ਲੋਪ ਹੋ ਰਿਹਾ ਸੱਭਿਆਚਾਰ: ਤੀਆਂ-ਤ੍ਰਿੰਝਣ ਦੀਆਂ

TeamGlobalPunjab
14 Min Read

-ਗੁਰਪ੍ਰੀਤ ਕੌਰ ਸੈਣੀ, ਹਿਸਾਰ

 

ਸਾਉਣ ਮਹੀਨੇ ਘਾਹ ਹੋ ਗਿਆ।
ਰੱਜੀਆਂ ਮੱਝੀਂ ਗਾਈਂ
ਬੱਦਲ਼ਾ! ਪਿੰਡ ਵੜ ਵੇ।
ਲਾਮ-ਲਾਮ ਨਾ ਜਾਈਂ

ਸਾਉਣ ਦਾ ਮਹੀਨਾ, ਬੱਦਲਾਂ ਦੀ ਗੜਗੜਾਹਟ, ਬਿਜਲੀ ਦਾ ਚਮਕਣਾ, ਮੋਰਾਂ ਦਾ ਬੋਲਣਾ, ਪਪੀਹੇ ਦੀ ਪੀਹੂ-ਪੀਹੂ, ਹਰ ਪਾਸੇ ਹਰਿਆਲੀ, ਕਣੀਆਂ ਦੀ ਛਹਿਬਰ, ਸਿੱਲ੍ਹਾ-ਸਿੱਲ੍ਹਾ ਮੌਸਮ, ਦਿਲਾਂ ਦਾ ਉੱਡ-ਉੱਡ ਜਾਣਾ, ਮਾਹੀਏ ਦੀ ਤਾਂਘ, ਕੁੜੀਆਂ ਦਾ ਗਿੱਧਾ, ਚਿੜੀਆਂ ਦਾ ਅੰਬਰੀਂ ਉਡਾਰੀਆਂ ਲਾਉਣਾ, ਪਸ਼ੂਆਂ ਦਾ ਬਿਦਕਣਾ, ਕੁੜੀਆਂ ਦੇ ਤ੍ਰਿੰਝਣ, ਸਹੇਲੀਆਂ ਦਾ ਮਿਲਣਾ, ਮੀਂਹ ਦਾ ਬਰਸਣਾ, ਅੱਖਾਂ ਦਾ ਤਰਸਣਾ, ਰਿਮਝਿਮ ਕਣੀਆਂ, ਦਿਲ ਤੇ ਬਣੀਆਂ…..ਬੱਸ ਇਹੋ ਹੈ ਸਾਉਂਣ ਦਾ ਮਦਮਸਤ ਮਹੀਨਾ।
ਸਾਉਣ ਮਹੀਨੇ ਦੀ ਤੀਜ ਨੂੰ ਤੀਆਂ ਦਾ ਤਿਉਹਾਰ ਸ਼ੁਰੂ ਹੁੰਦਾ ਹੈ ਅਤੇ ਪੂਰੇ ਪੰਦਰਾਂ ਦਿਨ ਗਿੱਧਿਆਂ, ਹਾਸਿਆਂ-ਠੱਠਿਆਂ ਨਾਲ਼ ਰੌਣਕਾਂ ਭਰੇ ਦਿਨ ਲੰਘਦੇ ਹਨ। ਤੀਆਂ ਨੂੰ ਖੁਸ਼ੀਆਂ ਅਤੇ ਰੌਣਕਾਂ-ਭਰਿਆ ਤਿਉਹਾਰ ਗਿਣਿਆ ਜਾਂਦਾ ਹੈ। ਜਿਹੜੇ ਘਰਾਂ ਵਿੱਚ ਖੁਸ਼ੀਆਂ ਦੇ ਦਿਨ ਹੋਣ ਤਾਂ ਉੱਥੇ ਇਹੋ ਆਖਿਆ ਜਾਂਦਾ ਹੈ ਕਿ ‘ਤੀਆਂ ਵਰਗੇ ਦਿਨ ਲੰਘਦੇ ਹਨ’।

- Advertisement -

ਕੁੜੀਆਂ-ਚਿੜੀਆਂ ਨੂੰ ਤੀਆਂ ਦਾ ਬਹੁਤ ਹੀ ਚਾਅ ਹੁੰਦਾ ਹੈ। ਜੇ ਅੱਜ ਤੋਂ ਤੀਹ-ਚਾਲ਼ੀ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਤੀਆਂ ਸਮੇਤ ਸਾਰੇ ਹੀ ਤਿਉਹਾਰਾਂ ਨੂੰ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਸੀ। ਤੀਜ ਤੋਂ ਬਾਅਦ ਕਈ ਸਾਰੇ ਤਿਉਹਾਰ ਇਕੱਠੇ ਹੀ ਆਉਂਦੇ ਹਨ, ਕਿਉਂਕਿ ”ਆਈ ਤੀਜ, ਸੁੱਟ ਗਈ ਤਿਉਹਾਰਾਂ ਦੇ ਬੀਜ”। ਤੀਆਂ ਤੋਂ ਬਾਅਦ ਤਿਉਹਾਰਾਂ ਦੀਆਂ ਰੌਣਕਾਂ ਹੋਰ ਵੀ ਵੱਧ ਜਾਂਦੀਆਂ ਹਨ।

