ਮੁੱਢਲੀ ਸਹਾਇਤਾ ਹੈ ਵੱਡਾ ਪਰਉਪਕਾਰ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਮੁਸੀਬਤਜ਼ਦਾ ਸ਼ਖ਼ਸ ਦੀ ਮਦਦ ਕਰਨਾ ਇਕ ਵੱਡਾ ਪਰਉਪਕਾਰ ਹੈ ਤੇ ਹਰ ਜੀਵਤ ਇਨਸਾਨ ਨੂੰ ਇਹ ਨੇਕ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਵੱਖ ਵੱਖ ਦੁਰਘਟਨਾਵਾਂ ਵਾਪਰਨ ਸਮੇਂ ਜ਼ਖ਼ਮੀ ਜਾਂ ਪੀੜਤ ਵਿਅਕਤੀ ਨੂੰ ਮੌਕੇ ‘ਤੇ ਹੀ ਲੋੜੀਂਦੀ ਤੇ ਸੰਭਵ ਮਦਦ ਪ੍ਰਦਾਨ ਕਰਕੇ ਉਸਦੀ ਜਾਨ ਸਹਿਜ ਹੀ ਬਚਾਈ ਜਾ ਸਕਦੀ ਹੈ। ਕਿਸੇ ਹਾਦਸੇ ਦਾ ਸ਼ਿਕਾਰ ਬਣੇ ਵਿਅਕਤੀ ਦੇ ਦੋਸਤ-ਰਿਸ਼ਤੇਦਾਰ ਪੁੱਜਣ ਤੋਂ ਪਹਿਲਾਂ ਜਾਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਦਿੱਤੀ ਗਈ ਮਦਦ ਨੂੰ ਆਮ ਤੌਰ ‘ਤੇ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ ਤੇ ਇਹ ਸਹਾਇਤਾ ਕਿਸੇ ਵੀ ਜਾਣ-ਪਛਾਣ ਵਾਲੇ ਜਾਂ ਅਣਜਾਣ ਸ਼ਖ਼ਸ ਵੱਲੋਂ ਮੌਕੇ ਮੁਤਾਬਕ ਪ੍ਰਦਾਨ ਕੀਤੀ ਜਾ ਸਕਦੀ ਹੈ। ਪੀੜਤ ਵਿਅਕਤੀ ਨੂੰ ਲੋੜੀਂਦੀ ਮਦਦ ਪ੍ਰਦਾਨ ਕਰਨ ਸਬੰਧੀ ਹਰ ਦੇਸ਼ ਦੇ ਹਰੇਕ ਨਾਗਰਿਕ ਨੂੰ ਜਾਗਰੂਕ ਤੇ ਸਿੱਖਿਅਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ ਤੇ ‘ਵਿਸ਼ਵ ਮੁੱਢਲੀ ਸਹਾਇਤਾ ਦਿਵਸ’ ਮਨਾਉਣ ਦਾ ਮੁੱਖ ਮੰਤਵ ਇਹੋ ਹੀ ਹੈ।

