ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ ਕਰਨ ਲਈ ਸਮੂਹ ਮੰਤਰੀਆਂ ਨੇ ਬਾਜਵਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਮੰਗੀ

TeamGlobalPunjab
7 Min Read

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਨਤਕ ਪੱਧਰ ‘ਤੇ ਬਗਾਵਤ ਦਾ ਝੰਡਾ ਚੁੱਕਣ ਲਈ ਸੂਬੇ ਦੇ ਸਾਰੇ ਮੰਤਰੀਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਮਸਲਾ ਮੰਗਲਵਾਰ ਨੂੰ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਗੈਰ-ਰਸਮੀ ਗੱਲਬਾਤ ਦੌਰਾਨ ਵਿਚਾਰਿਆ ਗਿਆ।

ਇਸ ਦੌਰਾਨ ਮੰਤਰੀਆਂ ਅਤੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨੇ ਬਾਜਵਾ ਖ਼ਿਲਾਫ਼ ਕਾਰਵਾਈ ਦੀ ਲੋੜ ਬਾਰੇ ਸਹਿਮਤੀ ਪ੍ਰਗਟਾਈ । ਉਨ੍ਹਾਂ ਕਿਹਾ ਕਿ ਪਾਰਟੀ ਮੰਚ ‘ਤੇ ਆਪਣੇ ਵਿਚਾਰ ਰੱਖਣ ਦੀ ਕਈ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਬਾਜਵਾ ਮੀਡੀਆ ਅਤੇ ਹੋਰ ਥਾਵਾਂ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਦੇ ਆ ਰਹੇ ਹਨ। ਸੰਸਦ ਮੈਂਬਰ ਵੱਲੋਂ ਸਰਕਾਰ ਦੀ ਅਗਵਾਈ ਵਿੱਚ ਬਦਲਾਅ ਦੀ ਮੰਗ ਨੂੰ ਘੋਰ ਅਨੁਸ਼ਾਸਨਹੀਣਤਾ ਕਰਾਰ ਦਿੰਦਿਆਂ ਮੰਤਰੀਆਂ ਨੇ ਪਾਰਟੀ ਲੀਡਰਸ਼ਿਪ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਮੁਖੀ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਮੰਤਰੀਆਂ ਨੇ ਬਾਜਵਾ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਇਆ ਕਿਉਂਕਿ ਉਹ ਆਪਣੀ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਦਾ ਝੰਡਾ ਉਠਾ ਰਹੇ ਹਨ ਖਾਸ ਤੌਰ ‘ਤੇ ਜਦੋਂ ਪੂਰੀ ਵਿਰੋਧੀ ਧਿਰ ਖਿੰਡੀ ਹੋਈ ਹੈ ਜੋ ਸੂਬੇ ਵਿੱਚ ਕਾਂਗਰਸ ਨਾਲ ਕੋਈ ਚੁਣੌਤੀ ਨਹੀਂ ਹੈ।

ਮੰਤਰੀਆਂ ਨੇ ਕਿਹਾ ਕਿ ਜੇ ਅਜਿਹੀ ਬਗਾਵਤ ਨੂੰ ਸ਼ੁਰੂ ਵਿੱਚ ਨਾ ਦਬਾਇਆ ਗਿਆ ਤਾਂ ਇਸ ਨਾਲ ਪੰਜਾਬ ਕਾਂਗਰਸ ਵਿੱਚ ਹੇਠਲੇ ਪੱਧਰ ਤੱਕ ਗਲਤ ਸੰਦੇਸ਼ ਜਾਵੇਗਾ ਅਤੇ ਸਥਿਤੀ ਨੂੰ ਕਮਜ਼ੋਰ ਕਰੇਗਾ। ਸੀਨੀਅਰ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀ ਸਿਧਾਂਤਾਂ ਵਾਲੀ ਪਾਰਟੀ ਹੈ ਅਤੇ ਹਰੇਕ ਮੈਂਬਰ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਜਨਤਕ ਤੌਰ ‘ਤੇ ਵਿਚਾਰਾਂ ਦੇ ਵਖਰੇਵੇਂ ਦਾ ਪ੍ਰਗਟਾਵਾ ਅਤੇ ਇਕ ਸੀਨੀਅਰ ਆਗੂ ਦੇ ਅਜਿਹੇ ਬਿਆਨ ਪਾਰਟੀ ਦੇ ਹਿੱਤਾਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬਾਜਵਾ ਵਿਰੁੱਧ ਕਾਰਵਾਈ ਜ਼ਰੂਰੀ ਹੈ ਕਿਉਂਕਿ ਅਜਿਹਾ ਵਿਵਹਾਰ ਪਾਰਟੀ ਨੂੰ ਕਮਜ਼ੋਰ ਕਰੇਗਾ। ਚਰਨਜੀਤ ਸਿੰਘ ਚੰਨੀ ਨੇ ਕਿਹਾ, ‘ਹਰ ਕਿਸੇ ਨੂੰ ਜੋ ਮਰਜ਼ੀ ਕਹਿ ਦੇਣ ਦੀ ਆਗਿਆ ਨਹੀਂ ਦੇ ਸਕਦੇ।’ ਇਸੇ ਦੌਰਾਨ ਬ੍ਰਹਮ ਮਹਿੰਦਰਾ ਨੇ ਇੱਛਾ ਪ੍ਰਗਟਾਈ ਕਿ ਮੁੱਖ ਮੰਤਰੀ ਨੂੰ ਇਹ ਮੁੱਦਾ ਦਿੱਲੀ ਵਿਖੇ ਪਾਰਟੀ ਹਾਈ ਕਮਾਂਡ ਕੋਲ ਉਠਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਮਤਭੇਦ ਪਾਰਟੀ ਪੱਧਰ ‘ਤੇ ਉਠਾਇਆ ਅਤੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਮਤਭੇਦ ਹਮੇਸ਼ਾ ਕਾਂਗਰਸ ਲਈ ਨੁਕਸਾਨਦਾਇਕ ਸਾਬਤ ਹੋਏ ਹਨ। ਉਨ੍ਹਾਂ ਕਿਹਾ, ‘ਅਸੀਂ ਆਪਸੀ ਏਕੇ ਸਦਕਾ ਹੀ ਪੰਜਾਬ ਵਿੱਚ ਐਨੀਆਂ ਸੀਟਾਂ ਜਿੱਤਣ ਵਿੱਚ ਸਫ਼ਲ ਹੋਏ ਹਾਂ ਅਤੇ ਇਸ ਇਕਜੁੱਟਤਾ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।’