ਪਹਿਲੇ ਸਮਿਆਂ ਵਿੱਚ ਤਿਉਹਾਰਾਂ ਨੂੰ ਬੜੇ ਚਾਵਾਂ ਨਾਲ਼ ਤੇ ਸਾਦ-ਮੁਰਾਦੇ  ਢੰਗ ਨਾਲ਼ ਮਨਾਇਆ ਜਾਂਦਾ ਸੀ। ਉਦੋਂ ਖੇਤੀ ਦਾ ਮਸ਼ੀਨੀਕਰਨ ਨਹੀਂ ਸੀ ਹੋਇਆ ਅਤੇ ਲੋਕਾਂ ਕੋਲ ਤਿਉਹਾਰ ਮਨਾਉਂਣ ਦੀ ਵਿਹਲ ਵੀ ਹੁੰਦੀ ਸੀ, ਕਿਉਂਕਿ ਉਦੋਂ ਇੱਕ ਸਾਲ ਵਿੱਚ ਲੋਕਾਂ ਨੂੰ ਕਈ ਫ਼ਸਲਾਂ ਲੈਣ ਦਾ ਲਾਲਚ ਵੀ ਨਹੀਂ ਸੀ ਹੁੰਦਾ। ਤੀਆਂ ਤੋਂ ਪਹਿਲਾਂ ਵਿਆਹੀਆਂ ਹੋਈਆਂ ਕੁੜੀਆਂ ਕਈ-ਕਈ ਦਿਨ ਪਹਿਲਾਂ ਆਪਣੇ ਵੀਰ ਦੀ ਉਡੀਕ ਕਰਨ ਲੱਗ ਜਾਂਦੀਆਂ ਸਨ ਕਿ  ਸਾਉਂਣ ਮਹੀਨੇ ਵੀਰ ਲੈਣ ਆਵੇਗਾ ਤਾਂ ਪੇਕਿਆਂ ਦੇ ਘਰ ਕਈ ਦਿਨ ਰੱਜ ਕੇ ਮੌਜਾਂ ਮਾਣਾਂਗੀਆਂ। ਉਹ ਚਿੱਠੀਆਂ ਰਾਹੀਂ ਅੰਮੜੀ ਨੂੰ ਸੁਨੇਹੇ ਘੱਲਦੀਆਂ-

ਸਾਉਂਣ ਚੜ੍ਹਿਆ ਤੀਆਂ ਦੇ ਦਿਨ ਆਏ
ਭੇਜੀਂ ਮਾਏਂ ਚੰਨ ਵੀਰ ਨੂੰ£
ਉਹ ਵੀਰ ਨੂੰ ਵੀ ਨਿਹੋਰਾ ਮਾਰਦੀਆਂ –
ਭਾਵੇ ਦੇਵੀਂ ਨਾ ਸੇਰ ਕੁ ਸਿੰਧਾਰਾ
ਤੀਆਂ-ਗੁੱਗੇ ਸੱਦੀਂ ਵੀਰਨਾ

ਪੁਰਾਣੇ ਸਮਿਆਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਸਾਉਣ ਮਹੀਨੇ ਵਿੱਚ ਸੱਸ-ਨੂਹਾਂ ਦਾ ਇਕੱਠੇ ਰਹਿਣਾ ਅਸ਼ੁਭ ਮੰਨਿਆ ਜਾਂਦਾ ਸੀ ਤੇ ਸਾਉਣ ਮਹੀਨੇ ਵਿੱਚ ਇੱਕ-ਦੂਈ ਦੇ ਮੱਥੇ ਲੱਗਣਾ ਕਰੋਪੀ ਦਾ ਕਾਰਨ ਮੰਨਿਆ ਜਾਂਦਾ ਸੀ। ਇਹ ਕਾਰਨ ਕਰਕੇ ਪਹਿਲੇ ਸਮਿਆਂ ਵਿੱਚ ਵਿਆਹੀਆਂ-ਬਰੀਆਂ ਕੁੜੀਆਂ ਸਾਉਣ ਦਾ ਮਹੀਨਾ ਆਪਣੇ ਪੇਕਿਆਂ ਦੇ ਆ ਕੇ ਕੱਟਦੀਆਂ ਸਨ ਤੇ ਪੇਕਿਆਂ ਦੀਆਂ ਤੀਆਂ ਦੀਆਂ ਸਾਂਝੀ ਬਣਦੀਆਂ ਸਨ। ਸਹੁਰਿਆਂ ਦੀਆਂ ਕਮਾਈਆਂ ਕਰਦੇ ਉਹ ਥੱਕ ਜਾਂਦੀਆਂ ਤੇ ਸਾਉਣ ਵੀਰ ਦੀ ਉਡੀਕ ਕਰਦੀਆਂ। ਜਦੋਂ ਵੀਰ ਲੈਣ ਲਈ ਆ ਜਾਂਦਾ ਤਾਂ ਕੁੜੀਆਂ ਦੇ ਮੂੰਹੋਂ ਖੁਸ਼ੀ ਦੇ ਬੋਲ ਫੁੱਟ-ਫੁੱਟ ਪੈਂਦੇ- ਚਿੱਟੀ ਕਪਾਹ ਦੀਆਂ ਚਿੱਟੀਆਂ ਨੇ ਫੁੱਟੀਆਂ। ਚੜ੍ਹ ਗਿਆ ਸਾਉਣ ਮਿਲੀਆਂ ਸਹੁਰਿਆਂ ਤੋਂ ਛੁੱਟੀਆਂ ਅਤੇ ਜਿਹੜੀ ਅਭਾਗੀ ਮੁਟਿਆਰ ਸਾਉਣ ਮਹੀਨੇ ਪੇਕੀਂ ਨਾ ਜਾ ਸਕਦੀ, ਜਾਂ ਉਸ ਦਾ ਭਰਾ ਕਬੀਲਦਾਰੀਆਂ ‘ਚ ਫਸਿਆਂ ਉਸ ਨੂੰ ਨਾ ਲੈਣ ਪਹੁੰਚਦਾ ਤਾਂ ਉਸ ਨੂੰ ਸੱਸ ਦੇ ਅਤੇ ਚੰਦਰੀਆਂ ਗਵਾਂਢਣਾ ਦੇ ਮਿਹਣੇ ਵੀ ਸਹਿਣੇ ਪੈਂਦੇ। ਉਹ ਦੁਖੀ ਹੋ ਕੇ ਕਹਿੰਦੀ-

ਸੱਸ ਮਾਰਦੀ ਬੀਹੀ ਦੇ ਵਿੱਚ ਮਿਹਣੇ
ਤੀਆਂ ਨੂੰ ਨਾ ਆਇਆਂ ਵੀਰਨਾਂ।

- Advertisement -

ਉਹ ਨਾਲ਼ ਦੀਆਂ ਦੇ ਸੰਧਾਰੇ ਦੇਖ ਠੰਢਾ ਹਉਕਾ ਭਰ ਕੇ ਰਹਿ ਜਾਂਦੀ। ਵਿਆਹੀਆਂ ਕੁੜੀਆਂ ਨੂੰ ਸੰਧਾਰੇ ਵਿੱਚ ਚੂੜੀਆਂ, ਮਹਿੰਦੀ, ਸੰਧੂਰ, ਦੰਦਾਸਾ, ਸਾਬਣ, ਮੁਸ਼ਕ ਵਾਲ਼ਾ ਤੇਲ, ਪੀਂਘ ਰੱਸਾ ਤੇ ਰੰਗਲੀ ਫੱਟੀ, ਸੂਟ, ਫੁਲਕਾਰੀ, ਲੱਡੂ, ਮੱਠੀਆਂ, ਗੁਲਗੁਲੇ, ਘਰ ਦੇ ਬਣਵਾਏ ਦੇਸੀ ਘਿਓ ਦੇ ਬਿਸਕੁਟ ਅਤੇ ਹੋਰ ਨਿੱਕ-ਸੁੱਕ ਮਿਲਦਾ ਤੇ ਇਹ ਵਸਤਾਂ ਲੈ ਕੇ ਕੁੜੀਆਂ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ। ਮੁਟਿਆਰ ਬੱਸ ਇਸੇ ਚਾਅ ਨਾਲ਼ ਨਸ਼ਿਆਈ ਤੇ ਹਲੂਰੀ ਫ਼ਿਰਦੀ। ਉਸ ਦਾ ਦਿਲ ਮਾਹੀ ਨੂੰ ‘ਵਾਜਾਂ ਮਾਰਦਾ।
ਕਣੀਆਂ ਦੀ ਫੁਹਾਰ ਉਸ ਦੇ ਦਿਲ ਨੂੰ ਹਿਲੋਰੇ ਦੇਂਦੀ-

ਸਾਉਣ ਮਹੀਨਾ ਦਿਨ ਤੀਆਂ ਦੇ
ਸੱਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਸ਼ਾਮ-ਘਟਾ ਚੜ੍ਹ ਆਈਆਂ£\

ਸਾਉਂਣ ਦੇ ਮਦਮਸਤ ਮਹੀਨੇ ਵਿੱਚ ਝੂਲਿਆਂ ਅਤੇ ਪੀਂਘਾਂ ਦਾ ਆਪਣਾ ਹੀ ਸਵਾਦ ਹੁੰਦਾ ਹੈ। ਭਲ਼ੇ ਸਮਿਆਂ ਵਿੱਚ ਤੀਆਂ ਕਿਸੇ ਪਿੱਪਲ, ਬਰੋਟੇ ਜਾਂ ਨਿੰਮ ਦੇ ਦਰਖਤ ਹੇਠਾਂ ਲੱਗਦੀਆਂ। ਕਿਉਂਕਿ ਇਨ੍ਹਾਂ ਰੁੱਖਾਂ ਦੀ ਸੰਘਣੀ ਅਤੇ ਠੰਡੀ ਛਾਂ ਹੁੰਦੀ ਸੀ। ਇਹਨਾਂ ਹੀ ਦਰਖਤਾਂ ਦੀ ਠੰਡੀ ਛਾਵੇਂ ਬੈਠ ਕੇ ਕਦੇ ਕੁੜੀਆਂ ਆਪਣੇ ਦਾਜ ਦਾ ਸਮਾਨ ਤਿਆਰ ਕਰਦੀਆਂ, ਰੁਮਾਲ ਕੱਢਦੀਆਂ, ਚਾਦਰਾਂ ਤੇ ਮੋਰ-ਬੂਟੀਆਂ ਪਾਉਂਦੀਆਂ, ਫੁਲਕਾਰੀ ਵਿੱਚ ਯਾਦਾਂ ਦੇ ਫੁੱਲ ਸਹੇਜਦੀਆਂ, ਆਪਣੇ ਹੋਣ ਵਾਲੇ ਸਾਥੀ ਦੇ ਸੁਪਨੇ ਸਜਾਉਂਦੀਆਂ, ਹੱਸਦੀਆਂ-ਖੇਡਦੀਆਂ, ਮਖੌਲ-ਠੱਠੇ ਕਰਦੀਆਂ। ਫਿਰ ਸਾਉਂਣ ਦੇ ਮਹੀਨੇ ਇਹਨਾਂ ਹੀ ਪਿੱਪਲਾਂ-ਬੋਹੜ੍ਹਾਂ ਦੀ ਛਾਵੇਂ ਤੀਆਂ ਵਿੱਚ ਨੱਚ-ਨੱਚ ਭੜਥੂ ਪਾਉਂਦੀਆਂ। ਇਹਨਾਂ ਦਰਖਤਾਂ ਤੇ ਪੀਂਘਾਂ ਪੈਦੀਆਂ, ਬਿੱਦ-ਬਿੱਦ ਕੇ ਝੂਟੇ ਲੈਂਦੀਆਂ, ਉੱਚੀਆਂ ਹੀਂਘਾਂ ਚੜ੍ਹਾਉਂਦੀਆਂ। ਜਿਉਂ ਹੀ ਉੱਚੀ ਪੀਂਘ ਚੜ੍ਹਦੀ ਤਾਂ ਪੀਂਘ ‘ਤੇ ਬੈਠੀ ਕੁੜੀ ਨੂੰ ਆਖਦੀਆਂ-

ਜੀਤੋ ਕੁੜੀਏ ਲਿਆਈਂ ਤੋੜ ਕੇ
ਸੱਸ ਤੇਰੀ ਦਾ ਚੂੰਡਾ£
ਪੀਂਘ ਜਿੰਨੀ ਉੱਚੀ ਚੜ੍ਹਦੀ, ਓਨੀ ਹੀ ਭਾਗਾਂ ਵਾਲ਼ੀ ਮੰਨੀ ਜਾਂਦੀ।
ਪੀਂਘ ਦੋ-ਦੋ ਕੁੜੀਆਂ ਵੀ ਝੂਟਦੀਆਂ ਤੇ ਕੱਲੀ-ਕੱਲੀ ਵੀ। ਕੁੜੀਆਂ
ਇੱਕ ਗੋਲ ਘੇਰੇ ਵਿੱਚ ਇਕੱਠੀਆਂ ਹੋ ਜਾਂਦੀਆਂ, ਉੱਚੀਆ ਪੀਂਘਾਂ
ਚੜ੍ਹਦੀਆਂ, ਪੀਂਘ ਹੁਲਾਰੇ ਲੈਂਦੀ ਅਤੇ ਕੁੜੀਆਂ ਮਸਤ ਹੋ ਕੇ ਗਾਉਂਦੀਆਂ-

ਰਲ-ਮਿਲ ਸਈਆਂ ਹੋਈਆਂ ‘ਕੱਠੀਆਂ
ਜਿਉਂ ਕੂਜਾਂ ਦੀਆਂ ਡਾਰਾਂ।
ਪਿੱਪਲਾਂ ਹੇਠਾਂ ਲੱਗਿਆਂ ਮੇਲਾ
ਆਈਆਂ ਸਭ ਮੁਟਿਆਰਾਂ।
ਆਓ ਕੁੜੀਓ! ਝੂਟੇ ਲੈ ਲਓ
ਗਿਣ ਕੇ ਪੂਰੇ ਬਾਰਾਂ।
ਲੁੱਟ ਲਓ ਕੁੜੀਓ ਨੀ
ਸਾਉਂਣ ਦੀਆਂ ਬਹਾਰਾਂ।
ਬੱਸ ਜਿਉਂ ਹੀ ਮਸਤ ਹਵਾ ਰੁਮਕਦੀ, ਨੱਢੀਆਂ ਮੱਚ-ਮੱਚ ਕੇ ਨੱਚਦੀਆਂ
ਬਾਉਰੀਆਂ ਹੋ-ਹੋ ਜਾਂਦੀਆਂ। ਗਿੱਧੇ ਦਾ ਪਿੜ ਬੱਝ ਜਾਂਦਾ ਤੇ ਦੋ-ਦੋ
ਕੁੜੀਆਂ ਪਿੜ ਵਿੱਚ ਆ ਕੇ ਬੋਲੀ ਪਾਉਂਦੀਆਂ।

ਬੱਲੇ-ਬੱਲੇ
ਨੀ ਪੱਛੋਂ ਦੀਆਂ ਪੈਣ ਕਣੀਆਂ
ਮੇਰਾ ਭਿੱਜ ਗਿਆ ਬਰੀ ਦਾ ਲਹਿੰਗਾ।
ਇੱਕ ਤੋਂ ਇੱਕ ਚੜ੍ਹਦੀ ਬੋਲੀ ਪੈਂਦੀ, ਬੋਲੀਆਂ ਵਿੱਚ ਹੀ
ਗਿਲੇ-ਸ਼ਿਕਵੇ ਦੂਰ ਹੁੰਦੇ। ਜਿਹੜੀ ਕੁੜੀ ਸੋਹਣਾ ਨੱਚਣਾ ਜਾਣਦੀ, ਉਸ
ਦੀ ਬੋਲੀਆਂ ਵਿੱਚ ਹੀ ਪ੍ਰਸ਼ੰਸ਼ਾ ਹੁੰਦੀ-
ਰਾਈ-ਰਾਈ-ਰਾਈ
ਡਿੱਗ-ਡਿੱਗ ਪੈਦੇ ਪੰਛੀ
ਜਦੋਂ ਪਤਲੋ ਗਿੱਧੇ ਵਿੱਚ ਆਈ।
ਜਿਹੜੀਆਂ ਕੁੜੀਆਂ ਗਿੱਧੇ ਵਿੱਚ ਨੱਚਣੋਂ ਸੰਗਦੀਆਂ ਜਾਂ ਟਾਲ-
ਮਟੋਲ ਕਰਦੀਆਂ, ਉਹਨਾਂ ਨੂੰ ਬੋਲੀਆਂ ਵਿੱਚ ਹੀ ਆੜੇ-ਹੱਥੀਂ ਲਿਆ ਜਾਂਦਾ।
ਕੋਈ-ਕੋਈ ਨੱਚਦੀ ਹੋਈ ਆਡੇ-ਟੇਢੇ ਪੈਰ ਰੱਖਦੀ ਜਾਂ ਬਾਂਦਰ ਵਾਂਗੂ
ਟਪੂਸੀਆਂ ਮਾਰਦੀ ਤਾਂ ਉਸ ਦਾ ਖ਼ੂਬ ਮਖੌਲ ਉਡਾਉਂਦੀਆਂ-

ਬਾਰਾਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ।
ਨੀ ਤੇਰੇ ਨਾਲ਼ੋਂ ਬਾਂਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ£
ਅਜਿਹੀਆਂ ਗੱਲਾਂ ਦਾ ਕੋਈ ਗੁੱਸਾ-ਗਿਲਾ ਨਾ ਕਰਦੀ ਸਗੋਂ ਹੋਰ-
ਹੋਰ ਬਾਂਦਰੀ ਵਰਗਾ ਮੂੰਹ ਬਣਾ-ਬਣਾ ਨਕਲਾਂ ਕਰਦੀ। ਬੱਸ ਇਵੇਂ ਹੀ ਗਿੱਧਿਆਂ
ਵਿੱਚ ਖੌਰੂ ਪਿਆ ਰਹਿੰਦਾ। ਜਦੋਂ ਗਿੱਧੇ ਦੀ ਲੋਰ ਮੱਠੀ ਪੈਣ ਲੱਗਦੀ

ਤੇ ਤਾੜੀਆਂ ਦੀ ਆਵਾਜ਼ ਘੱਟ ਹੋ ਜਾਂਦੀ ਤਾਂ ਕੋਈ ਬੁੱਢੀ-ਠੇਰੀ
ਲਲਕਾਰਦੀ-

ਨਿੱਕੀ-ਨਿੱਕੀ ਕਣਕ ਦੁਆਬੇ ਦੀ
ਜਿਹੜੀ ਗਿੱਧਾ ਨਾ ਪਾਵੇ ਰੰਨ ਬਾਬੇ ਦੀ।
ਇਹ ਬੋਲੀ ਸੁਣਦਿਆਂ ਹੀ ਉਹ ਵੀ ਤੇਜ ਤਾੜੀ ਚੁੱਕ
ਦੇਂਦੀਆਂ,ਜਿਹੜੀਆਂ ਸੁਸਤੀ ਦੀਆਂ ਮਾਰੀਆਂ ਬਿਟਰ-ਬਿਟਰ ਦੂਜੀਆਂ ਦਾ
ਮੂੰਹ ਤੱਕਦੀਆਂ ਹੁੰਦੀਆਂ ਸਨ। ਹਰ ਕੋਈ ਆਪਣੇ ਦਿਲ ਦਾ ਦੁੱਖੜਾ
ਗਿੱਧਿਆਂ ਵਿੱਚ ਫਰੋਲ਼ਦੀ-

ਅੰਬ ਦੀ ਟਹਿਣੀ ਤੋਤਾ ਬੈਠਾ
ਅੰਬ ਪੱਕਣ ਨਾ ਦੇਵੇ।
ਸੋਹਣੀ ਭਾਬੋ ਨੂੰ
ਦਿਓਰ ਵੱਸਣ ਨਾ ਦੇਵੇ।
ਕਦੇ ਕਾਲ਼ੇ ਬੱਦਲ, ਕਦੇ ਮੋਰਾਂ ਦਾ ਕੂਕਣਾ ਤੇ ਕਦੇ ਕਣੀਆਂ ਦੀ ਬਾਛੜ
ਜਵਾਨ ਨੱਢੀਆਂ ਦੇ ਮਨ ਮਦਮਸਤ ਵਰ ਦਿੰਦੀ ਤੇ ਉਹ ਘੰਟਿਆਂ-ਬੱਧੀ
ਗਿੱਧਿਆਂ ਵਿੱਚ ਬੋਲੀਆਂ ਦੀ ਛਹਿਬਰ ਲਾਈ ਰੱਖਦੀਆ, ਮਸਤ-
ਬਾਉਰੀਆਂ ਹੋ-ਹੋ ਨੱਚਦੀਆਂ-

ਆਇਆ ਸਾਵਣ, ਮਨ ਪ੍ਰਚਾਵਣ
ਝੜੀ ਲੱਗ ਗਈ ਭਾਰੀ।
ਹੂਟੇ ਲੈਂਦੀ ਪ੍ਰੀਤੋ ਭਿੱਜ ਗਈ,
ਨਾਲ਼ੇ ਰਾਮ-ਪਿਆਰੀ।
ਕੁੜਤੀ ਹਰੋ ਦੀ ਭਿੱਜ ਗਈ ਵਰੀ ਦੀ,
ਕਿਸ਼ਨੀ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜ ਗਈ,
ਬਹੁਤੇ ਗੋਟੇ ਵਾਲ਼ੀ।
ਸ਼ਾਮੋ ਕੁੜੀ ਦੀਆਂ ਭਿੱਜੀਆਂ ਮੇਂਢੀਆਂ,
ਗਿਣਤੀ ‘ਚ ਪੂਰੀਆਂ ਚਾਲ਼ੀ।
ਸਾਉਂਣ ਦਿਆ ਬੱਦਲਾ ਵੇ!
ਭਿੱਜ ਗਈ ਹੀਰ ਸਿਆਲਾਂ ਵਾਲ਼ੀ

ਪਹਿਲੇ ਸਮਿਆਂ ਵਿੱਚ ਅਕਸਰ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਸਨ ਤਾਂ ਵਿਆਹ ਪਿੱਛੋਂ ਕਦੇ-ਕਦਾਈਂ ਹੀ ਕੁੜੀਆਂ ਦਾ ਮੇਲ਼ ਹੁੰਦਾ ਸੀ। ਸਿਰਫ਼ ਤੀਆਂ ਹੀ ਇੱਕ ਅਜਿਹਾ ਤਿਉਹਾਰ ਹੁੰਦਾ ਸੀ, ਜਿਸ ਵਿੱਚ ਵਰ੍ਹਿਆਂ ਤੋਂ ਵਿੱਛੜੀਆਂ ਦੇ ਮੇਲ ਹੁੰਦੇ ਸਨ। ਤੀਆਂ ਨੂੰ ਯਾਦਗਾਰੀ ਬਣਾਉਂਣ ਲਈ ਕੁੜੀਆਂ ਵੱਧ ਤੋਂ ਵੱਧ ਜ਼ੋਰ ਲਾ ਕੇ ਨੱਚਦੀਆਂ ਤੇ ਤਰ੍ਹਾਂ-ਤਰ੍ਹਾਂ ਦੀਆਂ ਨਕਚੋਜਾਂ ਕਰਦੀਆਂ, ਨੱਕ-ਬੁੱਲ੍ਹ ਕੱਢਦੀਆਂ, ਟਕੋਰਾਂ ਲਾਉਂਦੀਆਂ-

ਮੈਂ ਤਾਂ ਜੇਠ ਨੂੰ ਜੀ-ਜੀ ਆਖਾਂ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗ ਜਾਏ
ਸਣੇ ਪਜਾਮਾ-ਕੋਟ

ਚੋਬਰਾਂ ਨੂੰ ਲੁਕ-ਲੁਕ ਕੇ ਵੇਖਦਿਆਂ ਨੂੰ ਬੋਲੀਆਂ ਵਿੱਚ ਹੀ ਠਿੱਠ
ਕਰਦੀਆਂ ਤੇ ਭਜਾ ਦਿੰਦੀਆਂ। ਪਰ ਕੋਈ-ਕੋਈ ਬੇਸ਼ਰਮ-ਜਿਹਾ ਦੂਰੋਂ ਹੇਕ
ਲਾਉਂਦਾ-

ਗਿੱਧਾ-ਗਿੱਧਾ ਕਰੇਂ ਮੇਲਣੇ
ਗਿੱਧਾ ਪਊ ਬਥੇਰਾ
ਨਜ਼ਰ ਉਠਾ ਕੇ ਵੇਖ ਉਤਾਂਹ ਨੂੰ
ਭਰਿਆ ਪਿਆ ਬਨੇਰਾ
ਤੈਨੂੰ ਧੁੱਪ ਲੱਗਦੀ
ਸੜੇ ਕਾਲਜਾ ਮੇਰਾ।

ਫ਼ੇਰ ਤਾਂ ਜਿਉਂ ਕੁੜੀਆਂ ਉਹਦੇ ਪਿੱਛੇ ਪੈਂਦੀਆਂ.., ਬੋਲੀਆਂ ਵਿੱਚ ਹੀ ਮਾਂ-ਭੈਣ ਇੱਕ ਕਰ ਦਿੰਦੀਆਂ, ਤਾਂ ਉਹ ਵਿਚਾਰਾ ਭੱਜ ਕੇ ਮਸਾਂ ਈ ਖਹਿੜਾ ਛੁਡਾਉਂਦਾ। ਇਸ ਤਰ੍ਹਾਂ ਹੱਸਦੀਆਂ-ਖੇਡਦੀਆਂ। ਹਰ-ਰੋਜ਼ ਗਿੱਧਿਆਂ ਵਿੱਚ ਰੌਣਕਾਂ ਲਾ ਕੇ ਹਨ੍ਹੇਰਾ ਹੋਣ ਤੋਂ ਪਹਿਲਾਂ ਆਪੋ-ਆਪਣੇ ਘਰੀਂ ਚਲੀਆਂ ਜਾਂਦੀਆਂ। ਇਹ ਤੀਆਂ ਦਾ ਸਿਲਸਿਲਾ ਪੰਦਰਾਂ ਦਿਨ ਇਵੇਂ ਹੀ ਚੱਲਦਾ। ਅਗਲੇ ਦਿਨ ਫੇਰ ਸਜ-ਸੰਵਰ ਕੇ, ਇੱਕ ਤੋਂ ਇੱਕ ਚੜ੍ਹਦੇ ਲੀੜੇ ਪਾ ਕੇ, ਹਾਰ-ਹਮੇਲਾਂ, ਨੱਤੀਆਂ-ਪਿੱਪਲਪੱਤੀਆਂ ਲਿਸ਼ਕਾਉਂਦੀਆਂ, ਗੁਟਕਦੀਆਂ,
ਅੱਖਾਂ ਮਟਕਾਉਂਦੀਆਂ, ਹੱਸਦੀਆਂ-ਖੇਡਦੀਆਂ ਤੀਆਂ ਦੇ ਪਿੜ੍ਹ ਵਿਚ ਪਹੁੰਚ ਜਾਂਦੀਆਂ। ਗਰਮੀ ਤੇ ਹੁੰਮਸ ਤੋਂ ਦੁਖੀ ਹੋ ਕੇ ਪਿੱਪਲ-ਬਰੋਟਿਆਂ ਨੂੰ ਵਾਸਤੇ ਪਾਉਂਦੀਆਂ-

ਤੀਆਂ ਵਾਲ਼ਿਆ ਬਰੋਟਿਆ!
ਕੁੜੀਆਂ ਮੰਗਦੀਆਂ ਮੀਂਹ ਵੇ!!
ਕੋਈ ਖੁਸ਼ੀ ਵਿੱਚ ਝੂਮਦੀ ਹੋਈ ਆਖਦੀ-
ਨਿੱਕੀ-ਜਿਹੀ ਬੱਦਲੀ
ਬੱਦਲਾਂ ‘ਚੋਂ ਨਿੱਕਲੀ
ਕਿੱਥੇ ਜਾ ਕੇ ਬਰਸੇਂਗੀ
ਨੀ ਅੱਜ ਨੱਚ ਲੈ
ਸਵੇਰੇ ਤਰਸੇਂਗੀ।

ਕੋਈ-ਕੋਈ ਗੱਭਰੂ ਤੀਆਂ ਵਿੱਚੋਂ ਆਪਣੀ ਹੂਰ ਨੂੰ ਲੱਭਦਾ। ਇੱਕ ਝਲਕ ਦੇਖਣ ਨੂੰ ਤਰਸਦਾ ਹੋਇਆ ਆਖਦਾ-ਨੀ ਤੂੰ ਤੀਆਂ ਦੇ ਬਹਾਨੇ ਆ ਜਾ ਮਿੱਤਰਾਂ ਦੀ ਰੂਹ ਠਾਰਜਾ। ਇਹ ਰੌਣਕਾਂ ਪੂਰੇ ਪੰਦਰਾਂ ਦਿਨ ਲੱਗੀਆਂ ਰਹਿੰਦੀਆਂ। ਕੁੜੀਆਂ ਜੋ ਖੌਰੂ ਪਾਉਂਦੀਆਂ, ਤਮਾਸ਼ੇ ਹੁੰਦੇ, ਨਕਲਾਂ ਹੰਦੀਆਂ, ਕੁੜੀਆਂ ਨੱਚਦੀਆਂ, ਸਾਉਂਣ ਨੱਚਦਾ, ਧਰਤੀ-ਅੰਬਰ ਮੁਸਕਾਉਂਦਾ। ਆਖਰੀ ਦਿਨ ”ਬੱਲੋ” ਪੈਂਦੀ। ਸਭ ਕੁੜੀਆਂ ਗਲੇ ਲੱਗ-ਲੱਗ ਭਰੇ ਮਨਾਂ ਨਾਲ਼ ਵਿੱਛੜਦੀਆਂ। ਅੱਖੀਆਂ ਵਿੱਚ ਵਿੱਛੜਨ ਦੇ ਹੰਝੂ ਵੀ ਭਰੇ ਹੁੰਦੇ-

ਸਾਉਂਣ ਵੀਰ ‘ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।

ਕੁੜੀਆਂ-ਚਿੜੀਆਂ ਅਗਲੇ ਸਾਲ ਨੂੰ ਤੀਆਂ ‘ਤੇ ਮਿਲਣ ਦੇ ਵਾਅਦੇ ਕਰਦੀਆਂ, ਸਾਉਂਣ ਵੀਰ ਨੂੰ ਮੁੜ ‘ਕੱਠੀਆਂ ਕਰਨ ਦੇ ਤਰਲੇ ਕਰਦੀਆਂ ਹੋਈਆਂ ਇੱਕ-ਦੂਜੀ ਨੂੰ ਘੁੱਟ-ਘੁੱਟ ਜੱਫੀਆਂ, ਪਾਉਂਦੀਆਂ, ਸੇਜਲ ਅੱਖੀਆਂ ਨਾਲ ਮੁੜ ਮਿਲਣ ਦੀ ਆਸ ਲੈ ਕੇ ਆਪੋ-ਆਪਣੇ ਘਰੀਂ ਚਲੀਆਂ ਜਾਂਦੀਆਂ-

ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ।

ਇਹ ਗੱਲ ਤਾਂ ਸੀ ਦੋ-ਤਿੰਨ ਦਹਾਕੇ ਪਹਿਲਾਂ ਦੀ। ਇਸ ਪਿੱਛੋਂ ਹੌਲੀ-ਹੌਲ਼ੀ ਤੀਜ-ਤਿਉਹਾਰਾਂ ਦੀਆਂ ਰੌਣਕਾਂ ਘਟਦੀਆਂ ਗਈਆਂ। ਲੋਕੀਂ ਤਿਉਹਾਰਾਂ ਦੀ ਕਦਰ ਘੱਟ ਕਰਨ ਲੱਗੇ। ਕੁੜੀਆਂ ਪੜ੍ਹਨ-ਲਿਖਣ ਲੱਗੀਆਂ, ਪੜ੍ਹਦਿਆਂ-ਲਿਖਦਿਆਂ ਵਕਤ ਦੀ ਘਾਟ ਵੀ ਹੋਣ ਲੱਗੀ, ਨਾ ਤ੍ਰਿੰਝਣਾਂ ਦਾ ਹੀ ਸਮਾਂ ਰਿਹਾ ਤੇ ਨਾ ਤੀਆਂ ਦਾ। ਕੁਝ ਲੋਕੀਂ ਤਿਉਹਾਰਾਂ ਨੂੰ ਮਨਾਉਂਣਾ ਦਾਕਿਆਨੂਸੀ ਵੀ ਸਮਝਣ ਲੱਗੇ। ਬਾਹਰਲੇ ਮੁਲਕਾਂ ਨੂੰ ਭੱਜਣ ਦੀ ਹੋੜ ਲੱਗਣ ਲੱਗੀ। ਘਰਾਂ ਦੀਆਂ ਸੁਆਣੀਆਂ ਰਿਵਾਜਾਂ ਨੂੰ ਮਨਾਉਂਣਾ ਭੁੱਲਣ ਲੱਗੀਆਂ। ਕੋਈ ਵਿਰਲੀ ਹੀ ਆਪਣੇ ਰੀਤੀ-ਰਿਵਾਜਾਂ ਨੂੰ ਸਹੇਜ ਕੇ ਰੱਖਦੀ। ਸਮਾਂ ਲੰਘਦਾ ਗਿਆ ਤੇ ‘ਤੀਆਂ-ਤ੍ਰਿੰਝਣ’ ਸੁਪਨਾ ਹੋ ਕੇ ਰਹਿ ਗਏ। ਅੱਜ ਪੰਜਾਬ ਦੇ ਕਿਸੇ-ਕਿਸੇ ਪਿੰਡ ਵਿੱਚ ਹੀ ਤੀਆਂ ਲੱਗਦੀਆਂ ਹਨ। ਬਾਰਡਰ ਦੇ ਪਿੰਡਾਂ ਵਿੱਚ ਹੀ ਕੁਝ ਵਿਰਾਸਤ ਸੰਭਲ਼ੀ ਹੋਈ ਹੈ। ਪੇਂਡੂ ਸੱਭਿਆਚਾਰ ਦੀ ਤਸਵੀਰ ਰਹੀਆਂ ਤੀਆਂ ਹੁਣ ਸਟੇਜਾਂ ‘ਤੇ ਹੀ ਕਿਤੇ-ਕਿਤਾਈਂ ਵੇਖਣ ਨੂੰ ਮਿਲਦੀਆਂ ਹਨ। ਹੌਲ਼ੀ-ਹੌਲ਼ੀ ਕੁੜੀਆਂ ਗਿੱਧੇ ਪਾਉਂਣੇ ਭੁਲ ਗਈਆਂ ਤੇ ਗੱਭਰੂ ਭੰਗੜੇ। ਪੜ੍ਹਾਈਆਂ ਦੇ ਘੋਰ ਮੁਕਾਬਲਿਆਂ ਨੇ ਸਾਡੇ ਗੱਭਰੂ-ਮੁਟਿਆਰਾਂ ਦੇ ਬੁਲ੍ਹਾਂ ਤੋਂ ਹਾਸੇ ਖੋਹ ਲਏ ਹਨ। ‘ਸਕਰੀਨ ਦੀਆਂ ਜਲੇਬੀਆਂ’ ਨੇ ਸਭ ਨੂੰ ਸੁਆਦ-ਸੁਆਦ ਕਰ ਰੱਖਿਆ ਹੈ। ਕੀ ਕੁੜੀਆਂ, ਕੀ ਮੁੰਡੇ, ਕੀ ਮਾਪੇ, ਕੀ ਬੁਢੇ-ਠੇਰੇ ਅੱਜ ਦੇ ਜ਼ਿਆਦਾਤਰ ਮੁੰਡੇ-ਕੁੜੀਆਂ ਵਿਦੇਸ਼ੀ ਕਲਚਰ ਪਿੱਛੇ ਭੱਜਦੇ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਉਹਨਾਂ ਦੇ ਚਿਹਰਿਆਂ ਤੇ ਉਹ ਚਾਅ, ਉਹ ਬੇਫਿਕਰੀ, ਉਹ ਹਾਸੇ ਜਿਵੇਂ ਕਿਧਰੇ ਗਾਇਬ ਈ ਹੋ ਗਏ ਹਨ।

ਪਰ ਬੜੇ ਸਕੂਨ ਦੀ ਗੱਲ ਹੈ ਕਿ ਹੁਣ ਤੀਹ-ਚਾਲ਼ੀ ਵਰ੍ਹਿਆਂ ਦੀ ਵਿੱਥ ਮਗਰੋਂ ਕਿਤੇ-ਕਿਤੇ ਨਵੀਆਂ ਪੀੜ੍ਹੀਆਂ ਫਿਰ ਤੋਂ ਤੀਜ-ਤਿਉਹਾਰਾਂ ਦੀ ਕਦਰ ਕਰਨ ਲੱਗੀਆਂ ਹਨ। ਅੱਜ ਸਟੇਜਾਂ, ਮੰਚਾਂ, ਗਲੀਆਂ, ਮੁਹੱਲਿਆਂ, ਪਾਰਕਾਂ ਆਦਿ ਵਿੱਚ ਤਿਉਹਾਰਾਂ ਨੂੰ ਮਨਾਉਂਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਨਵੀਂ-ਨਕੋਰ ਪੀੜ੍ਹੀ ਦੇ ਕਿਸੇ ਖਾਨੇ ਵਿੱਚ ਇਹ ਗੱਲ ਪੈਣ ਲੱਗੀ ਹੈ ਕਿ ਜੇਕਰ ਸਾਡਾ ਵਿਰਸਾ, ਸਾਡੇ ਤਿਉਹਾਰ, ਸਾਡੇ ਰੀਤੀ-ਰਿਵਾਜ਼ ਤੇ ਸਾਡਾ ਸੱਭਿਆਚਾਰ ਮਰ ਗਿਆ ਤਾਂ ਸਾਡੀਆਂ ਆਉਂਣ ਵਾਲੀਆਂ ਨਸਲਾਂ ਆਪਣਾ ਵਜੂਦ ਖੋ ਦੇਣਗੀਆਂ। ਅੱਜ ਕੁਝ ਨੱਢੀਆਂ ਫਿਰ ਤੋਂ ‘ਕੱਠੀਆਂ ਹੋ ਕੇ ਤੀਜ-ਤਿਉਹਾਰਾਂ ਨੂੰ ਮਨਾਉਣ ਦੇ ਉਪਰਾਲੇ ਕਰਨ ਲੱਗੀਆਂ ਹਨ, ਬੱਚਿਆਂ-

ਬੁਢੀਆਂ ਤੇ ਸਮਾਜ ਦੀਆਂ ਹੋਰ ਔਰਤਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਕੇ ਤਿਉਹਾਰਾਂ ਦੇ ਮਹੱਤਵ ਦੱਸਦੇ ਹੋਏ ਨੱਚਣ-ਗਾਉਂਣ ਦੇ ਇਕੱਠ ਸਜਾਉਂਣ ਲੱਗੀਆਂ ਹਨ। ਅਜਿਹਾ ਕਰ ਕੇ ਉਹ ਇੱਕ ਤਰ੍ਹਾਂ ਨਾਲ਼ ਆਪਣੇ ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਬਚਾਉਂਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਅਜਿਹੀਆਂ ਔਰਤਾਂ ਵਾਕਈ ਸ਼ਾਬਾਸ਼ੀ ਦੀਆਂ ਹੱਕਦਾਰ ਹਨ-

ਨੱਚੋ-ਗਾਓ ਖੇਡੋ ਕੁੜੀਓ
ਰੌਣਕ ਲਾ ਦਿਓ ਭਾਰੀ।
ਗੁੱਤ ਪਰਾਂਦੇ ਨਾਲ਼ੇ ਰੇਸ਼ਮੀ
ਸਾਂਭੋ ਹੁਣ ਫੁਲਕਾਰੀ।
ਤੀਆਂ ਤੀਜ ਦੀਆਂ
ਨੱਚੋ ਵਾਰੋ-ਵਾਰੀ।

ਸੰਪਰਕ: 9996112433

Share this Article
Leave a comment