‘ਵਿਸ਼ਵ ਮੁੱਢਲੀ ਸਹਾਇਤਾ ਦਿਵਸ’ ਹਰ ਸਾਲ ਸਤੰਬਰ ਦੇ ਦੂਜੇ ਸ਼ਨੀਵਾਰ ਮਨਾਇਆ ਜਾਂਦਾ ਹੈ ਤੇ ਇਹ ਦਿਵਸ ਸਭ ਤੋਂ ਪਹਿਲੀ ਵਾਰ ਸੰਨ 2000 ਵਿੱਚ ‘ਇੰਟਰਨੈਸ਼ਨਲ ਫ਼ੈਡਰੇਸ਼ਨ ਆਫ਼ ਰੈੱਡ ਕਰਾਸ’ ਅਤੇ ‘ਰੈੱਡ ਕ੍ਰਿਸੈਂਟ ਸੁਸਾਇਟੀ’ ਦੇ ਸਾਂਝੇ ੳੁੱਦਮ ਸਦਕਾ ਮਨਾਇਆ ਗਿਆ ਸੀ। ਇਨ੍ਹਾ ਦੋਵਾਂ ਮਨੁੱਖਤਾਵਾਦੀ ਜਥੇਬੰਦੀਆਂ ਦਾ ਇਹ ਮੰਨਣਾ ਹੈ ਕਿ ਮੁੱਢਲੀ ਸਹਾਇਤਾ ਇੱਕ ਬਹੁਤ ਹੀ ਨੇਕ ਕੰਮ ਹੈ ਤੇ ਮੁੱਢਲੀ ਮਦਦ ਹਰੇਕ ਲੋੜਵੰਦ ਤੱਕ ਹਰ ਹਾਲ ਵਿੱਚ ਪੁੱਜਣੀ ਚਾਹੀਦੀ ਹੈ। ਮੁੱਢਲੀ ਮਦਦ ਸਮੇਂ ਸਿਰ ਪ੍ਰਾਪਤ ਹੋਣ ਨਾਲ ਲੱਖਾਂ ਮਨੁੱਖੀ ਜਾਨਾਂ ਅਜਾਈਂ ਜਾਣ ਤੋਂ ਰੋਕੀਆਂ ਜਾ ਸਕਦੀਆਂ ਹਨ। ਦਰਅਸਲ ਪੀੜਤ ਸ਼ਖ਼ਸ ਨੂੰ ਮੁੱਢਲੀ ਮਦਦ ਪ੍ਰਦਾਨ ਕਰਨ ਦਾ ਵਿਚਾਰ ਰੈੱਡ ਕਰਾਸ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਸਵਿਟਰਜ਼ਰਲੈਂਡ ਦੇ ਨਾਮਵਰ ਵਪਾਰੀ ਹੈਨਰੀ ਡਿਊਨਾਂਟ ਦੇ ਜ਼ਹਿਨ ‘ਚ ਆਇਆ ਸੀ। ਹੈਨਰੀ ਨੇ 24 ਜੂਨ,ਸੰਨ 1959 ਨੂੰ ਸੋਲਫ਼ਿਰਨੋ ਦੀ ਜੰਗ ਵਿੱਚ ਜ਼ਖ਼ਮੀ ਹੋ ਕੇ ਤੜਫ਼ਦੇ ਹਜ਼ਾਰਾਂ ਸੈਨਿਕਾਂ ਦੇ ਨਾਲ ਨਾਲ 40 ਹਜ਼ਾਰ ਦੇ ਕਰੀਬ ਸੈਨਿਕਾਂ ਦੀਆਂ ਲਾਸ਼ਾਂ ਨੂੰ ਆਪਣੀ ਅੱਖੀਂ ਵੇਖਿਆ ਸੀ ਤੇ ਆਪਣੇ ਸਾਹਮਣੇ ਦਮ ਤੋੜਦੇ ਜ਼ਖ਼ਮੀਆਂ ਨੂੰ ਵੇਖ ਕੇ ਉਸਦਾ ਹਿਰਦਾ ਚੀਕ ਉਠਿਆ ਸੀ। ਘਰ ਆ ਕੇ ਉਸਨੇ ਵਿਚਾਰ ਕੀਤਾ ਕਿ ਜੇਕਰ ਜ਼ਖ਼ਮੀਆਂ ਨੂੰ ਸਮੇਂ ਸਿਰ ਮੁੱਢਲੀ ਮਦਦ ਮਿਲ ਜਾਂਦੀ ਤਾਂ ਹਜ਼ਾਰਾਂ ਜ਼ਖ਼ਮੀ ਸੈਨਿਕਾਂ ਨੂੰ ਮੌਤ ਦੇ ਮੂੰਹ ‘ਚੋਂ ਬਚਾਇਆ ਜਾ ਸਕਦਾ ਸੀ।

