਹਰਜੋਤ ਕੌਰ ਨੇ ਇਹ ਸਾਬਿਤ ਕੀਤਾ ਕਿ ਔਰਤਾਂ ਆਪਣੇ ਪਰਿਵਾਰ ਦੀ ਹੀ ਨਹੀਂ ਆਪਣੇ ਰਾਜ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾ ਸਕਦੀਆਂ ਹਨ। ਉਹਨਾਂ ਨੂੰ ਇਹ ਮੌਕਾ ਪੀ.ਏ.ਯੂ. ਦੇ ਅਧੀਨ ਚੱਲ ਰਹੇ ਪਾਬੀ ਪ੍ਰੋਗਰਾਮ ਨੇ ਦਿਵਾਇਆ।

- Advertisement -

ਸੰਪਰਕ: 98142-10269

Share this Article
Leave a comment