ਓਮ ਪ੍ਰਕਾਸ਼ ਸੋਨੀ, ਸਾਧੂ ਸਿੰਘ ਧਰਮਸੋਤ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਤਾਪ ਬਾਜਵਾ ਦੀਆਂ ਕਾਰਵਾਈਆਂ ਪਾਰਟੀ ਦਾ ਨੁਕਸਾਨ ਕਰ ਰਹੀਆਂ ਹਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬਾਜਵਾ ਖ਼ਿਲਾਫ਼ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ।

ਮੰਤਰੀ ਮੰਡਲ ਦੇ ਹੋਰ ਮੈਂਬਰਾਂ ਅਰੁਨਾ ਚੌਧਰੀ, ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਪੀ੍ਰਤ ਸਿੰਘ ਕਾਂਗੜ, ਵਿਜੈ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਵੀ ਇਸ ਮਾਮਲੇ ਵਿੱਚ ਪਾਰਟੀ ਹਾਈ ਕਮਾਂਡ ਦੇ ਤੁਰੰਤ ਦਖ਼ਲ ਦੀ ਮੰਗ ਸਬੰਧੀ ਆਪਣੇ ਸਾਥੀਆਂ ਨਾਲ ਸਹਿਮਤੀ ਜਤਾਈ।

ਬਾਜਵਾ ਖ਼ਿਲਾਫ਼ ਕਾਰਵਾਈ ਦੀ ਮੰਗ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਦੇ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ (ਬਾਜਵਾ) ਨੇ ਐਲਾਨ ਕੀਤਾ ਕਿ ਜਦੋਂ ਤੱਕ ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਦੂਜੇ ਕਾਰਜਕਾਲ ਲਈ ਕੈਪਟਨ ਅਮਰਿੰਦਰ ਦੀ ਅਗਵਾਈ ਦਾ ਸਮਰਥਨ ਨਹੀਂ ਕਰਨਗੇ। ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸ਼ਜ਼ਾ ਦਿਵਾਉਣ ਲਈ ਵਚਨਬੱਧ ਹਨ ਪਰ ਉਹ ਬਦਲੇ ਦੀ ਭਾਵਨਾ ਵਾਲੀ ਸਿਆਸਤ ਨਹੀਂ ਕਰਨਗੇ। ਉਨ੍ਹਾਂ ਜ਼ੋਰ ਦਿੱਤਾ ਕਿ ਬਾਜਵਾ ਦਾ ਸਟੈਂਡ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੈ ਜਿਸ ਲਈ ਕਾਂਗਰਸ ਜਿਹੀ ਪਾਰਟੀ ਵਿੱਚ ਕੋਈ ਥਾਂ ਨਹੀਂ।

ਬਾਜਵਾ ਦੀ ਟਿੱਪਣੀ ਜਿਸ ਵਿੱਚ ਉਸਨੇ ਕਿਹਾ ਕਿ ਪੰਜਾਬ ਕਾਂਗਰਸ ਸਿਰਫ਼ ਕੈਪਟਨ ਅਮਰਿੰਦਰ ਸਿੰਘ ਸਿੰਘ ਦੀ ਅਗਵਾਈ ‘ਚੋਂ ਨਿਕਲ ਕੇ ਹੀ ਬਚ ਸਕਦੀ ਹੈ, ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਮੌਜੂਦਾ ਸਰਕਾਰ ਦੌਰਾਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਸੂਬੇ ਵਿਚ ਹੋਈਆਂ ਸਾਰੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ ਜਿਸ ਤੋ ਇਹ ਸ਼ਾਫ਼ ਹੁੰਦਾ ਹੈ ਕਿ ਲੋਕ ਮੌਜੂਦਾ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹਨ ਅਤੇ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।

ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰ ਨੇ ਵਿਰਾਸਤ ਵਿਚ ਮਿਲੀ ਮਾੜੀ ਆਰਥਿਕਤਾ ਦੇ ਬਾਵਜੂਦ, ਸਾਰੇ ਖੇਤਰਾਂ ਵਿਚ ਵੱਡੀ ਪੱਧਰ ‘ਤੇ ਮੁੜ ਵਿਕਾਸ ਕੀਤਾ ਹੈ ਅਤੇ ਇਹ ਨਿਰੰਤਰ ਗਤੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਾਜਵਾ ਸਪੱਸ਼ਟ ਤੌਰ ‘ਤੇ ਵਿਕਾਸ ਵਿਚ ਦਿਲਚਸਪੀ ਨਹੀਂ ਰੱਖਦੇ ਸਨ ਅਤੇ ਉਹ ਸਿਰਫ਼ ਮੁੱਖ ਮੰਤਰੀ ਦੀ ਲਗਾਤਾਰ ਨਿੰਦਿਆ ਨਾਲ ਆਪਣੇ ਸਵੈ-ਹਿੱਤਾਂ ਦੀ ਪੂਰਤੀ ਲਈ ਸਿਆਸੀ ਮੁੱਦਾ ਬਣਾਉਣਾ ਚਾਹੁੰਦੇ ਸਨ।

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਕੈਪਟਨ ਅਮਰਿੰਦਰ ਨੇ ਕਈਂ ਮੌਕਿਆਂ ‘ਤੇ ਖੁਦ ਹੀ ਨੌਜਵਾਨ ਪੀੜੀ ਨੂੰ ਕਮਾਂਡ ਸੌਂਪਣ ਦੀ ਲੋੜ ‘ਤੇ ਜ਼ੋਰ ਦਿੱਤਾ, ਆਗੂਆਂ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਅਜਿਹਾ ਕਦਮ ਚੁੱਕਣ ਦਾ ਸਹੀ ਸਮਾਂ ਨਹੀਂ ਸੀ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਦੀ ਸਖ਼ਤ ਜ਼ਰੂਰਤ ਹੈ ਅਤੇ ਉਹ ਸਪੱਸ਼ਟ ਤੌਰ ‘ਤੇ ਬਾਜਵਾ ਵਰਗਾ ਕੋਈ ਵਿਅਕਤੀ ਨਹੀਂ ਚਾਹੁੰਦੇ ਸਨ, ਜੋ ਆਪਣਾ ਸਾਰਾ ਸਮਾਂ ਨਾਕਾਰਤਮਕ ਅਤੇ ਵਿਨਾਸ਼ਕਾਰੀ ਰਾਜਨੀਤੀ ਵਿਚ ਬਤੀਤ ਕਰਦਾ ਹੋਵੇ।

ਰੁਜ਼ਗਾਰ ਬਾਰੇ ਬਾਜਵਾ ਦੇ ਮੰਦਭਾਗੇ ਬਿਆਨ ਬਾਰੇ ਦੱਸਦਿਆਂ ਮੰਤਰੀਆਂ ਨੇ ਸਾਰੇ ਨੌਜਵਾਨਾਂ ਲਈ ਨੌਕਰੀਆਂ ਅਤੇ ਪੰਜਾਬ ਦੇ ਹਰ ਨਾਗਰਿਕ ਨੂੰ ਤਰੱਕੀ ਦੇ ਮੌਕੇ ਦੇਣ ਦੇ ਯਤਨਾਂ ਵਿਚ ਮੁੱਖ ਮੰਤਰੀ ਦੇ ਹੱਥ ਮਜ਼ਬੂਤ ਕਰਨ ਦੀ ਬਜਾਏ ਘਟੀਆ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕਰਨ ਉੱਤੇ ਬਾਜਵਾ ਦੀ ਝਾੜ ਪਾਈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਪਾਰਟੀ ਦੇ ਹਰ ਮੈਂਬਰ ਨੂੰ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਮਜ਼ਬੂਤ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਅਜਿਹੇ ਮੌਕੇ ਬਾਜਵਾ ਪਾਰਟੀ ਅਤੇ ਸਰਕਾਰ ਨੂੰ ਹੇਠਾਂ ਖਿੱਚਣ ‘ਤੇ ਤੁਲਿਆ ਹੋਇਆ ਦਿਖਾਈ ਦਿੰਦਾ ਹੈ ਅਤੇ ਉਹਨਾਂ ਸੰਸਦ ਮੈਂਬਰ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ।

Share This Article
Leave a Comment