ਪੀੜਤ ਵਿਅਕਤੀ ਨੂੰ ਮੌਕੇ ਮੁਤਾਬਿਕ ਲੋੜੀਂਦੀ ਮੁੱਢਲੀ ਸਹਾਇਤਾ ਦਰਅਸਲ ਕਿਸੇ ਜਾਗਰੂਕ ਤੇ ਸਿੱਖਿਅਤ ਸ਼ਖ਼ਸ ਵੱਲੋਂ ਜੇ ਦਿੱਤੀ ਜਾਵੇ ਤਾਂ ਹੀ ਉਸਦਾ ਅਸਲ ਮਨੋਰਥ ਸਹੀ ਢੰਗ ਨਾਲ ਪੂਰਾ ਹੋ ਸਕਦਾ ਹੈ ਭਾਵ ਜ਼ਖ਼ਮੀ ਦੇ ਰਿਸਦੇ ਖ਼ੂਨ ਨੂੰ ਕਿਵੇਂ ਬੰਦ ਕਰਨਾ ਹੈ,ਨਕਲੀ ਸਾਹ ਕਿਵੇਂ ਦੇਣਾ ਹੈ,ਡੀਜ਼ਲ ਜਾਂ ਪੈਟਰੋਲ ਦੀ ਅੱਗ ਨਾਲ ਸੜ੍ਹ ਰਹੇ ਵਿਅਕਤੀ ਨੂੰ ਕਿਸ ਢੰਗ ਨਾਲ ਮਦਦ ਪ੍ਰਦਾਨ ਕਰਨੀ ਹੈ ਆਦਿ ਜਿਹੇ ਕਈ ਨੁਕਤੇ ਹਨ ਜਿਨ੍ਹਾ ਬਾਰੇ ਆਮ ਜਨਤਾ ਵਿੱਚ ਜਾਗਰੂਕਤਾ ਫ਼ੈਲਾਈ ਜਾਣ ਅਤਿਅੰਤ ਜ਼ਰੂਰੀ ਹੈ। ਵਿੱਦਿਅਕ ਅਦਾਰਿਆਂ ਅੰਦਰ ਸੈਮੀਨਾਰ ਅਤੇ ਲੇਖ,ਚਿੱਤਰਕਲਾ ਜਾਂ ਵਿਚਾਰ ਚਰਚਾ ਆਦਿ ਕਰਵਾ ਕੇ ਤੇ ਸਨਅਤੀ ਅਦਾਰਿਆਂ ਤੇ ਹੋਰ ਦਫ਼ਤਰਾਂ ਤੇ ਸੰਸਥਾਵਾਂ ਅੰਦਰ ਪ੍ਰਚਾਰ ਸਮੱਗਰੀ ਪ੍ਰਦਾਨ ਕਰਕੇ ਤੇ ਸੰਚਾਰ ਮਾਧਿਅਮਾਂ ਰਾਹੀਂ ਜਾਗਰੂਕਤਾ ਸਮੱਗਰੀ ਪ੍ਰਸਾਰਿਤ ਕਰਕੇ ਜਾਂ ਛਾਪ ਕੇ ਇਸ ਦਿਨ ਦੇ ਮੁੱਖ ਮਕਸਦ ਨੂੰ ਸਾਰਥਕ ਕੀਤਾ ਜਾ ਸਕਦਾ ਹੈ। ਸਾਲ 2020 ਵਿੱਚ ‘ਵਿਸ਼ਵ ਮੁੱਢਲੀ ਸਹਾਇਤਾ ਦਿਵਸ’ ਦਾ ਮੁੱਖ ਥੀਮ ‘ਮੁੱਢਲੀ ਸਹਾਇਤਾ ਬਚਾਵੇ ਜ਼ਿੰਦਗੀ’ ਸੀ ਜਦੋਂਕਿ ਸਾਲ 2021 ਲਈ ਇਸ ਦਿਵਸ ਦਾ ਥੀਮ‘ ਮੁੱਢਲੀ ਸਹਾਇਤਾ ਅਤੇ ਸੜ੍ਹਕ ਸੁਰੱਖਿਆ’ ਹੈ।

- Advertisement -

ਸੰਪਰਕ : 97816-46008

Share this Article
Leave a comment