ਅੰਮ੍ਰਿਤਸਰ : ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ‘ਤੇ ਅਰਦਾਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨ ਦੇ ਬਰਾਬਰ ਕਰਨ ਦੇ ਦੋਸ਼ਾਂ ਤਹਿਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਅਵਤਾਰ ਸਿੰਘ ਹਿੱਤ ਨੂੰ ਭਾਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ੀ ਠਹਿਰਾਉਂਦਿਆਂ ਧਾਰਮਿਕ ਸਜ਼ਾ ਲਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਤੇਵਰ ਬਿਲਕੁਲ ਪਹਿਲਾਂ ਵਾਂਗ ਹੀ ਬਰਕਰਾਰ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਭੁੱਲ ਨਹੀਂ ਕਰਦਾ ਕਿਉਂਕਿ ਮੈਨੂੰ ਬਾਣੀ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਮੈ 15-20 ਬਾਣੀਆਂ ਦਾ ਜਾਣਕਾਰ ਹਾਂ ਤੇ ਜਿੰਨੀ ਬਾਣੀ ਮੈਂ ਪੜ੍ਹਦਾ ਹਾਂ ਉਨੀ ਕੋਈ ਵੀ ਸਿਆਸਤਦਾਨ ਨਹੀਂ ਪੜ੍ਹਦਾ। ‘ਹਿੱਤ’ ਅਨੁਸਾਰ ਮੈਂ ਸਿਰਫ ਇੰਨਾਂ ਕਿਹਾ ਸੀ ਕਿ ਨਤੀਸ਼ ਕੁਮਾਰ ਬਿਹਾਰੀਆਂ ਦਾ ਗਰੀਬ ਨਵਾਜ਼ ਹੈ ਜਿਸ ਨੂੰ ਕਿਸੇ ਨੇ ਵੀਡੀਓ ਵਿੱਚੋਂ ਕੱਟ ਕੇ ਉਸ ਦੀ ਜਗ੍ਹਾ ਕੁਝ ਹੋਰ ਬਿਆਨ ਪਾ ਦਿੱਤਾ ਹੈ।ਅਵਤਾਰ ਸਿੰਘ ਹਿੱਤ ਦੇ ਇਸ ਬਿਆਨ ਤੋਂ ਬਾਅਦ ਜਿਹੜੇ ਲੋਕ ਉਨ੍ਹਾਂ ਕੋਲੋ ਅਣਜਾਣੇ ‘ਚ ਭੁੱਲ ਹੋਈ ਸੋਚ ਕੇ ਉਨ੍ਹਾਂ ਨੂੰ ਸਮਾਜਿਕ ਮਾਫੀ ਮਿਲਣ ਦੇ ਹੱਕ ਵਿੱਚ ਸਨ ਉਨ੍ਹਾਂ ਦੇ ਭਰਵਿੱਟੇ ਮੱਥੇ ਵਿਚਕਾਰ ਇਕੱਠੇ ਹੋ ਕੇ ਥੱਲੇ ਨੂੰ ਝੁਕ ਗਏ ਹਨ ਤੇ ਗੁੱਸੇ ਨਾਲ ਉਨ੍ਹਾਂ ਦੇ ਮੁੰਹ ‘ਚੋਂ ਨਿੱਕਲਣਾ ਸ਼ੁਰੂ ਹੋ ਗਿਆ ਹੈ ਕਿ ਇਨ੍ਹਾਂ ਨੇ ਨਹੀਂ ਸੁਧਰਨਾਂ ਇਨ੍ਹਾਂ ਦੇ ਪਿੱਠ ‘ਤੇ ਤਾਂ ਬਾਦਲਾਂ ਦਾ ਹੱਥ ਹੈ ਤੇ ਸੀਨੇ ਵਿੱਚ ਪ੍ਰਧਾਨਗੀ ਵਾਲੀ ਆਕੜ।
ਇੱਥੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਚ ਧਾਰਮਿਕ ਤਨਖ਼ਾਹ ਲਗਾਈ ਹੈ। ਜਿਸ ਵਿੱਚ ਉਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ 7 ਦਿਨ ਜੋੜਿਆਂ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਅਤੇ 1-1 ਘੰਟਾ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ।
ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ 1-1 ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5100-5100 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ।