ਰਾਮ ਰਹੀਮ ਦੇ ਰਾਹ ‘ਤੇ ਤੁਰੇ ਬਾਹੂਬਲੀ ਬਣੇ ਨੀਲਧਾਰੀ ਬਾਬੇ ਨੂੰ ਸੱਦਿਆ ਜਾਵੇਗਾ ਅਕਾਲ ਤਖ਼ਤ ‘ਤੇ ?

Prabhjot Kaur
5 Min Read

ਅੰਮ੍ਰਿਤਸਰ : ਬੀਤੇ ਦਿਨੀਂ ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਦੀ ਬਾਹੂਬਲੀ ਬਣ ਕੇ ਤਖ਼ਤ ‘ਤੇ ਬੈਠੇ ਦਿਖਾਈ ਦਿੰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੇ ਬਾਬੇ ਦੀ ਜਾਨ ਨੂੰ ਵੱਡਾ ਪੰਗਾ ਛੇੜ ਦਿੱਤਾ ਹੈ। ਜਿੱਥੇ ਇਹ ਵੀਡੀਓ ਦੇਖ ਕੇ ਸ਼ੋਸ਼ਲ ਮੀਡੀਆ ‘ਤੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਬਾਬੇ ਨੂੰ ਭੱਦੀ ਸ਼ਬਦਾਵਲੀ ਵਿੱਚ ਨਿੰਦਿਆ ਹੈ, ਉੱਥੇ ਕੁਝ ਲੋਕ ਤਾਂ ਇਸ ਤੋਂ ਵੀ ਅੱਗੇ ਲੰਘ ਕੇ ਬਾਬੇ ਦੇ ਖ਼ਿਲਾਫ ਸ਼ਕਾਇਤ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਗਏ ਹਨ। ਪਤਾ ਲੱਗਾ ਹੈ ਕਿ ਅਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਕੱਤਰੇਤ ਨਹੀਂ ਪਹੁੰਚੇ ਤੇ ਉਨ੍ਹਾਂ ਦੇ ਪਹੁੰਚਦਿਆਂ ਹੀ ਇਸ ਮਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਨੀਲਧਾਰੀ ਬਾਬਾ ਸਤਨਾਮ  ਸਿੰਘ ਨੂੰ ਅਜਿਹਾ ਕੀਤੇ ਜਾਣ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇਗਾ।

ਇਸ ਸਬੰਧ ਵਿੱਚ ਗਿਆਨੀਂ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆਂ ਭਰ ‘ਚ ਵਸਦੀ ਸਿੱਖ ਸੰਗਤ ਦੇ ਮਨਾਂ ਅੰਦਰ ਬਾਬੇ ਦੀ ਇਹ ਵੀਡੀਓ ਦੇਖ ਕੇ ਬੜਾ ਰੋਸ ਹੈ, ਤੇ ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਸਕੱਤਰੇਤ ਵਿਖੇ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਜੇ ਸਕੱਤਰੇਤ ਪਹੁੰਚੇ ਨਹੀਂ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਜਥੇਦਾਰ ਅੱਗੇ ਰੱਖਿਆ ਜਾਵੇਗਾ। ਜਿਸ ਤੋਂ ਬਾਅਦ ਇਹ ਮਸਲਾ 5 ਸਿੰਘ ਸਹਿਬਾਨਾਂ ਦੀ ਮੀਟਿੰਗ ਅੰਦਰ ਵਿਚਾਰੇ ਜਾਣ ਦੀ ਪੂਰੀ ਉਮੀਦ ਹੈ। ਕਿਆਸ ਲਾਏ ਜਾ ਰਹੇ ਹਨ ਕਿ ਬਹੁਤ ਜਲਦ ਨੀਲਧਾਰੀ ਬਾਬੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣਾ ਹੋਵੇਗਾ ਕਿਉਂਕਿ ਬਾਬਾ ਸਤਨਾਮ ਸਿੰਘ ਆਪ ਖੁਦ ਅੰਮ੍ਰਿਤਧਾਰੀ ਸਿੰਘ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਸ ਵੀਡੀਓ ਵਿੱਚ ਨੀਲਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਨਾਮ ਸਿੰਘ ਨੀਲਧਾਰੀ ਕਈ ਸਿੱਖ ਨੌਜਵਾਨਾਂ ਦੇ ਮੋਢਿਆਂ ‘ਤੇ ਰੱਖੇ ਤਖ਼ਤ ‘ਤੇ ਬੈਠ ਕੇ ਬੈਂਡ ਵਾਜਿਆਂ ਦੀ ਧੁਨ ਦੌਰਾਨ ਮਹਾਰਾਜਿਆਂ ਵਾਲੀ ਫੀਲਿੰਗ ਲੈਂਦੇ ਦਿਖਾਈ ਦੇ ਰਹੇ ਸਨ। ਜਿਸ ਨੂੰ ਦੇਖ ਕੇ ਲੋਕਾਂ ਦੀ ਪਹਿਲੀ ਪ੍ਰਤੀਕਿਰਿਆ ਇਹ ਆਈ ਸੀ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਇੰਝ ਮਹਿਸੂਸ ਹੋਇਆ ਜਿਵੇਂ ਉਹ ਰਾਮ ਰਹੀਮ ਦੀ ਕੋਈ ਫਿਲਮ ਦੇਖ ਰਹੇ ਹੋਣ । ਇਸ ਵੀਡੀਓ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਇਸ ਸਭ ਕੁਝ ਚੱਲ ਰਿਹਾ ਸੀ ਉਸਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੀ ਇੱਕ ਇਮਾਰਤ ਸੀ ਜਿਸ ਅੰਦਰ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦੈ।

ਦੱਸ ਦਈਏ ਕਿ ਸਤਨਾਮ ਸਿੰਘ ਪਹਿਲਾਂ ਤਾਂ ਵੱਖਰਾ ਪੰਥ ਤੇ ਵੱਖਰੀ ਮਰਿਯਾਦਾ ਲਈ ਜਾਣੇ ਜਾਂਦੇ ਸੀ, ਪਰ ਹੁਣ ਇਹ ਸਿੱਖ ਧਰਮ ‘ਚ ਸ਼ਾਮਲ ਹੋ ਚੁੱਕੇ ਨੇ। ਲਿਹਾਜ਼ਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਰਚਾ ਛਿੜ ਗਈ ਸੀ ਕਿ, ਕੀ ਸਿੱਖ ਮਰਿਯਾਦਾ ਮੁਤਾਬਕ ਅਜਿਹੇ ਕਾਰਨਾਮੇ ਸ਼ੋਭਾ ਦਿੰਦੇ ਹਨ ? ਲਿਹਾਜਾ ਇਸ ਨੂੰ ਦੇਖ ਕੇ ਕੋਈ-ਨਾ-ਕੋਈ ਨਵਾਂ ਵਿਵਾਦ ਜਰੂਰ ਛਿੜਨ ਦਾ ਰੌਲਾ ਉਸ ਵੇਲੇ ਹੀ ਪੈ ਗਿਆ ਸੀ।

- Advertisement -

ਜੇਕਰ ਦੀ ਗੱਲ ਵੀਡੀਓ ਦੀ ਕਰੀਏ ਤਾਂ ਉਸ ‘ਚ ਸਪਸਟ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਬੈਂਡ ਵਾਲਿਆਂ ਦੀ ਧੁਨ ‘ਤੇ ਸਿੱਖ ਨੌਜਵਾਨਾਂ ਦੇ ਮੋਢਿਆਂ `ਤੇ ਸਵਾਰ ਹੋ ਕੇ ਫ਼ਿਲਮੀਂ ਸਟਾਈਲ `ਚ ਐਂਟਰੀ ਮਾਰਦੇ ਸਤਨਾਮ ਸਿੰਘ ‘ਚੋਂ ਰਾਮ ਰਹੀਮ ਦੀਆਂ ਕਰਤੂਤਾਂ ਵਾਲੀ ਝਲਕਾਰ ਸਪੱਸ਼ਟ ਮਾਰ ਰਹੀ ਹੈ। ਜਿਉਂ-ਜਿਉਂ ਵੀਡੀਓ ਅੱਗੇ ਤੁਰਦੀ ਹੈ ਤਿਉਂ-ਤਿਉਂ ਦਿਖਾਈ ਦਿੰਦਾ ਹੈ ਕਿ ਜਿਹੜੇ ਨੌਜਵਾਨ ਸਤਨਾਮ ਸਿੰਘ ਨੀਲਧਾਰੀ ਨੂੰ ਮੋਢਿਆਂ ‘ਤੇ ਰੱਖੇ ਤਖ਼ਤ ‘ਤੇ ਬੈਠਾ ਕੇ ਇੱਕੋ ਜਗ੍ਹਾ ਤੇ ਗੋਲ ਗੋਲ ਘੁੰਮ ਰਹੇ ਹਨ ਉਨ੍ਹਾਂ ਦੇ ਸਾਹਮਣੇ ਖੜ੍ਹੀਆਂ ਸੰਗਤਾਂ ਸਤਨਾਮ ਸਿੰਘ ਨੀਲਧਾਰੀ ਦਾ ਹੱਥ ਜੋੜ ਕੇ ਸਵਾਗਤ ਕਰ ਰਹੀਆਂ ਨੇ, ਤੇ ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸਦਾ ਜਬਰਦਸਤ ਵਿਰੋਧ ਸ਼ੁਰੂ ਹੋ ਗਿਐ। ਸਵਾਲ ਚੁੱਕੇ ਜਾ ਰਹੇ ਸਨ ਕਿ, ਕੀ ਇਹ ਪਖੰਡਵਾਦ ਨਹੀਂ? ਕੀ ਇਹ ਗੁਰੂ ਦੀ ਬਰਾਬਰੀ ਨਹੀਂ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ `ਤੇ ਕਾਰਵਾਈ ਕਰਨਗੇ?  ਜਾਂ ਫਿਰ ਸ਼ਿਕਾਇਤ ਆਉਣ `ਤੇ ਹੀ ਕਦਮ ਚੁੱਕਿਆ ਜਾਵੇਗਾ? ਨਹੀਂ ਤਾਂ ਮਾਮਲਾ ਠੰਢੇ ਬਸਤੇ `ਚ ਪਾ ਕੇ, ਸਿੱਖ ਕਦਰਾਂ ਕੀਮਤਾਂ ਤੇ ਮਰਿਯਾਦਾ ਨੂੰ ਛਿੱਕੇ `ਤੇ ਟੰਗ ਕੇ ਕੋਈ ਵੀ ਗੁਰੂ-ਡੰਮ ਬਣਦੇ ਰਹਿਣਗੇ। ਹੁਣ ਸ਼ਕਾਇਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਵੀ ਗਈਆਂ ਹਨ ਤੇ ਮਾਮਲਾ ਵੀ ਉੱਚ ਪੱਧਰੀ ਤੌਰ ‘ਤੇ ਚੱਕ ਲਿਆ ਗਿਆ ਹੈ । ਦੇਖੋ ਅੱਗੇ ਕੀ ਬਣਦੈ?

Share this Article
Leave a comment